ਲਗਾਤਾਰ 31ਵੇਂ ਦਿਨ ਨਹੀਂ ਬਦਲੇ ਪੈਟਰੋਲ ਤੇ ਡੀਜ਼ਲ ਦੇ ਮੁੱਲ
Monday, Nov 02, 2020 - 01:39 PM (IST)
ਨਵੀਂ ਦਿੱਲੀ— ਫਰਾਂਸ ਅਤੇ ਬ੍ਰਿਟੇਨ ਸਮੇਤ ਹੋਰ ਯੂਰਪੀ ਦੇਸ਼ਾਂ 'ਚ ਕੋਰੋਨਾ ਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਦੇ ਜ਼ੋਰ ਫੜਨ ਕਾਰਨ ਤੇਲ ਦੀ ਮੰਗ ਕਮਜ਼ੋਰ ਪੈਣ ਦੇ ਖਦਸ਼ੇ ਵਿਚਕਾਰ ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਨਰਮੀ ਬਰਕਰਾਰ ਹੈ। ਇਸ ਦੇ ਬਾਵਜੂਦ ਘਰੇਲੂ ਬਾਜ਼ਾਰ 'ਚ ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ-ਡੀਜ਼ਲ ਕੀਮਤਾਂ 'ਚ ਲਗਾਤਾਰ 31ਵੇਂ ਦਿਨ ਵੀ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਯੂਰਪ 'ਚ ਵਾਇਰਸ ਦੀ ਦੂਜੀ ਲਹਿਰ ਦੇ ਨਾਲ ਹੀ ਕਈ ਦੇਸ਼ਾਂ ਨੇ ਦੁਬਾਰਾ ਤਾਲਾਬੰਦੀ ਲਾ ਦਿੱਤੀ ਹੈ। ਫਰਾਂਸ ਪਿੱਛੋਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨੇ ਵੀ 5 ਨਵੰਬਰ ਤੋਂ 2 ਦਸੰਬਰ ਤੱਕ ਦੀ ਤਾਲਾਬੰਦੀ ਲਾਉਣ ਦਾ ਐਲਾਨ ਕੀਤਾ ਹੈ। ਇਸ ਕਾਰਨ ਈਂਧਣ ਦੀ ਖ਼ਪਤ 'ਤੇ ਅਸਰ ਪਵੇਗਾ।
ਪੈਟਰੋਲ-ਡੀਜ਼ਲ ਕੀਮਤਾਂ ਦੀ ਗੱਲ ਕਰੀਏ ਤਾਂ ਡੀਜ਼ਲ 'ਚ ਆਖਰੀ ਵਾਰ 2 ਅਕਤੂਬਰ ਨੂੰ ਕਟੌਤੀ ਹੋਈ ਸੀ, ਜਦੋਂ ਕਿ ਪੈਟਰੋਲ ਦੀ ਕੀਮਤ ਬਦਲੇ ਨੂੰ 41 ਦਿਨ ਹੋ ਗਏ ਹਨ।
ਪੈਟਰੋਲ ਕੀਮਤਾਂ 'ਚ ਆਖਰੀ ਵਾਰ 22 ਸਤੰਬਰ ਨੂੰ 7 ਤੋਂ 8 ਪੈਸੇ ਦੀ ਗਿਰਾਵਟ ਦੇਖੀ ਗਈ ਸੀ। ਦਿੱਲੀ 'ਚ ਪੈਟਰੋਲ 81.06 ਰੁਪਏ ਅਤੇ ਡੀਜ਼ਲ 70.46 ਰੁਪਏ ਪ੍ਰਤੀ ਲਿਟਰ 'ਤੇ ਸਥਿਰ ਹੈ। ਮੰਬਈ 'ਚ ਪੈਟਰੋਲ 87.74 ਰੁਪਏ ਅਤੇ ਡੀਜ਼ਲ 76.86 ਰੁਪਏ ਪ੍ਰਤੀ ਲਿਟਰ 'ਤੇ ਵਿਕ ਰਿਹਾ ਹੈ। ਕੋਲਕਾਤਾ 'ਚ ਪੈਟਰੋਲ 82.59 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 73.99 ਰੁਪਏ ਪ੍ਰਤੀ ਲਿਟਰ 'ਤੇ ਸਥਿਰ ਹੈ। ਚੇਨੱਈ 'ਚ ਪੈਟਰੋਲ ਦੀ ਕੀਮਤ 84.14 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 75.95 ਰੁਪਏ ਪ੍ਰਤੀ ਲਿਟਰ 'ਤੇ ਟਿਕੀ ਹੋਈ ਹੈ।