ਅਮਰੀਕਾ ’ਚ ਕਰੋਡ਼ਾਂ ਲੋਕ ਲੋਨ ਦੀਆਂ ਕਿਸ਼ਤਾਂ ਦਾ ਭੁਗਤਾਨ ਕਰਨ ’ਚ ਅਸਮਰਥ

06/21/2020 1:24:11 PM

ਨਿਊਯਾਰਕ - ਅਮਰੀਕਾ ’ਚ ਕਰੋਡ਼ਾਂ ਲੋਕ ਵੱਖ-ਵੱਖ ਤਰ੍ਹਾਂ ਲਏ ਹੋਏ ਲੋਨ ਦੀਆਂ ਕਿਸ਼ਤਾਂ ਦਾ ਭੁਗਤਾਨ ਕਰਨ ’ਚ ਖੁਦ ਨੂੰ ਅਸਮਰਥ ਮਹਿਸੂਸ ਕਰ ਰਹੇ ਹਨ। ਕੋਰੋਨਾ ਵਾਇਰਸ ਕਾਰਣ ਅਮਰੀਕਾ ’ਚ ਵੱਡੀ ਗਿਣਤੀ ’ਚ ਲੋਕਾਂ ਦੀ ਆਰਥਿਕ ਹਾਲਤ ਕਮਜ਼ੋਰ ਹੋਈ ਹੈ, ਜਿਨ੍ਹਾਂ ਵਿਦਿਆਰਥੀਆਂ ਨੇ ਆਪਣੀ ਪੜ੍ਹਾਈ ਲਈ ਲੋਨ ਲਏ ਸਨ, ਉਹ ਇਸ ਸਮੇਂ ਉਨ੍ਹਾਂ ਦੀਆਂ ਕਿਸ਼ਤਾਂ ਦਾ ਭੁਗਤਾਨ ਕਰਨ ’ਚ ਬੇਵੱਸ ਹਨ। ਆਟੋ ਲੋਨ ਅਤੇ ਹੋਰ ਕਈ ਤਰ੍ਹਾਂ ਦੇ ਲੋਨ ਲੈਣ ਵਾਲੇ ਲੋਕ ਵੀ ਕਿਸ਼ਤਾਂ ਅਦਾ ਕਰਨ ’ਚ ਮੁਸ਼ਕਲ ਮਹਿਸੂਸ ਕਰ ਰਹੇ ਹਨ।

ਇਕ ਅਨੁਮਾਨ ਮੁਤਾਬਕ 1 ਮਾਰਚ ਤੋਂ ਬਾਅਦ ਅਜਿਹੇ ਲੋਕਾਂ ਦੀ ਗਿਣਤੀ ’ਚ ਵਿਸਤਾਰ ਹੋਇਆ ਹੈ, ਜਿੱਥੇ ਪਹਿਲਾਂ ਇਹ ਗਿਣਤੀ 100 ਮਿਲੀਅਨ ਦੇ ਲੱਗਭੱਗ ਸੀ ਹੁਣ ਉਹ ਜ਼ਿਆਦਾ ਹੋ ਕੇ 106 ਮਿਲੀਅਨ ਹੋ ਗਈ ਹੈ। ਅਪ੍ਰੈਲ ’ਚ ਅਜਿਹੇ ਲੋਕਾਂ ਦੀ ਗਿਣਤੀ ਮੁਸ਼ਕਲ ਦੇ ਨਾਲ 35 ਮਿਲੀਅਨ ਸੀ ਅਤੇ ਹੁਣ ਇਸ ’ਚ 3 ਗੁਣਾ ਵਿਸਤਾਰ ਹੋ ਗਿਆ ਹੈ।

ਇਕ ਕ੍ਰੈਡਿਟ ਰਿਪੋਰਟਿੰਗ ਫਰਮ ਟਰਾਂਸ ਯੂਨੀਅਨ ਮੁਤਾਬਕ ਸਭ ਤੋਂ ਜ਼ਿਆਦਾ ਮੁਸ਼ਕਲ ਵਿਦਿਆਰਥੀਆਂ ਨੂੰ ਆ ਰਹੀ ਹੈ, ਜਿਨ੍ਹਾਂ ਨੇ ਆਪਣੀ ਪੜ੍ਹਾਈ ਲਈ ਲੋਨ ਲਿਆ ਸੀ। ਇਸ ਸਮੇਂ 79 ਮਿਲੀਅਨ ਵਿਦਿਆਰਥੀਆਂ ਵੱਲੋਂ ਲੋਨ ਦੀ ਅਦਾਇਗੀ ਕਰਨ ’ਚ ਮੁਸ਼ਕਲ ਮਹਿਸੂਸ ਕੀਤੀ ਜਾ ਰਹੀ ਹੈ । 2 ਮਹੀਨੇ ਪਹਿਲਾਂ ਅਜਿਹੇ ਵਿਦਿਆਰਥੀਆਂ ਦੀ ਗਿਣਤੀ ਸਿਰਫ 18 ਮਿਲੀਅਨ ਸੀ।

