PM ਮੋਦੀ ਨੇ ਦੇਸ਼ ਦੇ ਖੇਤੀਬਾੜੀ ਬਜਟ ਨੂੰ ਲੈ ਕੇ ਆਖੀਆਂ ਇਹ ਗੱਲਾਂ
Friday, Feb 24, 2023 - 04:35 PM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਖੇਤੀਬਾੜੀ ਅਤੇ ਸਹਿਕਾਰੀ ਖੇਤਰਾਂ ਦੇ ਹਿੱਤਧਾਰਕਾਂ ਨਾਲ ਬਜਟ 2023-24 ਤੋਂ ਬਾਅਦ ਇੱਕ ਵੈਬੀਨਾਰ ਨੂੰ ਸੰਬੋਧਿਤ ਕੀਤਾ। ਪੀ.ਐੱਮ ਮੋਦੀ ਨੇ ਕਿਹਾ ਕਿ ਭਾਰਤ ਦਾ ਖੇਤੀ ਬਜਟ ਪਿਛਲੇ 9 ਸਾਲਾਂ 'ਚ ਕਈ ਗੁਣਾ ਵਧਿਆ ਹੈ, ਜੋ ਹੁਣ 1.25 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਜਿਸ ਨਾਲ ਦੇਸ਼ ਦੇ ਕਿਸਾਨ ਨੂੰ ਮਜ਼ਬੂਤੀ ਮਿਲੇਗੀ। ਪੂਰਾ ਬਜਟ ਖੇਤੀ ਸੈਕਟਰ 'ਤੇ ਕੇਂਦਰਿਤ ਹੈ ਅਤੇ ਤੇਲਾਂ ਦੇ ਬੀਜਾਂ ਅਤੇ ਖਾਣ ਵਾਲੇ ਤੇਲ 'ਤੇ ਭਾਰਤ ਦੀ ਦਰਾਮਦ ਨਿਰਭਰਤਾ ਨੂੰ ਘਟਾਉਣ ਲਈ ਕਈ ਕਦਮ ਚੁੱਕੇ ਜਾ ਰਹੇ ਹਨ। ਜਾਣੋ ਪੀ.ਐੱਮ ਮੋਦੀ ਨੇ ਹੋਰ ਕੀ ਕਿਹਾ।
ਇਹ ਵੀ ਪੜ੍ਹੋ-11000 ਕਰਮਚਾਰੀਆਂ ਨੂੰ ਕੱਢਣ ਤੋਂ ਬਾਅਦ ਇਕ ਵਾਰ ਫਿਰ ਛਾਂਟੀ ਕਰੇਗਾ ਫੇਸਬੁੱਕ
2014 'ਚ ਇੰਨਾ ਸੀ ਖੇਤੀ ਬਜਟ
ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਕਿਹਾ ਕਿ ਪਿਛਲੇ 8-9 ਸਾਲਾਂ 'ਚ ਭਾਰਤ ਦਾ ਖੇਤੀ ਬਜਟ ਕਈ ਗੁਣਾ ਵਧ ਕੇ 1.25 ਲੱਖ ਕਰੋੜ ਰੁਪਏ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਾਲ 2014 'ਚ ਸੱਤਾ 'ਚ ਆਉਣ ਤੋਂ ਪਹਿਲਾਂ ਖੇਤੀ ਖੇਤਰ ਦਾ ਬਜਟ 25,000 ਕਰੋੜ ਰੁਪਏ ਤੋਂ ਘੱਟ ਹੁੰਦਾ ਸੀ। ਅੱਜ ਦੇਸ਼ ਦਾ ਖੇਤੀ ਬਜਟ 1.25 ਲੱਖ ਕਰੋੜ ਰੁਪਏ ਤੋਂ ਉੱਪਰ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾਲਾਂ ਅਤੇ ਤੇਲਾਂ ਵਾਲੇ ਬੀਜਾਂ ਦੇ ਘਰੇਲੂ ਉਤਪਾਦਨ ਨੂੰ ਉਤਸ਼ਾਹਿਤ ਕਰਨ ਲਈ ਮਿਸ਼ਨ ਮੋਡ ਨਾਲ ਕੰਮ ਕਰ ਰਹੀ ਹੈ। ਭਾਰਤ ਖਾਣ ਵਾਲੇ ਤੇਲ ਦੇ ਆਯਾਤ 'ਤੇ ਲਗਭਗ 1.5 ਲੱਖ ਕਰੋੜ ਰੁਪਏ ਖਰਚ ਕਰ ਰਿਹਾ ਹੈ।
ਪਿੰਡ, ਗਰੀਬ ਅਤੇ ਕਿਸਾਨ ਲਈ ਬਜਟ
