ਮਹਿੰਗਾਈ ਦਾ ਝਟਕਾ: ਪੈਟਰੋਲ ਮਗਰੋਂ ਡੀਜ਼ਲ ਵੀ ਹੋਇਆ 100 ਤੋਂ ਪਾਰ, ਜਾਣੋ ਅੱਜ ਦੇ ਭਾਅ
Tuesday, Oct 05, 2021 - 12:14 PM (IST)
ਨਵੀਂ ਦਿੱਲੀ– ਕੌਮਾਂਤਰੀ ਬਾਜ਼ਾਰ ’ਚ ਲਗਾਤਾਰ ਕੱਚੇ ਤੇਲ ਦੀਆਂ ਕੀਮਤਾਂ ਵਧਣ ਦੇ ਨਾਲ ਮੰਗਲਵਾਰ ਨੂੰ ਦੇਸ਼ ’ਚ ਪੈਟਰੋਲ 25 ਪੈਸੇ ਅਤੇ ਡੀਜ਼ਲ 30 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਇਸ ਨਾਲ ਦੇਸ਼ ਦੇ ਕੁਝ ਸ਼ਹਿਰਾਂ ’ਚ ਪੈਟਰੋਲ ਪਹਿਲੀ ਵਾਰ 111 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 100 ਰੁਪਏ ਪ੍ਰਤੀ ਲੀਟਰ ਤੋਂ ਪਾਰ ਪਹੁੰਚ ਗਿਆ ਹੈ। ਲਾਗਾਤਰ ਚਾਰ ਦਿਨਾਂ ਦੀ ਤੇਜ਼ੀ ਤੋਂ ਬਾਅਦ ਸੋਮਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਬਦਲਾਅ ਨਹੀਂ ਕੀਤਾ ਗਿਆ ਸੀ ਪਰ ਅੱਜ ਯਾਨੀ ਮੰਗਲਵਾਰ ਨੂੰ ਫਿਰ ਇਸ ਵਿਚ ਵਾਧਾ ਕੀਤਾ ਗਿਆ ਹੈ ਜਿਸ ਨਾਲ ਰਾਜਧਾਨੀ ਦਿੱਲੀ ’ਚ ਤੇਲ ਦੀਆਂ ਕੀਮਤਾਂ ਹੁਣ ਤਕ ਦੇ ਰਿਕਾਰਡ ਪੱਧਰ ’ਤੇ ਪਹੁੰਚ ਗਈਆਂ ਹਨ। ਇਸ ਵਾਧੇ ਤੋਂ ਬਾਅਦ ਰਾਜਧਾਨੀ ਦਿੱਲੀ ’ਚ ਪੈਟਰੋਲ ਹੁਣ ਤਕ ਦੀ ਸਭ ਤੋਂ ਜ਼ਿਆਦਾ ਕੀਮਤ 102.64 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 91.07 ਰੁਪਏ ਪ੍ਰਤੀ ਲੀਟਰ ’ਤੇ ਪਹੁੰਚ ਗਿਆ ਹੈ। ਪਿਛਲੇ ਇਕ ਹਫਤੇ ’ਚ ਪੈਟਰੋਲ 1.24 ਪੈਸੇ ਮਹਿੰਗਾ ਹੋ ਚੁੱਕਾ ਹੈ। ਡੀਜ਼ਲ ਵੀ 10 ਦਿਨਾਂ ’ਚ 2.45 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਚੁੱਕਾ ਹੈ।
ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਅੱਜ ਯਾਨੀ ਮੰਗਲਵਾਰ ਨੂੰ ਪੈਟਰੋਲ ਦੀ ਕੀਮਤ 104.59 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 93.97 ਰੁਪਏ ਪ੍ਰਤੀ ਲੀਟਰ ’ਤੇ ਪਹੁੰਚ ਗਿਆ ਹੈ। ਇਹ ਕੀਮਤਾਂ ‘ਮਾਈ ਪੈਟਰੋਲ ਪ੍ਰਾਈਜ਼’ ਦੀ ਵੈੱਬਸਾਈਟ ਮੁਤਾਬਕ ਹਨ।