ਆਟੋ ਲੋਨ ਦੇ ਖੇਤਰ ’ਚ ਵੀ ਵੱਡੀ ਗਿਣਤੀ

ਆਟੋ ਲੋਨ ਦੇ ਖੇਤਰਾਂ ’ਚ ਵੀ ਉਨ੍ਹਾਂ ਲੋਕਾਂ ਦੀ ਗਿਣਤੀ ’ਚ ਭਾਰੀ ਵਿਸਤਾਰ ਹੋਇਆ ਹੈ ਜੋ ਲਏ ਹੋਏ ਲੋਨ ਦੀ ਕਿਸ਼ਤ ਅਦਾ ਕਰਨ ’ਚ ਮੁਸ਼ਕਲ ਮਹਿਸੂਸ ਕਰ ਰਹੇ ਹਨ। 2 ਮਹੀਨੇ ਪਹਿਲਾਂ ਜਿੱਥੇ ਅਜਿਹੇ ਲੋਕਾਂ ਦੀ ਗਿਣਤੀ 1.3 ਮਿਲੀਅਨ ਸੀ, ਉਹ ਹੁਣ ਵਧ ਕੇ 7.3 ਮਿਲੀਅਨ ਹੋ ਗਈ ਹੈ। ਅਜਿਹੇ ਲੋਕਾਂ ਦੀ ਗਿਣਤੀ ’ਚ ਵਾਧੇ ਤੋਂ ਬਾਅਦ ਅਮਰੀਕਾ ਦੀਆਂ ਵੱਖ-ਵੱਖ ਕੰਪਨੀਆਂ ’ਤੇ ਲੋਕਾਂ ਨੂੰ ਰਾਹਤ ਦੇਣ ਲਈ ਦਬਾਅ ਜ਼ਿਆਦਾ ਪੈ ਰਿਹਾ ਹੈ। ਕੁੱਝ ਮਾਮਲਿਆਂ ’ਚ ਸਰਕਾਰ ਨੇ ਕੰਪਨੀਆਂ ਨੂੰ ਅਜਿਹੀਆਂ ਹਦਾਇਤਾਂ ਕੀਤੀਆਂ ਹਨ ਕਿ ਉਹ ਆਪਣੇ ਕਰਜ਼ਦਾਰਾਂ ਦੀਆਂ ਕਿਸ਼ਤਾਂ ਨੂੰ ਅੱਗੇ ਪਾ ਦੇਣ। ਇਸ ਸਬੰਧਤ ਮਾਰਚ ਮਹੀਨੇ ’ਚ ਇਕ ਪੈਕੇਜ ’ਤੇ ਸਮਝੌਤਾ ਵੀ ਹੋਇਆ ਸੀ। ਉਦੋਂ ਇਹ ਯੋਜਨਾ ਬਣੀ ਸੀ ਕਿ 30 ਸਤੰਬਰ ਤੱਕ ਲੋਕਾਂ ਕੋਲੋਂ ਲਏ ਹੋਏ ਲੋਨ ਦੀਆਂ ਕਿਸ਼ਤਾਂ ਨਾ ਲਈਆਂ ਜਾਣ। ਵਿਦਿਆਰਥੀਆਂ ਨੂੰ ਇਸ ਸਬੰਧੀ ਵਿਸ਼ੇਸ਼ ਰਾਹਤ ਦੇਣ ਦੀ ਯੋਜਨਾ ਵੀ ਬਣੀ ਸੀ। ਹੁਣ ਵੀ ਕੋਰੋਨਾ ਵਾਇਰਸ ਦੀ ਦਹਿਸ਼ਤ ਜਾਰੀ ਰਹਿਣ ਕਾਰਣ ਇਸ ਸਮੇਂ ਨੂੰ ਹੋਰ ਅੱਗੇ ਵਧਾਏ ਜਾਣ ਦੀ ਮੰਗ ਹੋ ਰਹੀ ਹੈ।


Harinder Kaur

Content Editor

Related News