ਵਾਹਨ, ਸਾਜੋ-ਸਾਮਾਨ ਉਦਯੋਗ ਲਈ ਬਣ ਰਹੀ ਹੈ ਯੋਜਨਾ: ਅਮਿਤਾਭ ਕਾਂਤ
Saturday, Sep 05, 2020 - 04:55 PM (IST)
ਮੁੰਬਈ— ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਅਮਿਤਾਭ ਕਾਂਤ ਨੇ ਸ਼ਨੀਵਾਰ ਨੂੰ ਕਿਹਾ ਕਿ ਵਾਹਨ ਤੇ ਵਾਹਨ ਸਾਜੋ-ਸਾਮਾਨ ਬਣਾਉਣ ਵਾਲੇ ਉਦਯੋਗਾਂ ਲਈ ਉਤਪਾਦਨ ਨਾਲ ਜੁੜੀ ਪ੍ਰੋਤਸਾਹਨ (ਪੀ. ਐੱਲ. ਆਈ.) ਯੋਜਨਾ ਦੇ ਨਿਰਮਾਣ 'ਚ ਕੰਮ ਹੋ ਰਿਹਾ ਹੈ ਅਤੇ ਇਸ ਦਿਸ਼ਾ 'ਚ ਕਾਫ਼ੀ ਬੁਨਿਆਦੀ ਕੰਮ ਕੀਤੇ ਜਾ ਚੁੱਕੇ ਹਨ।
ਕਾਂਤ ਵਾਹਨ ਸਾਜੋ-ਸਾਮਾਨ ਨਿਰਮਾਤਾਵਾਂ ਦੇ ਸੰਘ (ਐਕਮਾ) ਦੀ 60ਵੀਂ ਸਾਲਾਨਾ ਬੈਠਕ ਨੂੰ ਸੰਬੋਧਨ ਕਰ ਰਹੇ ਸਨ। ਦਿੱਲੀ 'ਚ ਆਯੋਜਿਤ ਇਸ ਸੰਮੇਲਨ 'ਚ ਕਾਂਤ ਨੇ ਇਹ ਵੀ ਕਿਹਾ ਕਿ ਵਾਹਨ ਸਕ੍ਰੈਪ ਨੀਤੀ (ਵਾਹਨ ਤੋੜਨ ਦੀ ਨੀਤੀ) 'ਤੇ ਅੰਤਰ-ਮੰਤਰਾਲਾ ਚਰਚਾ 'ਚ ਵੀ ਕਾਫ਼ੀ ਪ੍ਰਗਤੀ ਹੋ ਚੁੱਕੀ ਹੈ।
ਵਾਹਨ ਸਕ੍ਰੈਪ ਨੀਤੀ ਦਾ ਮਕਸਦ ਇਕ ਮਿਆਦ ਤੋਂ ਜ਼ਿਆਦਾ ਪੁਰਾਣੇ ਵਾਹਨਾਂ ਨੂੰ ਤੋੜਨ ਦੀ ਅਜਿਹੀ ਵਿਵਸਥਾ ਕਰਨਾ ਹੈ, ਜਿੱਥੇ ਵਾਹਨ ਮਾਲਕ ਨੂੰ ਕੁਝ ਫਾਇਦਾ ਦਿੱਤੇ ਜਾਣ ਦੀ ਵਿਵਸਥਾ ਹੋਵੇ। ਕਾਂਤ ਨੇ ਕਿਹਾ ਕਿ ਪੀ. ਐੱਲ. ਆਈ. ਲਈ ਨੀਤੀ ਆਯੋਜ ਜ਼ਮੀਨੀ ਪੱਧਰ 'ਤੇ ਬਹੁਤ ਕੰਮ ਕਰ ਚੁੱਕਾ ਹੈ। ਭਾਰੀ ਵਾਹਨ ਮੰਤਰਾਲਾ ਇਸ ਬਾਰੇ ਉਦਯੋਗ ਜਗਤ ਨਾਲ ਗੱਲਬਾਤ ਕਰ ਚੁੱਕਾ ਹੈ। ਸਾਨੂੰ ਇਸ ਨੀਤੀ ਨੂੰ ਪੂਰੇ ਜ਼ੋਰ-ਸ਼ੋਰ ਨਾਲ ਲਾਗੂ ਕਰਨਾ ਹੋਵੇਗਾ। ਉਨ੍ਹਾਂ ਨੇ ਵਾਹਨਾਂ ਦੇ ਸਾਜੋ-ਸਾਮਾਨ ਬਣਾਉਣ ਵਾਲੇ ਘਰੇਲੂ ਨਿਰਮਾਤਾਵਾਂ ਨੂੰ ਆਤਮਨਿਰਭਰ ਭਾਰਤ ਦਾ ਵੱਡਾ ਉਦਾਹਰਣ ਦੱਸਿਆ। ਉਨ੍ਹਾਂ ਇਹ ਵੀ ਕਿਹਾ ਕਿ ਕੋਵਿਡ-19 ਮਹਾਮਾਰੀ ਦੀ ਵਜ੍ਹਾ ਨਾਲ ਪੈਦਾ ਸੰਕਟ ਤੋਂ ਭਾਰਤੀ ਅਰਥਵਿਵਸਥਾ ਤੇਜ਼ੀ ਨਾਲ ਉਭਰਨ ਜਾ ਰਹੀ ਹੈ। ਹਾਲਤ 'ਚ ਸੁਧਾਰ ਦੀ ਦਿਸ਼ਾ ਅੰਗਰੇਜ਼ੀ ਵਰਣਮਾਲਾ ਦੇ 'ਵੀ' ਅੱਖਰ ਵਰਗੀ ਹੋਵੇਗੀ, ਜਿਸ ਦਾ ਅਰਥ ਹੈ ਕਿ ਜਿਸ ਗਤੀ ਨਾਲ ਗਿਰਾਵਟ ਰਹੀ, ਤੇਜ਼ੀ ਵੀ ਉਸੇ ਗਤੀ ਦੇ ਨਜ਼ਦੀਕ ਹੋਵੇਗੀ।