15 ਜੂਨ ਤੱਕ ਲਈ ਮੁੰਬਈ ਦੇ ਕਈ ਸਟੇਸ਼ਨਾਂ 'ਤੇ ਪਲੇਟਫਾਰਮ ਟਿਕਟ 50 ਰੁ: ਹੋਈ

Tuesday, Mar 02, 2021 - 01:20 PM (IST)

15 ਜੂਨ ਤੱਕ ਲਈ ਮੁੰਬਈ ਦੇ ਕਈ ਸਟੇਸ਼ਨਾਂ 'ਤੇ ਪਲੇਟਫਾਰਮ ਟਿਕਟ 50 ਰੁ: ਹੋਈ

ਮੁੰਬਈ- ਕੋਰੋਨਾ ਵਾਇਰਸ ਮਹਾਮਾਰੀ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸਟੇਸ਼ਨਾਂ 'ਤੇ ਲੋਕਾਂ ਦੀ ਭੀੜ ਘਟਾਉਣ ਲਈ ਸੈਂਟਰਲ ਰੇਲਵੇ ਨੇ ਮੁੰਬਈ ਮੈਟਰੋਪੋਲੀਟਨ ਰੀਜ਼ਨ (ਐੱਮ. ਐੱਮ. ਆਰ.) ਦੇ ਮੁੱਖ ਸਟੇਸ਼ਨਾਂ 'ਤੇ ਪਲੇਟਫਾਰਮ ਟਿਕਟ ਮਹਿੰਗੀ ਕਰ ਦਿੱਤੀ ਹੈ।

ਹੁਣ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ, ਦਾਦਰ ਤੇ ਲੋਕਮਨਿਆ ਤਿਲਕ ਅਤੇ ਨੇੜਲੇ ਥਾਣੇ, ਕਲਿਆਣ, ਪਨਵੇਲ ਅਤੇ ਭਿਵੰਡੀ ਰੋਡ ਸਟੇਸ਼ਨਾਂ 'ਤੇ ਪਲੇਟਫਾਰਮ ਟਿਕਟ 50 ਰੁਪਏ ਵਿਚ ਮਿਲੇਗੀ, ਜੋ ਪਹਿਲਾਂ 10 ਰੁਪਏ ਵਿਚ ਮਿਲ ਰਹੀ ਸੀ। ਸੈਂਟਰਲ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਸ਼ਿਵਾਜੀ ਸੁਤਾਰ ਨੇ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਕਿਹਾ ਕਿ ਪਲੇਟਫਾਰਮ ਦੀ ਨਵੀਂ ਕੀਮਤ 24 ਫਰਵਰੀ ਤੋਂ ਲਾਗੂ ਹੋ ਜਾਵੇਗੀ ਅਤੇ 15 ਜੂਨ ਤੱਕ ਪ੍ਰਭਾਵੀ ਰਹੇਗੀ। ਅਧਿਕਾਰੀ ਨੇ ਕਿਹਾ ਕਿ ਆਗਾਮੀ ਗਰਮੀਆਂ ਵਿਚ ਸਟੇਸ਼ਨਾਂ 'ਤੇ ਜਮ੍ਹਾ ਹੋਣ ਵਾਲੀ ਭੀੜ ਨੂੰ ਰੋਕਣ ਲਈ ਇਹ ਕਦਮ ਚੁੱਕਿਆ ਗਿਆ ਹੈ। ਫਰਵਰੀ ਦੇ ਦੂਜੇ ਹਫ਼ਤੇ ਤੋਂ ਮੁੰਬਈ ਵਿਚ ਰੋਜ਼ਾਨਾ ਕੋਵਿਡ-19 ਦੇ ਮਾਮਲੇ ਵਧੇ ਹਨ। ਹੁਣ ਤੱਕ ਸ਼ਹਿਰ ਵਿਚ 3.25 ਲੱਖ ਕੋਵਿਡ-19 ਮਾਮਲੇ ਆ ਚੁੱਕੇ ਹਨ ਅਤੇ 11,400 ਲੋਕਾਂ ਦੀ ਇਸ ਕਾਰਨ ਮੌਤ ਹੋ ਚੁੱਕੀ ਹੈ।


author

Sanjeev

Content Editor

Related News