ਪੀ.ਐੱਮ ਮੋਦੀ ਨੇ ਕਿਹਾ ਕਿ ਹਾਲ ਹੀ ਦੇ ਸਾਲਾਂ 'ਚ ਹਰ ਬਜਟ ਨੂੰ ਪਿੰਡ, ਗਰੀਬ ਅਤੇ ਕਿਸਾਨ ਲਈ ਬਜਟ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਬਜਟ ਖੇਤੀ-ਤਕਨਾਲੋਜੀ ਸਟਾਰਟਅੱਪ 'ਤੇ ਕੇਂਦ੍ਰਿਤ ਹੈ ਅਤੇ ਉਨ੍ਹਾਂ ਲਈ ਵੱਖਰਾ ਫੰਡ ਅਲਾਟ ਕਰਨ ਦਾ ਪ੍ਰਸਤਾਵ ਵੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ-ਘਰ ਵਰਗਾ ਖਾਣਾ ਉਪਲੱਬਧ ਕਰਵਾਏਗਾ 'ਜ਼ੋਮੈਟੋ', ਕੀਮਤ ਕਰ ਦੇਵੇਗੀ ਹੈਰਾਨ
ਖੇਤੀਬਾੜੀ ਸੈਕਟਰ ਨੂੰ ਮਿਲੇ 3000 ਸਟਾਰਟਅੱਪ
ਪੀ.ਐੱਮ ਮੋਦੀ ਨੇ ਕਿਹਾ ਕਿ 9 ਸਾਲ ਪਹਿਲਾਂ ਖੇਤੀਬਾੜੀ ਸੈਕਟਰ 'ਚ ਸਟਾਰਟਅੱਪ ਦੀ ਗਿਣਤੀ ਲਗਭਗ ਨਾ ਦੇ ਬਰਾਬਰ ਸੀ ਜੋ ਹੁਣ ਵਧ ਕੇ 3,000 ਤੋਂ ਵੱਧ ਹੋ ਗਈ ਹੈ। ਮੋਦੀ ਨੇ ਕਿਹਾ ਕਿ ਸਹਿਕਾਰੀ ਖੇਤਰ 'ਚ ਨਵੀਂ ਕ੍ਰਾਂਤੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸਹਿਕਾਰੀ ਖੇਤਰ ਸਿਰਫ਼ ਕੁਝ ਰਾਜਾਂ ਤੱਕ ਸੀਮਤ ਸੀ ਪਰ ਹੁਣ ਪੂਰੇ ਦੇਸ਼ 'ਚ ਇਸ ਦਾ ਵਿਸਤਾਰ ਕੀਤਾ ਜਾ ਰਿਹਾ ਹੈ। ਇਹ ਪ੍ਰਧਾਨ ਮੰਤਰੀ ਵੱਲੋਂ ਸੰਬੋਧਿਤ ਕੀਤਾ ਗਿਆ ਦੂਜਾ ਵੈਬੀਨਾਰ ਹੈ। ਇਸ ਤੋਂ ਪਹਿਲਾਂ ਪੀ.ਐੱਮ ਮੋਦੀ ਨੇ ਹਰਿਤ ਵਿਕਾਸ ਦੇ ਵਿਸ਼ੇ 'ਤੇ ਵਿਸਥਾਰ ਨਾਲ ਗੱਲ ਕੀਤੀ ਸੀ।
ਆਯੋਜਿਤ ਹੋਣਗੇ ਕੁੱਲ 12 ਵੈਬੀਨਾਰ
ਕੇਂਦਰੀ ਬਜਟ 2023-24 'ਚ 'ਸਪਤਰਿਸ਼ੀ' ਤਰਜੀਹਾਂ ਨੂੰ ਅੱਗੇ ਵਧਾਉਣ ਲਈ ਕੇਂਦਰ ਸਰਕਾਰ ਦੇ ਕਈ ਮੰਤਰਾਲਿਆਂ ਅਤੇ ਵਿਭਾਗਾਂ ਵਲੋਂ ਵੈਬੀਨਾਰ ਦਾ ਆਯੋਜਿਤ ਕੀਤਾ ਜਾ ਰਿਹਾ ਹੈ। ਕੁੱਲ ਮਿਲਾ ਕੇ ਉਹ 11 ਮਾਰਚ ਤੱਕ ਇਸ ਤਰ੍ਹਾਂ ਦੇ 12 ਵੈਬੀਨਾਰ ਨੂੰ ਸੰਬੋਧਿਤ ਕੀਤਾ ਜਾਵੇਗਾ। ਇਸ ਹਫ਼ਤੇ ਦੀ ਸ਼ੁਰੂਆਤ 'ਚ ਕਿਹਾ ਗਿਆ ਸੀ ਕਿ ਬਜਟ ਘੋਸ਼ਣਾਵਾਂ ਦੇ ਲਾਗੂ 'ਚ ਤਾਲਮੇਲ ਲਿਆਉਣ ਦੇ ਅਤੇ ਸਭ ਹਿੱਤਧਾਰਕਾਂ ਨੂੰ ਇਕੱਠੇ ਲਿਆਉਣ ਲਈ ਪੀ.ਐੱਮ ਮੋਦੀ ਵਲੋਂ ਬਜਟ ਤੋਂ ਬਾਅਦ ਵੈਬੀਨਾਰ ਦਾ ਵਿਚਾਰ ਰੱਖਿਆ ਗਿਆ ਸੀ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਇਕ ਫਰਵਰੀ 2023 ਨੂੰ ਲੋਕ ਸਭਾ 'ਚ ਆਮ ਬਜਟ ਪੇਸ਼ ਕੀਤਾ ਸੀ।
ਇਹ ਵੀ ਪੜ੍ਹੋ-ਵਿਪਰੋ ਨੇ ਈ-ਮੇਲ ਭੇਜ ਕੇ ਇਕ ਝਟਕੇ ’ਚ ਅੱਧੀ ਕਰ ਦਿੱਤੀ ਤਨਖ਼ਾਹ, ਜਾਣੋ ਵਜ੍ਹਾ
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।