ਈ-ਕਾਮਰਸ ਕੰਪਨੀਆਂ ’ਤੇ ਵਰ੍ਹੇ ਪਿਊਸ਼ ਗੋਇਲ, ਬੋਲੇ- ਖੜ੍ਹਾ ਹੋਵੇਗਾ ਦੇਸ਼ ’ਚ ਰੋਜ਼ਗਾਰ ਸੰਕਟ
Thursday, Aug 22, 2024 - 11:23 AM (IST)
ਨਵੀਂ ਦਿੱਲੀ (ਇੰਟ.) – ਕੇਂਦਰੀ ਵਪਾਰ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਈ-ਕਾਮਰਸ ਕੰਪਨੀਆਂ ਦੇ ਕਾਰੋਬਾਰ ਕਰਨ ਦੇ ਢੰਗ-ਤਰੀਕਿਆਂ ਨੂੰ ਲੈ ਕੇ ਚਿੰਤਾ ਜਤਾਉਂਦੇ ਹੋਏ ਕਿਹਾ ਕਿ ਵੱਡੀਆਂ ਅਤੇ ਦਿੱਗਜ਼ ਈ-ਕਾਮਰਸ ਕੰਪਨੀਆਂ ਦੀ ਜਾਣਬੁੱਝ ਕੇ ਕੀਮਤਾਂ ਨੂੰ ਘੱਟ ਰੱਖਣ ਦੀ ਆਦਤ ਦੇ ਕਾਰਨ ਦੇਸ਼ ’ਚ ਰੋਜ਼ਗਾਰ ਦਾ ਸੰਕਟ ਖੜ੍ਹਾ ਹੋ ਸਕਦਾ ਹੈ।
ਉਨ੍ਹਾਂ ਕਿਹਾ,‘ਇਸ ਕਾਰਨ ਰਵਾਇਤੀ ਰਿਟੇਲ ਸੈਕਟਰ ’ਚ ਲੋਕਾਂ ਨੂੰ ਰੋਜ਼ਗਾਰ ਗੁਆਉਣਾ ਪੈ ਸਕਦਾ ਹੈ।’ ਦੇਸ਼ ’ਚ ਈ-ਕਾਮਰਸ ਦੇ ਕਾਰਨ ਰੋਜ਼ਗਾਰ ਅਤੇ ਖਪਤਕਾਰਾਂ ਦੇ ਵੈੱਲਫੇਅਰ ’ਤੇ ਪਏ ਅਸਰ ਨੂੰ ਲੈ ਕੇ ਲਾਂਚ ਹੋਈ ਰਿਪੋਰਟ ਨਾਲ ਜੁੜੇ ਪ੍ਰੋਗਰਾਮ ’ਚ ਪਿਊਸ਼ ਗੋਇਲ ਨੇ ਕਿਹਾ,‘ਈ-ਕਾਮਰਸ ਫਰਮਾਂ ਦੇ ਤੇਜ਼ੀ ਨਾਲ ਹੋ ਰਹੇ ਵਿਸਤਾਰ ਨੂੰ ਸਾਨੂੰ ਪ੍ਰਾਪਤੀ ਨਹੀਂ ਮੰਨਣਾ ਚਾਹੀਦਾ ਸਗੋਂ ਇਹ ਸਾਡੇ ਲਈ ਚਿੰਤਾ ਦਾ ਕਾਰਨ ਹੈ।’ ਉਨ੍ਹਾਂ ਈ-ਕਾਮਰਸ ਕਾਰਨ ਸਮਾਜ ’ਚ ਹੋਣ ਵਾਲੀ ਸੰਭਾਵੀ ਸੋਸ਼ਲ ਡਿਸਰਪਸ਼ਨ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ।
ਪਿਊਸ਼ ਗੋਇਲ ਨੇ ਸਵਾਲ ਕਰਦੇ ਹੋਏ ਕਿਹਾ ਕਿ ਈ-ਕਾਮਰਸ ’ਚ ਤੇਜ਼ ਗ੍ਰੋਥ ਦੇ ਕਾਰਨ ਕੀ ਅਸੀਂ ਵੱਡੇ ਪੱਧਰ ’ਤੇ ਸੋਸ਼ਲ ਡਿਸਰਪਸ਼ਨ ਨੂੰ ਸੱਦਾ ਤਾਂ ਨਹੀਂ ਦੇ ਰਹੇ ਹਾਂ? ਉਨ੍ਹਾਂ ਕਿਹਾ,‘ਇਹ ਸਾਡੇ ਲਈ ਮਾਣ ਕਰਨ ਦਾ ਵਿਸ਼ਾ ਨਹੀਂ ਹੈ ਕਿਉਂਕਿ ਅੱਜ ਤੋਂ 10 ਸਾਲਾਂ ਬਾਅਦ ਅੱਧੇ ਤੋਂ ਜ਼ਿਆਦਾ ਬਾਜ਼ਾਰ ਈ-ਕਾਮਰਸ ਨੈੱਟਵਰਕ ਦਾ ਹਿੱਸਾ ਹੋ ਜਾਵੇਗਾ ਜੋ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ।’