ਦੱਸ ਦੇਈਏ ਕਿ ਰਾਜਸਥਾਨ ਦੇ ਸ਼ਹਿਰ ਜੈਪੁਰ ’ਚ ਪੈਟਰੋਲ ਤੋਂ ਬਾਅਦ ਡੀਜ਼ਲ ਦੀ ਕੀਮਤ ਵੀ 100 ਰੁਪਏ ਪ੍ਰਤੀ ਲੀਟਰ ਤੋਂ ਪਾਰ ਪਹੁੰਚ ਗਈ ਹੈ। ਰਾਜਸਥਾਨ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਦੁਆਰਾ ਉਪਲੱਬਧ ਕਰਵਾਈ ਗਈ ਜਾਣਕਾਰੀ ਮੁਤਾਬਕ, ਮੰਗਲਵਾਰ ਨੂੰ ਜੈਪੁਰ ’ਚ ਡੀਜ਼ਲ ਦੀ ਕੀਮਤ 100.42 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਉਥੇ ਹੀ ਪੈਟਰੋਲ ਦੀ ਕੀਮਤ 109.66 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਜੈਪੁਰ ਤੋਂ ਇਲਾਵਾ ਭੋਪਾਲ ’ਚ ਪੈਟਰੋਲ 111.14 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 100.05 ਰੁਪਏ ਪ੍ਰਤੀ ਲੀਟਰ ’ਤੇ ਪਹੁੰਚ ਗਿਆ ਹੈ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦੀ ਰੋਜ਼ਾਨਾ ਸਮੀਖਿਆ ਹੁੰਦੀ ਹੈ ਅਤੇ ਉਸ ਦੇ ਆਧਾਰ ’ਤੇ ਰੋਜ਼ਾਨਾ ਸਵੇਰੇ 6 ਵਜੇ ਤੋਂ ਨਵੀਆਂ ਕੀਮਤਾਂ ਲਾਗੂ ਕੀਤੀਆਂ ਜਾਂਦੀਆਂ ਹਨ।
ਜ਼ਿਕਰਯੋਗ ਹੈ ਕਿ ਓਪੇਕ ਦੇਸ਼ਾਂ ਦੀ ਸੋਮਵਾਰ ਨੂੰ ਬੈਠਕ ਹੋਈ ਜਿਸ ਵਿਚ ਰੋਜ਼ਾਨਾ 4 ਲੱਖ ਬੈਰਲ ਤੇਲ ਉਤਪਾਦਨ ਵਧਾਉਣ ਦਾ ਫੈਸਲਾ ਲਿਆ ਗਿਆ ਜਦਕਿ ਕੋਰੋਨਾ ਤੋਂ ਬਾਅਦ ਹੁਣ ਗਲੋਬਲ ਪੱਧਰ ’ਤੇ ਇਸ ਦੀ ਮੰਗ ’ਚ ਜ਼ਬਰਦਸਤ ਤੇਜ਼ੀ ਦਿਸ ਰਹੀ ਹੈ। ਇਸ ਫੈਸਲੇ ਤੋਂ ਬਾਅਦ ਕੌਮਾਂਤਰੀ ਬਾਜ਼ਾਰ ’ਚ ਕੱਚੇ ਤੇਲ ’ਚ ਜ਼ਬਰਦਸਤ ਤੇਜ਼ੀ ਦਿਸੀ। ਸੋਮਵਾਰ ਨੂੰ ਅਮਰੀਕੀ ਬਾਜ਼ਾਰ ’ਚ ਕਾਰੋਬਾਰ ਬੰਦ ਹੋਣ ’ਤੇ ਬ੍ਰੇਂਟ ਕਰੂਡ 2.28 ਡਾਲਰ ਪ੍ਰਤੀ ਬੈਰਲ ਦੀ ਤੇਜ਼ੀ ਲੈ ਕੇ 81.26 ਡਾਲਰ ਪ੍ਰਤੀ ਬੈਰਲ ਅਤੇ ਅਮਰੀਕੀ ਕਰੂਡ 2.07 ਡਾਲਰ ਦੇ ਵਾਧੇ ਨਾਲ 77.62 ਡਾਲਰ ਪ੍ਰਤੀ ਬੈਰਲ ’ਤੇ ਰਿਹਾ।