ਰਸੋਈ ਦਾ ਵਿਗੜੇਗਾ ਬਜਟ, ਸਰ੍ਹੋਂ ਦੇ ਤੇਲ ਲਈ ਚੁਕਾਉਣੀ ਪਵੇਗੀ ਵੱਡੀ ਕੀਮਤ
Saturday, Oct 10, 2020 - 11:32 PM (IST)
ਨਵੀਂ ਦਿੱਲੀ— ਰਸੋਈ ਦਾ ਬਜਟ ਹੋਰ ਢਿੱਲਾ ਕਰਨ ਲਈ ਤਿਆਰ ਹੋ ਜਾਓ ਕਿਉਂਕਿ ਤਿਉਹਾਰੀ ਮੌਸਮ 'ਚ ਮੰਗ ਵਧਣ ਨਾਲ ਸਰ੍ਹੋਂ ਦੇ ਤੇਲ ਦੀ ਕੀਮਤ 160 ਰੁਪਏ ਪ੍ਰਤੀ ਲਿਟਰ ਤੱਕ ਪਹੁੰਚ ਗਈ ਹੈ। ਇਸ ਤੋਂ ਇਲਾਵਾ ਪਹਿਲੀ ਅਕਤੂਬਰ, 2020 ਤੋਂ ਸਰ੍ਹੋਂ ਦੇ ਤੇਲ 'ਚ ਦੂਜੇ ਤੇਲ ਮਿਲਾਉਣ 'ਤੇ ਪਾਬੰਦੀ ਲੱਗਣ ਨਾਲ ਵੀ ਕੀਮਤਾਂ 'ਚ ਵਾਧਾ ਹੋਇਆ ਹੈ।
ਕੋਹਲੂ 'ਤੇ ਸ਼ੁੱਧ ਸਰ੍ਹੋਂ ਦਾ ਤੇਲ 150-160 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ, ਜਦੋਂ ਕਿ ਬ੍ਰਾਂਡਿਡ ਤੇਲ 125 ਤੋਂ 145 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ। ਪਿਛਲੇ ਸਾਲ ਸਰ੍ਹੋਂ ਦੇ ਤੇਲ ਦੀਆਂ ਕੀਮਤਾਂ 80 ਤੋਂ 100 ਰੁਪਏ ਪ੍ਰਤੀ ਲਿਟਰ ਵਿਚਕਾਰ ਸਨ, ਜੋ ਹੁਣ 120 ਰੁਪਏ ਪ੍ਰਤੀ ਲਿਟਰ ਦਾ ਅੰਕੜਾ ਪਾਰ ਕਰ ਗਈਆਂ ਹਨ।
ਇਸ ਵਾਰ ਸਰ੍ਹੋਂ ਦੇ ਤੇਲ 'ਚ ਇੰਨੇ ਜ਼ਿਆਦਾ ਵਾਧੇ ਦਾ ਇਕ ਵੱਡਾ ਕਾਰਨ ਇਹ ਹੈ ਕਿ ਇਸ ਵਾਰ ਸਰ੍ਹੋਂ ਦਾ ਉਤਪਾਦਨ ਕਾਫੀ ਘੱਟ ਹੋਇਆ ਹੈ। ਬਾਜ਼ਾਰ 'ਚ ਨਵੀਂ ਸਰ੍ਹੋਂ ਦੀ ਘੱਟ ਸਪਲਾਈ ਕਾਰਨ ਮੰਗ ਅਤੇ ਸਪਲਾਈ ਦਾ ਗ੍ਰਾਫ ਵਿਗੜ ਗਿਆ ਹੈ। ਇਸ ਕਾਰਨ ਵੀ ਕੀਮਤਾਂ 'ਚ ਤੇਜ਼ੀ ਦੇਖੀ ਜਾ ਰਹੀ ਹੈ।
ਕੋਈ ਹੋਰ ਤੇਲ ਮਿਲਾਉਣ 'ਤੇ ਕਿਉਂ ਲੱਗੀ ਪਾਬੰਦੀ-
ਸਰ੍ਹੋਂ ਦੇ ਤੇਲ 'ਚ ਲਗਭਗ 20 ਫੀਸਦੀ ਤੱਕ ਦੀ ਬਲੈਂਡਿੰਗ ਯਾਨੀ ਕੋਈ ਹੋਰ ਤੇਲ ਮਿਲਾਇਆ ਜਾਂਦਾ ਸੀ। ਇਹੀ ਕਾਰਨ ਹੈ ਕਿ ਬਾਜ਼ਾਰ ਦਾ ਤੇਲ ਹਮੇਸ਼ਾ ਹੀ ਕੋਹਲੂ ਤੋਂ ਆਪਣੀ ਸਰ੍ਹੋਂ ਲਿਜਾ ਕੇ ਕਢਵਾਏ ਤੇਲ ਤੋਂ ਵੱਖ ਹੁੰਦਾ ਹੈ। ਸਰਕਾਰ ਵਲੋਂ ਇਸ ਨੂੰ ਇਸ ਲਈ ਰੋਕਿਆ ਗਿਆ ਹੈ ਕਿਉਂਕਿ ਇਸ ਦੀ ਆੜ 'ਚ ਬਹੁਤ ਸਾਰੇ ਵਪਾਰੀ ਮਿਲਾਵਟ ਦਾ ਧੰਦਾ ਕਰ ਰਹੇ ਸਨ। ਇਸ ਦੇ ਨਾਲ ਹੀ ਸਰਕਾਰ ਦਾ ਇਹ ਵੀ ਤਰਕ ਹੈ ਕਿ ਬਲੈਂਡਿੰਗ ਨਾ ਹੋਣ ਨਾਲ ਸਰੋਂ ਦੀ ਖਪਤ ਵੀ ਵਧੇਗੀ, ਜਿਸ ਨਾਲ ਕਿਸਾਨਾਂ ਨੂੰ ਫਾਇਦਾ ਹੋਵੇਗਾ।