ਪੁਣੇ ਹਵਾਈ ਅੱਡੇ ਦੀ ਇਮਾਰਤ ਦੇ ਵਿਸਤਾਰ ਦਾ ਅੱਧੇ ਤੋਂ ਵੱਧ ਕੰਮ ਪੂਰਾ, ਅਗਲੇ ਸਾਲ ਤੱਕ ਹੋਵੇਗਾ ਤਿਆਰ
Thursday, Mar 17, 2022 - 04:37 PM (IST)

ਨਵੀਂ ਦਿੱਲੀ (ਯੂ. ਐੱਨ. ਆਈ.) – ਪੁਣੇ ਹਵਾਈ ਅੱਡੇ ’ਤੇ ਨਵੇਂ ਟਰਮੀਨਲ ਭਵਨ ਦੇ ਨਿਰਮਾਣ ਦਾ ਅੱਧਾ ਕੰਮ ਹੋ ਚੁੱਕਾ ਹੈ ਅਤੇ ਇਹ ਅਗਲੇ ਸਾਲ ਅਗਸਤ ਤੱਕ ਤਿਆਰ ਹੋ ਜਾਏਗਾ। ਇਹ ਜਾਣਕਾਰੀ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਵਲੋਂ ਜਾਰੀ ਇਕ ਪ੍ਰੈੱਸ ਨੋਟ ’ਚ ਦਿੱਤੀ ਗਈ। ਪ੍ਰੈੱਸ ਨੋਟ ਮੁਤਾਬਕ ਉੱਨਤ ਸਮਰੱਥਾ ਅਤੇ ਵਿਸ਼ਵ ਪੱਧਰੀ ਸਹੂਲਤਾਂ ਨਾਲ ਨਵਾਂ ਟਰਮੀਨਲ ਭਵਨ ਮੌਜੂਦਾ ਭਵਨ ਨਾਲ ਜੁੜਿਆ ਹੋਵੇਗਾ। ਇਸ ਨਾਲ ਉੱਥੇ ਭੀੜ ਘੱਟ ਹੋਵੇਗੀ। ਨਵਾਂ ਟਰਮੀਨਲ 5,00,000 ਵਰਗ ਫੁੱਟ ਖੇਤਰ ’ਚ ਫੈਲਿਆ ਹੋਵੇਗਾ।
ਬਿਆਨ ਮੁਤਾਬਕ ਇੰਡੀਅਨ ਏਅਰਪੋਰਟ ਅਥਾਰਿਟੀ (ਏ. ਏ. ਆਈ.) ਦੀ 475 ਕਰੋੜ ਰੁਪਏ ਦੀ ਇਸ ਵਿਸਤਾਰ ਯੋਜਨਾ ਦਾ 55 ਫੀਸਦੀ ਤੋਂ ਵੱਧ ਕੰਮ ਪੂਰਾ ਹੋ ਚੁੱਕਾ ਹੈ ਅਤੇ ਨਵੇਂ ਭਵਨ ਦਾ ਨਿਰਮਾਣ ਅਗਸਤ 2023 ਤੱਕ ਪੂਰਾ ਹੋਣ ਦੀ ਸੰਭਾਵਨਾ ਹੈ। ਪੁਣੇ ਦਾ ਹਵਾਈ ਅੱਡਾ ਭਵਨ ਹਾਲੇ 22,300 ਵਰਗਮੀਟਰ ਦਾ ਹੈ। ਇਸ ’ਚ ਸਾਲਾਨਾ 70 ਲੱਖ ਮੁਸਾਫਰਾਂ ਨੂੰ ਸੰਭਾਲਣ ਦੀ ਸਮਰੱਥਾ ਹੈ।