ਰਾਹਤ! ਸਰਕਾਰ ਖੁੱਲ੍ਹੇ ਬਾਜ਼ਾਰ 'ਚ 15 ਰੁਪਏ ਤੱਕ ਸਸਤੀ ਵੇਚ ਸਕਦੀ ਹੈ ਦਾਲ
Saturday, Nov 28, 2020 - 01:31 PM (IST)
ਨਵੀਂ ਦਿੱਲੀ— ਜਲਦ ਹੀ ਆਮ ਲੋਕਾਂ ਨੂੰ ਦਾਲਾਂ ਦੀ ਮਹਿੰਗਾਈ ਤੋਂ ਰਾਹਤ ਮਿਲ ਸਕਦੀ ਹੈ। ਦਾਲਾਂ ਦੀਆਂ ਕੀਮਤਾਂ 'ਚ ਕਮੀ ਲਿਆਉਣ ਲਈ ਸਰਕਾਰ ਖੁੱਲ੍ਹੇ ਬਾਜ਼ਾਰ 'ਚ ਡਿਸਕਾਊਂਟ (ਛੋਟ) ਦੇ ਸਕਦੀ ਹੈ। ਸੂਤਰਾਂ ਮੁਤਾਬਕ, ਕੀਮਤ ਨਿਗਰਾਨੀ ਕਮੇਟੀ ਨੇ ਪ੍ਰਤੀ ਕਿਲੋ 10 ਤੋਂ 15 ਰੁਪਏ ਛੋਟ ਦੇਣ ਦੀ ਸਿਫ਼ਾਰਸ਼ ਕੀਤੀ ਹੈ।
ਸੂਤਰਾਂ ਦਾ ਕਹਿਣਾ ਹੈ ਕਿ 'ਓਪਨ ਮਾਰਕੀਟ ਸੇਲ' ਸਕੀਮ ਤਹਿਤ ਦਾਲ 'ਤੇ ਇਹ ਛੋਟ ਮਿਲੇਗੀ। ਨਾਫੇਡ ਖੁੱਲ੍ਹੇ ਬਾਜ਼ਾਰ 'ਚ ਦਾਲਾਂ ਦੀ ਨਿਲਾਮੀ ਕਰਦਾ ਹੈ। ਦਾਲਾਂ 'ਤੇ 10 ਤੋਂ 15 ਰੁਪਏ ਪ੍ਰਤੀ ਕਿਲੋ ਦੀ ਛੋਟ ਮਿਲ ਸਕਦੀ ਹੈ। ਇਸ ਲਈ ਸਰਕਾਰ ਨੇ 20 ਲੱਖ ਟਨ ਦਾਲ ਦਾ ਬਫਰ ਸਟਾਕ ਬਣਾਇਆ ਹੈ।
ਇਹ ਵੀ ਪੜ੍ਹੋ- ਗੱਡੀ ਦੀ RC ਨੂੰ ਲੈ ਕੇ ਬਦਲਣ ਜਾ ਰਿਹਾ ਹੈ ਹੁਣ ਇਹ ਨਿਯਮ
ਗੌਰਤਲਬ ਹੈ ਕਿ ਤਿਉਹਾਰਾਂ ਦੌਰਾਨ, ਖ਼ਾਸ ਤੌਰ 'ਤੇ ਤੇਲ ਅਤੇ ਦਾਲਾਂ ਦੀਆਂ ਕੀਮਤਾਂ 'ਚ ਜ਼ੋਰਦਾਰ ਉਛਾਲ ਦੇਖਣ ਨੂੰ ਮਿਲਿਆ ਪਰ ਹੁਣ ਕੀਮਤਾਂ 'ਚ ਥੋੜ੍ਹੀ ਨਰਮੀ ਆ ਰਹੀ ਹੈ। ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਦਾ ਵੀ ਅਸਰ ਦਿਸ ਰਿਹਾ ਹੈ, ਨਾਲ ਹੀ ਹਾੜ੍ਹੀ ਦੀ ਚੰਗੀ ਬਿਜਾਈ ਦਾ ਵੀ ਅਸਰ ਪੈ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ MSP 'ਤੇ ਹੁਣ ਤੱਕ ਸਭ ਤੋਂ ਵੱਧ ਹੋਈ ਝੋਨੇ ਦੀ ਖ਼ਰੀਦ
ਉੱਥੇ ਹੀ, ਖਾਣ ਵਾਲੇ ਤੇਲ ਦੀਆਂ ਕੀਮਤਾਂ 'ਚ ਵੀ ਹੁਣ ਨਰਮੀ ਆਉਣ ਦੀ ਸੰਭਾਵਨਾ ਹੈ। ਸਰਕਾਰ ਨੇ ਕੱਚੇ ਪਾਮ ਤੇਲ (ਸੀ. ਪੀ. ਓ.) ਦੀ ਦਰਾਮਦ ਡਿਊਟੀ 'ਚ ਕਮੀ ਕਰ ਦਿੱਤੀ ਹੈ। ਸੀ. ਪੀ. ਓ. 'ਤੇ ਡਿਊਟੀ 37.5 ਫ਼ੀਸਦੀ ਤੋਂ ਘਟਾ ਕੇ 27.5 ਫ਼ੀਸਦੀ ਕੀਤੀ ਗਈ ਹੈ। ਕੁੱਲ ਖਪਤ 'ਚ ਪਾਮ ਤੇਲ ਦਾ 40 ਫ਼ੀਸਦੀ ਯੋਗਦਾਨ ਹੈ। ਇਸ 'ਤੇ ਡਿਊਟੀ 'ਚ ਕਮੀ ਨਾਲ ਕੀਮਤਾਂ 'ਚ ਕਮੀ ਦਾ ਅਸਰ ਦੂਜੇ ਖਾਣ ਵਾਲੇ ਤੇਲ ਦੀਆਂ ਕੀਮਤਾਂ 'ਤੇ ਵੀ ਪਵੇਗਾ।