ਪੀ. ਪੀ. ਐੱਫ. ਦੀਆਂ ਵਿਆਜ ਦਰਾਂ 'ਚ ਜਲਦ ਹੋ ਸਕਦੀ ਹੈ ਕਟੌਤੀ

Monday, Jun 22, 2020 - 05:00 PM (IST)

ਪੀ. ਪੀ. ਐੱਫ. ਦੀਆਂ ਵਿਆਜ ਦਰਾਂ 'ਚ ਜਲਦ ਹੋ ਸਕਦੀ ਹੈ ਕਟੌਤੀ

ਨਵੀਂ ਦਿੱਲੀ— ਇਸ ਮਹੀਨੇ ਦੇ ਅੰਤ ਤੱਕ ਸਰਕਾਰ ਜੁਲਾਈ-ਸਤੰਬਰ ਤਿਮਾਹੀ ਲਈ ਪੀ. ਪੀ. ਐੱਫ. ਯਾਨੀ ਪਬਲਿਕ ਪ੍ਰੋਵੀਡੈਂਟ ਫੰਡ ਸਮੇਤ ਛੋਟੀਆਂ ਬਚਤ ਸਕੀਮਾਂ ਦੀਆਂ ਵਿਆਜ ਦਰਾਂ ਨਿਰਧਾਰਤ ਕਰੇਗੀ।

ਬੈਂਕਿੰਗ ਪ੍ਰਣਾਲੀ 'ਚ ਜਮ੍ਹਾ ਦਰਾਂ 'ਚ ਹੋ ਰਹੀ ਕਟੌਤੀ ਵਿਚਕਾਰ ਸੰਭਾਵਨਾ ਹੈ ਕਿ ਸਰਕਾਰ ਵੀ ਛੋਟੀਆਂ ਬਚਤ ਸਕੀਮਾਂ ਦੀਆਂ ਵਿਆਜ ਦਰਾਂ 'ਚ ਇਕ ਹੋਰ ਕਟੌਤੀ ਕਰ ਸਕਦੀ ਹੈ। ਪਿਛਲੀ ਵਾਰ ਸਰਕਾਰ ਨੇ ਅਪ੍ਰੈਲ-ਜੂਨ ਤਿਮਾਹੀ ਲਈ ਛੋਟੀਆਂ ਬਚਤ ਸਕੀਮਾਂ ਦੀਆਂ ਵਿਆਜ ਦਰਾਂ 'ਚ 1.40 ਫੀਸਦੀ ਤੱਕ ਦੀ ਕਮੀ ਕੀਤੀ ਸੀ। ਪੀ. ਪੀ. ਐੱਫ. 'ਤੇ ਵਿਆਜ ਦਰ 0.80 ਫੀਸਦੀ ਘਟਾ ਕੇ 7.1 ਫੀਸਦੀ ਕਰ ਦਿੱਤੀ ਗਈ ਸੀ।

ਪੀ. ਪੀ. ਐੱਫ. ਸਕੀਮ 1968 'ਚ ਸ਼ੁਰੂ ਕੀਤੀ ਗਈ ਸੀ ਅਤੇ ਉਸ ਸਮੇਂ ਇਸ ਲਈ 4.8 ਫੀਸਦੀ ਦੀ ਸਾਲਾਨਾ ਵਿਆਜ ਦਰ ਸੀ। ਇਸ ਤੋਂ ਬਾਅਦ ਵਿਆਜ ਦਰਾਂ ਹੌਲੀ-ਹੌਲੀ ਵਧੀਆਂ ਤੇ ਵਿੱਤੀ ਪ੍ਰਣਾਲੀ 'ਚ ਵਿਆਜ ਦਰਾਂ ਦੇ ਆਧਾਰ 'ਤੇ 1986-2000 'ਚ 12 ਫੀਸਦੀ 'ਤੇ ਪਹੁੰਚ ਗਈ। ਪੀ.

ਪੀ. ਐੱਫ. ਲਈ ਅਪ੍ਰੈਲ 2016 ਤੋਂ ਸਰਕਾਰ ਤਿਮਾਹੀ ਆਧਾਰ 'ਤੇ ਵਿਆਜ ਦਰਾਂ 'ਚ ਸੋਧ ਕਰ ਰਹੀ ਹੈ। ਇਸਤੋਂ ਪਹਿਲਾਂ, ਪੀ. ਪੀ. ਐੱਫ. ਦੀਆਂ ਵਿਆਜ ਦਰਾਂ 'ਚ ਸਾਲ 'ਚ ਇਕ ਵਾਰ ਸੋਧ ਕੀਤੀ ਜਾਂਦੀ ਸੀ। ਜੇਕਰ ਜੁਲਾਈ-ਸਤੰਬਰ ਤਿਮਾਹੀ ਲਈ ਪੀ. ਪੀ. ਐੱਫ. ਦੀ ਵਿਆਜ ਦਰ 7 ਫੀਸਦੀ ਤੋਂ ਘੱਟ ਕੀਤੀ ਜਾਂਦੀ ਹੈ ਤਾਂ ਇਹ 1974 ਤੋਂ ਬਾਅਦ ਸਭ ਤੋਂ ਘੱਟ ਹੋਵੇਗੀ। ਪਹਿਲੀ ਅਗਸਤ 1974 ਤੋਂ 31 ਮਾਰਚ 1975 ਤੱਕ ਪੀ. ਪੀ. ਐੱਫ. 'ਤੇ 7 ਫੀਸਦੀ ਵਿਆਜ ਦਰ ਸੀ।


author

Sanjeev

Content Editor

Related News