Paytm ਦੇ ਸੰਸਥਾਪਕ ਨੇ ਚੀਨੀ ਐਪਸ 'ਤੇ ਪਾਬੰਦੀ ਦਾ ਕੀਤਾ ਸਮਰਥਨ, ਕਿਹਾ -ਇਹ ਹੈ ਭਾਰਤ ਦਾ ਡਿਜੀਟਲ ਇਨਕਲਾਬ

07/01/2020 3:14:15 PM

ਨਵੀਂ ਦਿੱਲੀ : ਡਿਜੀਟਲ ਪੇਮੈਂਟ ਐਪ ਪੇ.ਟੀ.ਐੱਮ. ਦੇ ਸੰਸਥਾਪਕ ਵਿਜੈ ਸ਼ੇਖਰ ਸ਼ਰਮਾ ਨੇ 59 ਚੀਨੀ ਐਪਸ 'ਤੇ ਪਾਬੰਦੀ ਲਗਾਏ ਜਾਣ ਦੇ ਭਾਰਤ ਸਰਕਾਰ ਦੇ ਫੈਸਲੇ ਦਾ ਸਮਰਥਨ ਕੀਤਾ ਹੈ। ਉਨ੍ਹਾਂ ਨੇ ਇਸ ਫੈਸਲੇ ਨੂੰ ਰਾਸ਼ਟਰ ਹਿੱਤ ਵਿਚ ਚੁੱਕਿਆ ਗਿਆ ਕਦਮ ਦੱਸਿਆ ਹੈ। ਦੱਸ ਦੇਈਏ ਕਿ ਭਾਰਤ ਸਰਕਾਰ ਨੇ ਸੋਮਵਾਰ ਦੀ ਸ਼ਾਮ ਨੂੰ ਟਿਕਟਾਕ, ਸ਼ੇਅਰ-ਇਟ, ਕੈਮਸਕੈਨਰ ਅਤੇ ਲਾਇਕੀ ਸਮੇਤ 59 ਚੀਨੀ ਐਪਸ 'ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਸੀ। ਸ਼ਰਮਾ ਦਾ ਇਹ ਬਿਆਨ ਕਾਫ਼ੀ ਅਹਿਮ ਹੈ ਕਿਉਂਕਿ ਪੇ.ਟੀ.ਐੱਮ. ਚਲਾਉਣ ਵਾਲੇ One97 Communications ਵਿਚ ਚੀਨ ਦੀ ਅਲੀਬਾਬਾ ਅਤੇ ਆਂਟ ਫਾਈਨੈਂਸ਼ੀਅਲ ਨੇ ਵੱਡਾ ਨਿਵੇਸ਼ ਕੀਤਾ ਹੈ। One97 Communications ਵਿਚ ਅਲੀਬਾਬਾ ਅਤੇ ਉਸ ਨਾਲ ਸਬੰਧ ਕੰਪਨੀਆਂ ਦੀ 25 ਫੀਸਦੀ ਹਿੱਸੇਦਾਰੀ ਹੈ।  

ਵਿਜੈ ਸ਼ੇਖਰ ਸ਼ਰਮਾ ਦੀ ਇਹ ਟਿੱਪਣੀ ਉਨ੍ਹਾਂ ਦੇ 2015 ਦੇ ਇਕ ਬਿਆਨ ਦੇ ਇਕਦਮ ਉਲਟ ਹੈ। ਉਦੋਂ ਉਨ੍ਹਾਂ ਨੇ ਹਿੰਦੀ ਫ਼ਿਲਮ ਦੇ ਇਕ ਡਾਇਲਾਗ ਦਾ ਹਵਾਲਾ ਦਿੰਦੇ ਹੋਏ ਕਿਹਾ ਸੀ ਕਿ ਮੇਰੇ ਕੋਲ ਮਾ ਹੈ...ਜੈਕ ਮਾ। ਅਜਿਹੇ ਵਿਚ ਵਿਜੈ ਸ਼ੇਖਰ ਸ਼ਰਮਾ ਦਾ ਇਹ ਬਿਆਨ ਕਾਫ਼ੀ ਵਿਰੋਧਾਭਾਸੀ ਨਜ਼ਰ ਆਉਂਦਾ ਹੈ।



ਸ਼ਰਮਾ ਨੇ ਟਵੀਟ ਕਰਕੇ ਕਿਹਾ ਹੈ, 'ਰਾਸ਼ਟਰ ਹਿੱਤ ਵਿਚ ਚੁੱਕਿਆ ਗਿਆ ਬੋਲਡ ਕਦਮ। ਆਤਮਨਿਰਭਰ ਐਪ ਇਕੋਸਿਸਟਮ ਵੱਲ ਚੁੱਕਿਆ ਗਿਆ ਇਕ ਕਦਮ। ਸਭ ਤੋਂ ਚੰਗੇ ਭਾਰਤੀ ਉੱਦਮੀਆਂ ਕੋਲ ਅੱਗੇ ਆ ਕੇ ਭਾਰਤੀਆਂ ਵੱਲੋਂ ਭਾਰਤੀਆਂ ਲਈ ਸਰਬੋਤਮ ਦੇ ਨਿਰਮਾਣ ਦਾ ਮੌਕਾ ਹੈ। ਇਹ ਹੈ ਭਾਰਤ ਦੀ ਡਿਜੀਟਲ ਕ੍ਰਾਂਤੀ!'



ਇਕ ਹੋਰ ਟਵੀਟ ਵਿਚ ਸ਼ਰਮਾ ਨੇ ਕਿਹਾ ਹੈ, ਭਾਰਤੀ ਹੋਣ 'ਤੇ ਮਾਣ ਹੈ। ਦਿਲ ਨਾਲ, ਦਿਮਾਗ ਨਾਲ ਅਤੇ ਡੰਕੇ ਨਾਲ, ਭਾਰਤੀ।' ਉਨ੍ਹਾਂ ਨਾਲ ਹੀ ਜ਼ੋਰ ਦੇ ਕੇ ਕਿਹਾ ਹੈ ਕਿ ਪੇ.ਟੀ.ਐੱਮ., ਜ਼ੋਮੈਟੋ ਅਤੇ ਹੋਰ ਭਾਰਤੀ ਕੰਪਨੀਆਂ ਹਨ।

ਪੇ.ਟੀ.ਐੱਮ. ਦੇ ਇਲਾਵਾ ਕਈ ਹੋਰ ਸਟਾਰਟਅਪਸ ਵਿਚ ਵੀ ਅਲੀਬਾਬਾ, ਟੇਂਸੈਂਟ ਸਮੇਤ ਕਈ ਚੀਨੀ ਕੰਪਨੀਆਂ ਨੇ ਵੱਡੇ ਪੈਮਾਨੇ 'ਤੇ ਨਿਵੇਸ਼ ਕੀਤਾ ਹੈ। ਆਨਲਾਈਨ ਗਰਾਸਰ ਬਿੱਗ ਬਾਸਕੇਟ, ਈ-ਕਾਮਰਸ ਫਰਮ ਸਨੈਪਡੀਲ, ਫੂਡ ਡਿਲਿਵਰੀ ਫਰਮ ਜ਼ੋਮੈਟੋ ਅਤੇ ਲਾਜੀਸਟਿਕਸ ਫਰਮ Xpressbees ਤੱਕ ਵਿਚ ਅਲੀਬਾਬਾ ਨੇ ਵੱਡਾ ਨਿਵੇਸ਼ ਕੀਤਾ ਹੈ। ਭਾਰਤ ਦੇ ਸਟਾਰਟਅਪ ਸਿਸਟਮ ਵਿਚ ਚੀਨੀ ਦਖ਼ਲ ਦਾ ਇਸ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਸਵਿਗੀ, ਬਾਈਜੂਜ ਤੋਂ ਲੈ ਕੇ ਓਲਾ ਤੱਕ ਲਗਭਗ ਹਰ ਯੂਨੀਕਾਰਨ ਕੰਪਨੀ ਵਿਚ ਚੀਨ ਨੇ ਵੱਡੇ ਪੈਮਾਨੇ 'ਤੇ ਨਿਵੇਸ਼ ਕੀਤਾ ਹੈ।

ਹਾਲਾਂਕਿ ਚੀਨ ਖ਼ਿਲਾਫ ਜ਼ਾਰੀ ਵਿਰੋਧ ਦਾ ਅਸਰ ਪੇ.ਟੀ.ਐੱਮ. 'ਤੇ ਵੀ ਪਿਆ ਹੈ। ਦਰਅਸਲ ਚਾਹੇ ਹੀ ਪੇ.ਟੀ.ਐੱਮ. ਭਾਰਤੀ ਐਪ ਹੈ ਅਤੇ ਇਸ ਦਾ ਫਾਊਂਡਰ ਵੀ ਭਾਰਤੀ ਹੈ ਪਰ ਇਸ ਵਿਚ ਚੀਨੀ ਕੰਪਨੀ ਅਲੀਬਾਬਾ ਦਾ ਵੱਡਾ ਨਿਵੇਸ਼ ਹੈ। ਅਲੀਬਾਬਾ ਜੈਕ ਮਾ ਦੀ ਕੰਪਨੀ ਹੈ, ਜੋ ਯੂ.ਸੀ. ਬ੍ਰਾਊਜ਼ਰ ਦੇ ਵੀ ਮਾਲਕ ਹਨ ਅਤੇ ਯੂ.ਸੀ. ਬ੍ਰਾਊਜ਼ਰ ਨੂੰ ਵੀ ਬੈਨ ਕੀਤਾ ਗਿਆ ਹੈ।


cherry

Content Editor

Related News