ਕਿਸਾਨਾਂ ਲਈ ਵੱਡੀ ਖ਼ਬਰ, ਕੀਟਨਾਸ਼ਕਾਂ ''ਤੇ 30 ਫ਼ੀਸਦੀ ਵੱਧ ਸਕਦੀ ਹੈ ਡਿਊਟੀ
Friday, Nov 20, 2020 - 07:53 PM (IST)
ਨਵੀਂ ਦਿੱਲੀ— ਕੀਟਨਾਸ਼ਕ ਨਿਰਮਾਤਾਵਾਂ ਦੇ ਸੰਗਠਨ ਪੈਸਟੀਸਾਈਡ ਮੈਨੂਫੈਕਚਰਜ਼ ਐਂਡ ਫਾਰਮੂਲੇਟਰਜ਼ ਐਸੋਸੀਏਸ਼ਨ ਆਫ਼ ਇੰਡੀਆ (ਪੀ. ਐੱਮ. ਐੱਫ. ਏ. ਆਈ.) ਨੇ ਸ਼ੁੱਕਰਵਾਰ ਨੂੰ ਸਰਕਾਰ ਤੋਂ ਤਕਨੀਕੀ ਅਤੇ ਤਿਆਰ ਕੀਟਨਾਸ਼ਕਾਂ 'ਤੇ ਦਰਾਮਦ ਡਿਊਟੀ 20-30 ਫ਼ੀਸਦੀ ਵਧਾਉਣ ਦੀ ਮੰਗ ਕੀਤੀ ਹੈ।
ਇਸ ਦਾ ਮਕਸਦ ਘਰੇਲੂ ਖੇਤੀ ਰਸਾਇਣ ਉਦਯੋਗ ਦੇ ਹਿੱਤਾਂ ਨੂੰ ਬਚਾਉਣਾ ਹੈ। ਇਸ ਸਮੇਂ ਤਕਨੀਕੀ ਅਤੇ ਤਿਆਰ ਕੀਟਨਾਸ਼ਕਾਂ 'ਤੇ 10 ਫ਼ੀਸਦੀ ਦਰਾਮਦ ਡਿਊਟੀ ਲਾਈ ਜਾਂਦੀ ਹੈ।
ਪੀ. ਐੱਮ. ਐੱਫ. ਏ. ਆਈ. ਦੇ ਮੁਖੀ ਪ੍ਰਦੀਪ ਦਵੇ ਨੇ ਇਕ ਬਿਆਨ 'ਚ ਕਿਹਾ, ''ਮੌਜੂਦਾ ਦਰਾਮਦ ਡਿਊਟੀ ਵਿਵਸਥਾ 'ਚ ਬਹੁਤ ਖਾਮੀਆਂ ਹਨ, ਜੋ ਭਾਰਤ 'ਚ ਨਿਰਮਾਣ ਦੀ ਜਗ੍ਹਾ ਕੀਟਨਾਸ਼ਕਾਂ ਦੀ ਦਰਾਮਦ ਨੂੰ ਬੜ੍ਹਾਵਾ ਦਿੰਦੀਆਂ ਹਨ। ਇਸ ਨਾਲ ਬਹੁਰਾਸ਼ਟਰੀ ਕੰਪਨੀਆਂ ਤੇ ਦਰਾਮਦਕਾਰਾਂ ਨੂੰ ਅਣਉਚਿਤ ਫਾਇਦਾ ਮਿਲਦਾ ਹੈ। ਇਸ ਨਾਲ ਆਤਮਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਵੀ ਨੁਕਸਾਨ ਪਹੁੰਚਦਾ ਹੈ।''
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਦਰਾਮਦ ਡਿਊਟੀ ਦੇ ਮੌਜੂਦਾ ਢਾਂਚੇ 'ਚ ਸੋਧ ਕਰਨਾ ਚਾਹੀਦਾ ਹੈ ਅਤੇ ਤਿਆਰ ਕੀਟਨਾਸ਼ਕਾਂ ਅਤੇ ਤਕਨੀਕੀ ਸ਼੍ਰੇਣੀ ਦੇ ਉਤਪਾਦਾਂ ਦੀ ਦਰਾਮਦ 'ਤੇ ਕ੍ਰਮਵਾਰ 30 ਫ਼ੀਸਦੀ ਅਤੇ 20 ਫ਼ੀਸਦੀ ਡਿਊਟੀ ਵਧਾਉਣੀ ਚਾਹੀਦੀ ਹੈ। ਪੀ. ਐੱਮ. ਐੱਫ. ਏ. ਆਈ. 200 ਤੋਂ ਜ਼ਿਆਦਾ ਛੋਟੇ, ਦਰਮਿਆਨੇ ਅਤੇ ਵੱਡੇ ਕੀਟਨਾਸ਼ਕ ਨਿਰਮਾਤਾਵਾਂ ਅਤੇ ਵਪਾਰੀਆਂ ਦੀ ਅਗਵਾਈ ਕਰਦਾ ਹੈ। ਖੇਤੀ ਮਾਹਰਾਂ ਨੇ ਹਾਲਾਂਕਿ, ਸਰਕਾਰ ਕੋਲ ਮੰਗ ਕੀਤੀ ਹੈ ਕਿ ਉਹ ਇਸ ਤਰ੍ਹਾਂ ਦੀਆਂ ਮੰਗਾਂ 'ਤੇ ਸਮਝਦਾਰੀ ਨਾਲ ਵਿਚਾਰ ਕਰੇ ਕਿਉਂਕਿ ਦੇਸ਼ ਅਜੇ ਵੀ ਕਈ ਕੀਟਨਾਸ਼ਕਾਂ ਲਈ ਦਰਾਮਦ 'ਤੇ ਨਿਰਭਰ ਹੈ।