ਜੀ. ਐੱਸ. ਟੀ. ''ਚ ਆਉਣ ਨਾਲ ਵੀ ਸਸਤਾ ਨਹੀਂ ਹੋਵੇਗਾ ਪੈਟਰੋਲ
Saturday, Feb 03, 2018 - 12:10 PM (IST)
ਨਵੀਂ ਦਿੱਲੀ— ਇਸ ਵਾਰ ਬਜਟ 'ਚ ਪੈਟਰੋਲ-ਡੀਜ਼ਲ ਦੇ ਜੀ. ਐੱਸ. ਟੀ. 'ਚ ਆਉਣ ਦੀ ਚਰਚਾ ਸੀ। ਬਜਟ 'ਚ ਤਾਂ ਐਲਾਨ ਨਹੀਂ ਹੋਇਆ ਪਰ ਲੋਕਾਂ ਨੂੰ ਅਜਿਹਾ ਲੱਗਦਾ ਹੈ ਕਿ ਜੇਕਰ ਜੀ. ਐੱਸ. ਟੀ. 'ਚ ਪੈਟਰੋਲ-ਡੀਜ਼ਲ ਆਉਂਦਾ ਤਾਂ ਸਸਤਾ ਹੋ ਜਾਂਦਾ। ਹੁਣ ਸਰਕਾਰ ਨੇ ਵੀ ਸਾਫ ਕਰ ਦਿੱਤਾ ਹੈ ਕਿ ਜੀ. ਐੱਸ. ਟੀ. 'ਚ ਵੀ ਜੇਕਰ ਪੈਟਰੋਲ-ਡੀਜ਼ਲ ਆ ਗਿਆ ਤਾਂ ਫਿਰ ਵੀ ਤੁਹਾਨੂੰ ਇਹ ਸਸਤਾ ਨਹੀਂ ਮਿਲੇਗਾ।
ਵਿੱਤ ਸਕੱਤਰ ਹਸਮੁਖ ਅਧਿਆ ਨੇ ਇਹ ਗੱਲ ਸਾਫ ਕਰ ਦਿੱਤੀ ਕਿ ਭਾਵੇਂ ਪੈਟਰੋਲ-ਡੀਜ਼ਲ ਨੂੰ ਜੀ. ਐੱਸ. ਟੀ. ਦੇ ਦਾਇਰੇ 'ਚ ਲਿਆ ਕੇ ਇਸ 'ਤੇ ਸਭ ਤੋਂ ਉੱਚੀ ਟੈਕਸ ਦਰ 28 ਫੀਸਦੀ ਲਾ ਦਿੱਤੀ ਜਾਵੇ ਪਰ ਇਨ੍ਹਾਂ ਦੀ ਕੀਮਤ ਘੱਟ ਨਹੀਂ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਰੈਵੇਨਿਊ ਕੇਂਦਰ ਅਤੇ ਸੂਬਿਆਂ ਦੋਹਾਂ ਲਈ ਜ਼ਰੂਰੀ ਹੈ। ਬਜਟ 'ਚ ਪੈਟਰੋਲ-ਡੀਜ਼ਲ 'ਤੇ ਜੀ. ਐੱਸ. ਟੀ. ਦੇ ਮੁੱਦੇ ਦਾ ਜ਼ਿਕਰ ਨਾ ਹੋਣ 'ਤੇ ਹਸਮੁਖ ਅਧਿਆ ਨੇ ਕਿਹਾ ਕਿ ਕਿਉਂਕਿ ਬਜਟ ਦੇ ਨਾਲ ਜੀ. ਐੱਸ. ਟੀ. ਦਾ ਕੋਈ ਲੈਣਾ-ਦੇਣਾ ਨਹੀਂ ਹੈ, ਲਿਹਾਜਾ ਬਜਟ 'ਚ ਪੈਟਰੋਲ-ਡੀਜ਼ਲ ਨੂੰ ਜੀ. ਐੱਸ. ਟੀ. 'ਚ ਲਿਆਉਣ 'ਤੇ ਵਿਚਾਰ ਨਹੀਂ ਹੋਣਾ ਸੀ। ਪੈਟਰੋਲ-ਡੀਜ਼ਲ 'ਤੇ ਐਕਸਾਈਜ਼ ਡਿਊਟੀ ਘੱਟ ਕੀਤੀ ਗਈ ਹੈ। ਇਸ ਦੇ ਬਾਅਦ ਇਨ੍ਹਾਂ 'ਤੇ ਸੈੱਸ ਲਗਾਇਆ ਗਿਆ ਹੈ। ਇਸ ਸੈੱਸ ਤੋਂ ਮਿਲਣ ਵਾਲਾ ਪੈਸਾ ਸੂਬਿਆਂ 'ਚ ਬੁਨਿਆਦੀ ਢਾਂਚਾ ਮਜ਼ਬੂਤ ਕਰਨ 'ਤੇ ਇਸਤੇਮਾਲ ਹੋਵੇਗਾ। ਵਿੱਤ ਸਕੱਤਰ ਨੇ ਉਮੀਦ ਜਤਾਈ ਕਿ ਅਗਲੇ ਵਿੱਤੀ ਸਾਲ 2019 'ਚ ਜੀ. ਐੱਸ. ਟੀ. ਤੋਂ ਹੋਣ ਵਾਲੀ ਕਮਾਈ ਦਾ ਅੰਦਾਜ਼ਾ ਹੋ ਜਾਣ 'ਤੇ ਹੀ ਪੈਟਰੋਲ-ਡੀਜ਼ਲ 'ਤੇ ਜੀ. ਐੱਸ. ਟੀ. ਲਾਉਣ ਦਾ ਵਿਚਾਰ ਕੀਤਾ ਜਾ ਸਕਦਾ ਹੈ।
