ਆਮ ਨਾਗਰਿਕ ਦੇ ਹਵਾਈ ਸਫਰ ਕਰ ਸਕਣ ਦੀ ਯੋਜਨਾ ਲਟਕੀ, 4 ਸਾਲ ਬਾਅਦ ਵੀ ਕੰਮ ਅਧੂਰੇ

Sunday, Feb 21, 2021 - 10:30 AM (IST)

ਆਮ ਨਾਗਰਿਕ ਦੇ ਹਵਾਈ ਸਫਰ ਕਰ ਸਕਣ ਦੀ ਯੋਜਨਾ ਲਟਕੀ, 4 ਸਾਲ ਬਾਅਦ ਵੀ ਕੰਮ ਅਧੂਰੇ

ਨਵੀਂ ਦਿੱਲੀ (ਇੰਟ.) – ਭਾਰਤ ਸਰਕਾਰ ਨੇ 2017 ਵਿਚ ਦੇਸ਼ ਦੇ ਛੋਟੇ ਕਸਬਿਆਂ ਤੇ ਸ਼ਹਿਰਾਂ ਨੂੰ ਹਵਾਈ ਨਕਸ਼ੇ ’ਤੇ ਲਿਆਉਣ ਦੀ ਇਕ ਅਹਿਮ ਯੋਜਨਾ ਤਿਆਰ ਕੀਤੀ ਸੀ ਪਰ ਲਗਭਗ 4 ਸਾਲ ਬੀਤ ਜਾਣ ਤੋਂ ਬਾਅਦ ਵੀ ਅਜੇ ਤਕ ਸਿਰਫ 40 ਫੀਸਦੀ ਅਜਿਹੇ ਕਸਬੇ ਤੇ ਸ਼ਹਿਰ ਹੀ ਹਵਾਈ ਨਕਸ਼ੇ ’ਤੇ ਆਏ ਹਨ। 60 ਫੀਸਦੀ ਛੋਟੇ ਸ਼ਹਿਰਾਂ ਤੇ ਕਸਬਿਆਂ ਨੂੰ ਹਵਾਈ ਨਕਸ਼ੇ ’ਤੇ ਲਿਆਉਣ ਦਾ ਕੰਮ ਅਜੇ ਬਾਕੀ ਹੈ।

ਖਬਰਾਂ ਮੁਤਾਬਕ ਰੀਜਨਲ ਕੁਨੈਕਟੀਵਿਟੀ ਸਕੀਮ (ਆਰ. ਸੀ. ਐੱਸ.) ਅਧੀਨ ਦੇਸ਼ ਦੇ ਸਭ ਛੋਟੇ ਸ਼ਹਿਰਾਂ ਤੇ ਕਸਬਿਆਂ ਨੂੰ ਹਵਾਈ ਸੰਪਰਕ ਰਾਹੀਂ ਜੋੜਨ ਦੀ ਅਹਿਮ ਯੋਜਨਾ ਤਿਆਰ ਕੀਤੀ ਗਈ ਸੀ। ਪਿਛਲੇ ਸਾਲ ਕੋਵਿਡ-19 ਕਾਰਣ ਵੀ ਇਸ ਯੋਜਨਾ ਨੂੰ ਲਾਗੂ ਕਰਨ ਦੇ ਰਾਹ ਵਿਚ ਰੁਕਾਵਟਾਂ ਆਈਆਂ। ਕੋਰੋਨਾ ਵਾਇਰਸ ਕਾਰਣ ਮੁਸਾਫਰਾਂ ਦੀ ਮੰਗ ’ਚ ਭਾਰੀ ਕਮੀ ਹੋਈ। ਨਾਲ ਹੀ ਕਈ ਸ਼ਹਿਰਾਂ ਵਿਚ ਮੂਲ ਢਾਂਚੇ ਵੀ ਤਿਆਰ ਨਹੀਂ ਹੋ ਸਕੇ, ਜਿਸ ਕਾਰਣ ਉਨ੍ਹਾਂ ਨੂੰ ਹਵਾਈ ਨਕਸ਼ੇ ’ਤੇ ਨਹੀਂ ਲਿਆਂਦਾ ਜਾ ਸਕਿਆ।

ਇਹ ਵੀ ਪੜ੍ਹੋ : ਭਾਰਤ ਨੇ ਚੀਨੀ ਇੰਜੀਨੀਅਰਾਂ ’ਤੇ ਲਗਾਈਆਂ ਵੀਜ਼ਾ ਪਾਬੰਦੀਆਂ, ਤਾਈਵਾਨੀ ਕੰਪਨੀਆਂ ਨੂੰ ਨੁਕਸਾਨ

