ਸਰਕਾਰ ਵੱਲੋਂ ਬਿਜਲੀ ਪਲਾਂਟਾਂ ਨੂੰ ਪਾਰਦਰਸ਼ੀ ਤਰੀਕੇ ਨਾਲ ਰਾਖ਼ ਦੀ ਨਿਲਾਮੀ ਦਾ ਹੁਕਮ
Thursday, Sep 23, 2021 - 10:30 AM (IST)
ਨਵੀਂ ਦਿੱਲੀ- ਬਿਜਲੀ ਮੰਤਰਾਲਾ ਨੇ ਬੁੱਧਵਾਰ ਨੂੰ ਪਾਰਦਰਸ਼ੀ ਬੋਲੀ ਪ੍ਰਕਿਰਿਆ ਜ਼ਰੀਏ ਤਾਪ ਬਿਜਲੀ ਪਲਾਂਟਾਂ ਤੋਂ ਨਿਕਲਣ ਵਾਲੀ ਰਾਖ਼ ਦੀ ਨਿਲਾਮੀ ਨੂੰ ਲੈ ਕੇ ਹੁਕਮ ਜਾਰੀ ਕੀਤੀ ਹੈ।
ਬਿਜਲੀ ਮੰਤਰਾਲਾ ਅਨੁਸਾਰ, ਇਹ ਨਿਰਦੇਸ਼ ਦਿੱਤਾ ਗਿਆ ਹੈ ਕਿ ਬਿਜਲੀ ਪਲਾਂਟ ਹਮੇਸ਼ਾ ਪਾਰਦਰਸ਼ੀ ਬੋਲੀ ਪ੍ਰਕਿਰਿਆ ਜ਼ਰੀਏ ਰਾਖ਼ ਦੀ ਨਿਲਾਮੀ ਕਰਨਗੇ। ਇਸ ਉਦੇਸ਼ ਲਈ ਮੰਤਰਾਲਾ ਨੇ 22 ਸਤੰਬਰ, 2021 ਨੂੰ ਇਕ ਹੁਕਮ ਜਾਰੀ ਕੀਤਾ ਹੈ। ਇਸ ਨਾਲ ਬਿਜਲੀ ਦਰਾਂ ਵਿਚ ਕਮੀ ਹੋਵੇਗੀ ਅਤੇ ਖ਼ਪਤਕਾਰਾਂ 'ਤੇ ਬੋਝ ਘੱਟ ਹੋਵੇਗਾ।
ਬਿਆਨ ਵਿਚ ਕਿਹਾ ਗਿਆ ਹੈ, ''ਕੇਂਦਰੀ ਬਿਜਲੀ ਤੇ ਨਵਿਆਉਣਯੋਗ ਊਰਜਾ ਮੰਤਰੀ ਆਰ. ਕੇ. ਸਿੰਘ ਨੇ ਅੰਤਿਮ ਖਪਤਕਾਰਾਂ ਲਈ ਤਾਪ ਪਲਾਂਟਾਂ ਦੀ ਰਾਖ਼ ਦੇ ਟ੍ਰਾਂਸਪੋਰਟੇਸ਼ਨ ਅਤੇ ਇਸਤੇਮਾਲ ਦੀ ਸਮੀਖਿਆ ਕੀਤੀ। ਬੈਠਕ ਵਿਚ ਕੇਂਦਰੀ ਬਿਜਲੀ ਅਥਾਰਟੀ (ਸੀ. ਈ. ਏ.) ਦੇ ਮੁਖੀ, ਐੱਨ. ਟੀ. ਪੀ. ਸੀ. ਦੇ ਚੇਅਰਮੈਨ ਤੇ ਪ੍ਰਬੰਧਕ ਨਿਰਦੇਸ਼ਕ ਅਤੇ ਡੀ. ਵੀ. ਸੀ. ਦੇ ਮੁਖੀ ਅਤੇ ਮੰਤਰਾਲਾ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ। ਨਿਰਦੇਸ਼ ਵਿਚ ਕਿਹਾ ਗਿਆ ਹੈ ਕਿ ਬਿਜਲੀ ਪਲਾਂਟ ਸਿਰਫ ਪਾਰਦਰਸ਼ੀ ਬੋਲੀ ਪ੍ਰਕਿਰਿਆ ਜ਼ਰੀਏ ਖਪਤਕਾਰਾਂ ਨੂੰ ਰਾਖ਼ ਦੀ ਵੰਡ ਕਰਨਗੇ। ਜੇਕਰ ਬੋਲੀ ਪਿੱਛੋਂ ਵੀ ਕੁਝ ਮਾਤਰਾ ਵਿਚ ਰਾਖ਼ ਬਚਦੀ ਹੈ ਤਾਂ ਸਿਰਫ ਇਕ ਬਦਲ ਦੇ ਰੂਪ ਵਿਚ ਇਸ ਨੂੰ ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ 'ਤੇ ਮੁਫਤ ਦਿੱਤਾ ਜਾ ਸਕਦਾ ਹੈ।