LIC ਦੇ IPO ਲਈ ਪ੍ਰਾਈਸ ਬੈਂਡ 902 ਤੋਂ 949 ਰੁਪਏ ਪ੍ਰਤੀ ਸ਼ੇਅਰ ਤੈਅ

04/27/2022 11:28:29 AM

ਨਵੀਂ ਦਿੱਲੀ–ਜਨਤਕ ਖੇਤਰ ਦੀ ਬੀਮਾ ਕੰਪਨੀ ਭਾਰਤੀ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਨੇ ਆਪਣੇ 21,000 ਕਰੋੜ ਰੁਪਏ ਦੇ ਆਈ. ਪੀ. ਓ. ਲਈ ਪ੍ਰਾਈਸ ਬੈਂਡ 902 ਤੋਂ 949 ਕਰੋੜ ਰੁਪਏ ਪ੍ਰਤੀ ਸ਼ੇਅਰ ਤੈਅ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ ਐੱਲ. ਆਈ. ਸੀ. ਆਪਣੇ ਪਾਲਿਸੀਧਾਰਕਾਂ ਨੂੰ 60 ਰੁਪਏ ਦੀ ਛੋਟ ਦੇਵੇਗੀ। ਉੱਥੇ ਹੀ ਪ੍ਰਚੂਨ ਨਿਵੇਸ਼ਕਾਂ ਅਤੇ ਕਰਮਚਾਰੀਆਂ ਨੂੰ 40 ਰੁਪਏ ਦੀ ਛੋਟ ਦਿੱਤੀ ਜਾਏਗੀ। ਕੰਪਨੀ ਦਾ ਆਈ. ਪੀ. ਓ. 4 ਮਈ ਨੂੰ ਖੁੱਲ੍ਹ ਕੇ 9 ਮਈ ਨੂੰ ਬੰਦ ਹੋਣ ਦੀ ਉਮੀਦ ਹੈ। ਬੋਲੀਆਂ 15 ਸ਼ੇਅਰਾਂ ਦੇ ਲਾਟ ’ਚ ਲਗਾਈਆਂ ਜਾ ਸਕਣਗੀਆਂ। ਐਂਕਰ ਨਿਵੇਸ਼ਕ 2 ਮਈ ਨੂੰ ਕੰਪਨੀ ਦੇ ਸ਼ੇਅਰਾਂ ਲਈ ਬੋਲੀਆਂ ਲਗਾ ਸਕਣਗੇ। ਇਸ ਇਸ਼ੂ ਰਾਹੀਂ ਸਰਕਾਰ ਕੰਪਨੀ ’ਚ ਆਪਣੀ 3.5 ਫੀਸਦੀ ਹਿੱਸੇਦਾਰੀ ਜਾਂ 22.13 ਕਰੋੜ ਸ਼ੇਅਰ ਵੇਚੇਗੀ।
ਸੂਤਰਾਂ ਨੇ ਦੱਸਿਆ ਕਿ ਐੱਲ. ਆਈ. ਸੀ. ਨੇ 2.21 ਕਰੋੜ ਸ਼ੇਅਰ ਜੇ ਇਸ਼ੂ ਆਕਾਰ ਦਾ 10 ਫੀਸਦੀ ਆਪਣੇ ਪਾਲਿਸੀਧਾਰਕਾਂ ਲਈ ਰਾਖਵਾਂ ਰੱਖਿਆ ਹੈ। ਉੱਥੇ ਹੀ ਕਰਮਚਾਰੀਆਂ ਲਈ 15 ਲੱਖ ਸ਼ੇਅਰ ਰੱਖੇ ਗਏ ਹਨ। ਪਾਲਿਸੀਧਾਰਕਾਂ ਅਤੇ ਸ਼ੇਅਰਧਾਰਕਾਂ ਲਈ ਰਾਖਵੇਂ ਸ਼ੇਅਰਾਂ ਤੋਂ ਬਾਅਦ ਬਾਕੀ ’ਚੋਂ 50 ਫੀਸਦੀ ਸ਼ੇਅਰ ਯੋਗ ਸੰਸਥਾਗਤ ਨਿਵੇਸ਼ਕਾਂ ਨੂੰ ਰਾਖਵੇਂ ਕੀਤੇ ਜਾਣਗੇ। ਸੂਤਰਾਂ ਨੇ ਦੱਸਿਆ ਕਿ ਕਿਊ. ਆਈ. ਬੀ. ਦਾ 0 ਫੀਸਦੀ ਹਿੱਸਾ ਐਂਕਰ ਨਿਵੇਸ਼ਕਾਂ ਲਈ ਰਾਖਵਾਂ ਰਹੇਗਾ। ਸਰਕਾਰ ਨੇ ਫਰਵਰੀ ’ਚ ਬੀਮਾ ਖੇਤਰ ਦੀ ਦਿੱਗਜ਼ ਕੰਪਨੀ ’ਚ ਆਪਣੀ 5 ਫੀਸਦੀ ਹਿੱਸੇਦਾਰੀ ਜਾਂ 31.6 ਕਰੋੜ ਸ਼ੇਅਰ ਵੇਚਣ ਦੀ ਯੋਜਨਾ ਬਣਾਈ ਸੀ। ਸਰਕਾਰ ਨੇ ਇਸ ਬਾਰੇ ਸੇਬੀ ਕੋਲ ਦਸਤਾਵੇਜ਼ ਵੀ ਜਮ੍ਹਾ ਕਰਵਾ ਦਿੱਤੇ ਸਨ। ਹਾਲਾਂਕਿ ਰੂਸ-ਯੂਕ੍ਰੇਨ ਜੰਗ ਕਾਰਨ ਬਾਜ਼ਾਰ ’ਚ ਆਏ ਉਤਰਾਅ-ਚੜ੍ਹਾਅ ਕਾਰਨ ਆਈ. ਪੀ. ਓ. ਦੀ ਯੋਜਨਾ ਵੀ ਪ੍ਰਭਾਵਿਤ ਹੋਈ। ਪਿਛਲੇ ਹਫਤੇ ਸਰਕਾਰ ਨੇ ਇਸ ਇਸ਼ੂ ਦੇ ਆਕਾਰ ਨੂੰ 5 ਫੀਸਦੀ ਤੋਂ ਘਟਾ ਕੇ 3.5 ਫੀਸਦੀ ਕਰਨ ਦਾ ਫੈਸਲਾ ਕੀਤਾ।
ਸੂਤਰਾਂ ਨੇ ਦੱਸਿਆ ਕਿ ਸਰਕਾਰ ਨੇ 5 ਫੀਸਦੀ ਹਿੱਸੇਦਾਰੀ ਵਿਕਰੀ ਦੇ ਨਿਯਮ ਤੋਂ ਛੋਟ ਲਈ ਵੀ ਸੇਬੀ ਕੋਲ ਦਸਤਾਵੇਜ਼ ਜਮ੍ਹਾ ਕੀਤੇ ਹਨ। ਮੌਜੂਦਾ ਨਿਯਮਾਂ ਮੁਤਾਬਕ ਇਕ ਲੱਖ ਕਰੋੜ ਰੁਪਏ ਤੋਂ ਵੱਧ ਦੇ ਮੁਲਾਂਕਣ ਵਾਲੀਆਂ ਕੰਪਨੀਆਂ ਨੂੰ ਆਈ. ਪੀ. ਓ. ’ਚ ਘੱਟ ਤੋਂ ਘੱਟ 5 ਫੀਸਦੀ ਹਿੱਸੇਦਾਰੀ ਵੇਚਣੀ ਹੁੰਦੀ ਹੈ। ਕੌਮਾਂਤਰੀ ਮੁਲਾਂਕਣਕਰਤਾ ਕੰਪਨੀ ਮਿਲੀਮੈਨ ਐਡਵਾਈਜ਼ਰਸ ਨੇ 30 ਸਤੰਬਰ 2021 ਨੂੰ ਐੱਲ. ਆਈ. ਸੀ. ਦਾ ਅੰਡਰਲਾਇੰਗ ਮੁੱਲ 5.4 ਲੱਖ ਕਰੋੜ ਰੁਪਏ ਕੱਢਿਆ ਸੀ। ਉੱਥੇ ਹੀ ਨਿਵੇਸ਼ਕਾਂ ਤੋਂ ਮਿਲੇ ਵੇਰਵੇ ਮੁਤਾਬਕ ਐੱਲ. ਆਈ. ਸੀ. ਦਾ ਬਾਜ਼ਾਰ ਮੁੱਲ ਉਸ ਦੇ ਅੰਡਰਲਾਇੰਗ ਮੁੱਲ ਦਾ 1.1 ਗੁਣਾ ਯਾਨੀ ਕਰੀਬ 6 ਲੱਖ ਕਰੋੜ ਰੁਪਏ ਬਣਦਾ ਹੈ। ਸਰਕਾਰ ਨੇ ਚਾਲੂ ਵਿੱਤੀ ਸਾਲ ’ਚ ਨਿਵੇਸ਼ ਤੋਂ 65,000 ਕਰੋੜ ਰੁਪਏ ਜੁਟਾਉਣ ਦਾ ਟੀਚਾ ਰੱਖਿਆ ਹੈ। ਇਸ ’ਚ ਐੱਲ. ਆਈ. ਸੀ. ਦੇ ਆਈ. ਪੀ. ਓ. ਦਾ ਵੱਡਾ ਯੋਗਦਾਨ ਹੋਵੇਗਾ।


Aarti dhillon

Content Editor

Related News