ਈ-ਕਾਮਰਸ ਦੇ ਫਾਇਦੇ ਅਤੇ ਕਮੀਆਂ ’ਤੇ ਵਿਚਾਰ ਕੀਤੇ ਜਾਣ ਦੀ ਲੋੜ
ਪਿਊਸ਼ ਗੋਇਲ ਨੇ ਕਿਹਾ ਕਿ ਦੇਸ਼ ’ਚ ਈ-ਕਾਮਰਸ ਦੇ ਰੋਲ ’ਤੇ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ। ਉਨ੍ਹਾਂ ਈ-ਕਾਮਰਸ ਕੰਪਨੀਆਂ ਦੇ ਪ੍ਰਾਈਜ਼ਿੰਗ ਸਟ੍ਰੈਟਜੀ ’ਤੇ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਕਿ ਕੀ ਪ੍ਰੀਡੇਟਰੀ ਪ੍ਰਾਈਜ਼ਿੰਗ ਪਾਲਸੀ ਦੇਸ਼ ਲਈ ਸਹੀ ਹੈ? ਵਪਾਰ ਮੰਤਰੀ ਨੇ ਇਹ ਮੰਨਿਆ ਕਿ ਈ-ਕਾਮਰਸ ਜ਼ਰੂਰੀ ਹੈ ਪਰ ਇਸ ਦੇ ਫਾਇਦੇ ਅਤੇ ਕਮੀਆਂ ’ਤੇ ਵਿਚਾਰ ਕੀਤੇ ਜਾਣ ਦੀ ਲੋੜ ਹੈ।
10 ਕਰੋੜ ਛੋਟੇ ਰਿਟੇਲਰਜ਼ ਨੂੰ ਕਰਨਾ ਪੈ ਸਕਦਾ ਹੈ ਸੰਕਟ ਦਾ ਸਾਹਮਣਾ
ਕਾਰੋਬਾਰ ਮੰਤਰੀ ਨੇ ਕਿਹਾ ਕਿ ਈ-ਕਾਮਰਸ ਕੰਪਨੀਆਂ ਦਾ ਮਾਰਕੀਟ ਸ਼ੇਅਰ ਸਾਲਾਨਾ 27 ਫੀਸਦੀ ਦੀ ਦਰ ਨਾਲ ਵਧ ਰਿਹਾ ਹੈ। ਇਸ ਦੇ ਕਾਰਨ ਪੂਰੇ ਦੇਸ਼ ’ਚ 10 ਕਰੋੜ ਛੋਟੇ ਰਿਟੇਲਰਜ਼ ਨੂੰ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਰਿਪੋਰਟ ਦੇ ਹਵਾਲੇ ਨਾਲ ਕਿਹਾ ਕਿ 3 ਸਾਲਾਂ ’ਚ ਈ-ਕਾਮਰਸ ਦਾ ਮਾਰਕੀਟ ਸ਼ੇਅਰ ਡਬਲ ਹੋ ਚੁੱਕਾ ਹੈ। 2019 ’ਚ ਈ-ਕਾਮਰਸ ਦਾ ਮਾਰਕੀਟ ਸ਼ੇਅਰ 4.7 ਫੀਸਦੀ ਸੀ, ਜੋ 2022 ’ਚ ਵਧ ਕੇ 7.8 ਫੀਸਦੀ ਹੋ ਚੁੱਕਾ ਹੈ।
ਐਮੇਜ਼ਾਨ ਦੇ ਭਾਰਤ ’ਚ ਇਕ ਅਰਬ ਡਾਲਰ ਦੇ ਨਿਵੇਸ਼ ’ਤੇ ਮਨਾਏ ਜਾਣ ਵਾਲੇ ਜਸ਼ਨ ’ਤੇ ਸਵਾਲ ਖੜ੍ਹਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਐਮੇਜ਼ਾਨ ਦੇ ਇਕ ਅਰਬ ਡਾਲਰ ਨਿਵੇਸ਼ ’ਤੇ ਅਸੀਂ ਜਸ਼ਨ ਮਨਾ ਰਹੇ ਹਾਂ ਪਰ ਇਹ ਸਮਝਣ ਦੀ ਲੋੜ ਹੈ ਕਿ ਇਹ ਇਕ ਅਰਬ ਡਾਲਰ ਕੋਈ ਬਹੁਤ ਵੱਡੀ ਸੇਵਾ ਜਾਂ ਭਾਰਤੀ ਅਰਥਵਿਵਸਥਾ ਦੀ ਮਦਦ ਕਰਨ ਲਈ ਨਹੀਂ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਉਸ ਸਾਲ ਆਪਣੀ ਬੈਲੇਂਸ ਸ਼ੀਟ ’ਚ ਇਕ ਅਰਬ ਡਾਲਰ ਦਾ ਨੁਕਸਾਨ ਦਰਜ ਹੋਇਆ।