ਏਅਰਪੋਰਟਸ ਅਥਾਰਟੀ ਆਫ ਇੰਡੀਆ ਨੇ ਆਰ. ਸੀ. ਐੱਸ. ਅਧੀਨ ਵੱਖ-ਵੱਖ ਸ਼ਹਿਰਾਂ ਤੇ ਕਸਬਿਆਂ ਲਈ ਹਵਾਈ ਉਡਾਣਾਂ ਸ਼ੁਰੂ ਕਰਨ ਸਬੰਧੀ ਬੋਲੀ ਦੀ 4 ਦੌਰ ਦੀ ਗੱਲਬਾਤ ਕੀਤੀ ਹੈ। ‘ਉੜੇ ਦੇਸ਼ ਕਾ ਆਮ ਨਾਗਰਿਕ’ (ਉਡਾਣ) ਨਾਂ ਦੀ ਉਕਤ ਯੋਜਨਾ, ਜੋ ਭਾਰਤ ਸਰਕਾਰ ਨੇ ਸ਼ੁਰੂ ਕੀਤੀ ਹੈ, ਦਾ ਮੰਤਵ ਇਹੀ ਹੈ ਕਿ ਆਮ ਨਾਗਰਿਕ ਵੀ ਹਵਾਈ ਸਫਰ ਕਰ ਸਕਣ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਝ ਸਾਲ ਪਹਿਲਾਂ ਕਿਹਾ ਸੀ ਕਿ ਹਵਾਈ ਚੱਪਲ ਪਹਿਨਣ ਵਾਲੇ ਨੂੰ ਵੀ ਹਵਾਈ ਜਹਾਜ਼ ਵਿਚ ਸਫਰ ਕਰਨ ਦਾ ਮੌਕਾ ਮਿਲਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਐਲਨ ਮਸਕ ਫਿਰ ਬਣੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ, 2 ਦਿਨ ਹੀ ਨੰਬਰ 1 ’ਤੇ ਟਿਕ ਸਕੇ ਜੈੱਫ ਬੇਜੋਸ

766 ’ਚੋਂ 311 ਰੂਟਾਂ ’ਤੇ ਹੀ ਹਵਾਈ ਉਡਾਣਾਂ

ਹੁਣ ਤਕ 766 ਰੂਟ ਆਰ. ਸੀ. ਐੱਸ. ਅਧੀਨ ਵੰਡੇ ਗਏ ਹਨ ਪਰ ਇਨ੍ਹਾਂ ਵਿਚੋਂ ਸਿਰਫ 311 ਰੂਟਾਂ ’ਤੇ ਹੀ ਹਵਾਈ ਉਡਾਨਾਂ ਚੱਲ ਰਹੀਆਂ ਹਨ। ਇਸ ਅਧੀਨ 47 ਹਵਾਈ ਅੱਡਿਆਂ, 5 ਹੈਲੀਪੋਰਟਸ ਤੇ 2 ਵਾਟਰ ਏਅਰੋਡਰੋਮਸ ਦੀ ਵਰਤੋਂ ਕੀਤੀ ਜਾ ਰਹੀ ਹੈ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਪਿਛਲੇ ਹਫਤੇ ਰਾਜ ਸਭਾ ਵਿਚ ਦੱਸਿਆ ਸੀ ਕਿ ‘ਉਡਾਣ’ ਯੋਜਨਾ ਦੇਸ਼ ਦੇ ਕੁਝ ਹਵਾਈ ਅੱਡਿਆਂ ਲਈ ਸੰਜੀਵਨੀ ਸਾਬਤ ਹੋਈ ਹੈ। ਇਨ੍ਹਾਂ ਵਿਚ ਦਰਭੰਗਾ, ਕਡੱਪਾ, ਨਾਸਿਕ, ਬੇਲਾਗਵੀ, ਹੁਬਲੀ ਤੇ ਕਿਸ਼ਨਗੜ੍ਹ ਆਦਿ ਦੇ ਹਵਾਈ ਅੱਡੇ ਸ਼ਾਮਲ ਹਨ।

ਇਹ ਵੀ ਪੜ੍ਹੋ : ਸੋਸ਼ਲ ਮੀਡੀਆ ਪਲੇਟਫਾਰਮ 'ਤੇ ਗ਼ੈਰਕਾਨੂੰਨੀ ਪੋਸਟਾਂ ਨੂੰ ਲੈ ਕੇ ਸਰਕਾਰ ਦੀ ਸਖ਼ਤੀ, ਕੀਤੀ ਇਹ ਤਿਆਰੀ

ਅਜੇ ਵੀ ਦੇਸ਼ ਵਿਚ ਹਵਾਈ ਮੁਸਾਫਰਾਂ ਦੀ ਕਮੀ ਹੋਣ ਕਾਰਣ ਘਰੇਲੂ ਉਡਾਣਾਂ ਚਲਾਉਣ ’ਚ ਵੱਖ-ਵੱੱਖ ਏਅਰਲਾਈਨਜ਼ ਨੂੰ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਕੋਵਿਡ-19 ਨੇ ਖੇਤਰੀ ਏਅਰਲਾਈਨਜ਼ ਨੂੰ ਵੱਡੀ ਸੱਟ ਮਾਰੀ ਹੈ। ਵੱਡੀਆਂ ਕੰਪਨੀਆਂ ’ਤੇ ਇਸ ਬੀਮਾਰੀ ਦਾ ਵਧੇਰੇ ਅਸਰ ਨਹੀਂ ਪਿਆ ਸੀ। ਮੰਗ ਘੱਟ ਹੋਣ ਕਾਰਣ ਖੇਤਰੀ ਏਅਰਲਾਈਨਜ਼ ਵਲੋਂ ਛੋਟੇ ਹਵਾਈ ਜਹਾਜ਼ਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਉਨ੍ਹਾਂ ਵਲੋਂ ਆਪਣੇ ਖਰਚਿਆਂ ਆਦਿ ਨੂੰ ਆਸਾਨੀ ਨਾਲ ਪੂਰਾ ਕੀਤਾ ਜਾ ਰਿਹਾ ਹੈ। ਸਰਕਾਰ ਵਲੋਂ ਭਾਵੇਂ ਕਈ ਵਾਰ ਸਬਸਿਡੀ ਦਿੱਤੀ ਜਾਂਦੀ ਹੈ ਪਰ ਉਹ ਮੁਕੰਮਲ ਰਾਹਤ ਪ੍ਰਦਾਨ ਨਹੀਂ ਕਰਦੀ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


author

Harinder Kaur

Content Editor

Related News