''ਬ੍ਰਾਂਡ ਇੰਡੀਆ'' ਨੂੰ ਅੱਗੇ ਵਧਾਉਣਾ ਹੈ, ਸਰਕਾਰ ਹਰ ਸਮੇਂ ਉਦਯੋਗ ਨਾਲ ਖੜ੍ਹੀ ਹੈ : ਮੋਦੀ

Wednesday, Aug 11, 2021 - 06:41 PM (IST)

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਉਦਯੋਗ ਨੂੰ ਦੇਸ਼ ਵਿਚ ਨਿਰਮਾਣ ਵਿਚ ਤੇਜ਼ੀ ਲਿਆਉਣ ਅਤੇ 'ਬ੍ਰਾਂਡ ਇੰਡੀਆ' ਨੂੰ ਅੱਗੇ ਵਧਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਸਰਕਾਰ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹੀ ਹੈ। ਭਾਰਤੀ ਉਦਯੋਗ ਸੰਗਠਨ (ਸੀ. ਆਈ. ਆਈ.) ਦੀ ਸਾਲਾਨਾ ਬੈਠਕ ਨੂੰ ਆਨਲਾਈਨ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਅਰਥਵਿਵਸਥਾ ਫਿਰ ਤੋਂ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ ਅਤੇ ਵੱਖ-ਵੱਖ ਖੇਤਰਾਂ ਵਿਚ ਨਵੇਂ ਮੌਕੇ ਸਿਰਜਤ ਹੋ ਰਹੇ ਹਨ।

ਉਦਯੋਗ ਨੂੰ ਦੇਸ਼ ਵਿਚ ਨਿਰਮਾਣ ਵਿਚ ਤੇਜ਼ੀ ਲਿਆਉਣ ਦਾ ਸੱਦਾ ਦਿੰਦਿਆਂ ਉਨ੍ਹਾਂ ਕਿਹਾ, "ਸਾਨੂੰ ਤੁਹਾਡੀ (ਉਦਯੋਗ) ਸਾਂਝੇਦਾਰੀ ਨਾਲ ਬ੍ਰਾਂਡ ਇੰਡੀਆ ਨੂੰ ਅੱਗੇ ਲਿਜਾਣਾ ਹੈ, ਮੈਂ ਹਮੇਸ਼ਾਂ ਤੁਹਾਡੇ ਲਈ ਖੜ੍ਹਾ ਹਾਂ ਅਤੇ ਖੜ੍ਹਾ ਰਹਾਂਗਾ।" ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਕਾਰੋਬਾਰ ਕਰਨ ਵਿੱਚ ਅਸਾਨੀ ਲਈ ਸੁਧਾਰਾਂ ਨੂੰ ਤੇਜ਼ੀ ਨਾਲ ਅੱਗੇ ਵਧਾ ਰਹੀ ਹੈ ਅਤੇ ਅਸੀਂ ਮਹਾਮਾਰੀ ਦੌਰਾਨ ਵੀ ਇਸ ਦਿਸ਼ਾ ਵਿਚ ਕਈ ਮਹੱਤਵਪੂਰਨ ਕਦਮ ਚੁੱਕੇ ਹਨ। 

ਉਨ੍ਹਾਂ ਕਿਹਾ, "ਅਸੀਂ ਹਾਲ ਹੀ ਵਿਚ ਕੰਪਨੀਆਂ ਐਕਟ ਵਿਚ ਸੋਧ ਕੀਤੀ ਹੈ ਤਾਂ ਜੋ ਕਈ ਵਿਵਸਥਾਵਾਂ ਨੂੰ ਅਪਰਾਧਾਂ ਦੀ ਸ਼੍ਰੇਣੀ ਵਿੱਚੋਂ ਹਟਾ ਦਿੱਤਾ ਜਾ ਸਕੇ, ਲੇਬਰ ਸੁਧਾਰਾਂ 'ਤੇ ਵਿਚਾਰ ਕੀਤਾ ਜਾ ਰਿਹਾ ਹੈ।" ਉਨ੍ਹਾਂ ਕਿਹਾ ਕਿ ਅਸੀਂ ਸੰਸਦ ਦੇ ਮੌਜੂਦਾ ਸੈਸ਼ਨ ਵਿਚ ਅਤੀਤ ਦੀਆਂ ਗਲਤੀਆਂ ਨੂੰ ਸੁਧਾਰਦੇ ਹੋਏ ਪਹਿਲਾਂ ਦੀ ਤਾਰੀਖ਼ ਤੋਂ ਟੈਕਸ ਲਾਉਣ ਦੇ ਕਾਨੂੰਨ ਨੂੰ ਸਮਾਪਤ ਕਰ ਦਿੱਤਾ ਹੈ। ਇਸ ਨਾਲ ਉਦਯੋਗ ਵਿਚਕਾਰ ਵਿਸ਼ਾਵਸ ਵਧੇਗਾ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਵਿਚ ਹਰ ਖੇਤਰ ਵਿਚ ਵਿਸ਼ਵਾਸ ਵੱਧ ਰਿਹਾ ਹੈ। ਸਟਾਰਟਅਪਸ ਦੇਸ਼ ਦੀ ਪਛਾਣ ਬਣ ਰਹੇ ਹਨ ਅਤੇ ਅੱਜ ਦੇਸ਼ ਵਿਚ 60 'ਯੂਨੀਕੋਰਨ' ਹਨ। ਇਨ੍ਹਾਂ ਵਿਚੋਂ 21 ਪਿਛਲੇ ਕੁਝ ਮਹੀਨਿਆਂ ਦੌਰਾਨ ਹੀ ਇਸ ਪੱਧਰ 'ਤੇ ਪਹੁੰਚੇ ਹਨ। ਮੋਦੀ ਨੇ ਕਿਹਾ ਕਿ ਭਾਰਤ ਕੋਲ ਆਰਥਿਕ ਵਿਕਾਸ ਨੂੰ ਤੇਜ਼ ਕਰਨ ਦੇ ਬਹੁਤ ਵਧੀਆ ਮੌਕੇ ਹਨ ਅਤੇ ਉਦਯੋਗ ਨੂੰ ਇਸ ਦਾ ਲਾਭ ਲੈਣਾ ਚਾਹੀਦਾ ਹੈ।


Sanjeev

Content Editor

Related News