ਸਟਾਰਟਅਪ ਕੰਪਨੀਆਂ ਦੇ IPO ’ਤੇ ਲੱਗ ਸਕਦੈ Paytm ਦੀ ਖਰਾਬ ਲਿਸਟਿੰਗ ਦਾ ਗ੍ਰਹਿਣ!
Monday, Nov 22, 2021 - 01:19 PM (IST)
ਨਵੀਂ ਦਿੱਲੀ (ਇੰਟ.) – ਦੇਸ਼ ਦਾ ਸਭ ਤੋਂ ਵੱਡਾ ਆਈ. ਪੀ. ਓ. ਹੋਣ ਦੇ ਬਾਵਜੂਦ ਪੇਅ. ਟੀ. ਐੱਮ. ਦਾ ਸ਼ੇਅਰ ਬੀਤੇ 10 ਸਾਲਾਂ ’ਚ ਸਭ ਤੋਂ ਖਰਾਬ ਲਿਸਟਿੰਗ ਵਾਲਾ ਸ਼ੇਅਰ ਰਿਹਾ ਹੈ। ਇਸ ਨਾਲ ਹੁਣ ਮਾਹਰਾਂ ਦਰਮਿਆਨ ਸਟਾਰਟਅਪ ਕੰਪਨੀਆਂ ਦੇ ਆਈ. ਪੀ. ਓ. ਨੂੰ ਲੈ ਕੇ ਇਕ ਨਵੀਂ ਬਹਿਸ ਛਿੜ ਗਈ ਹੈ ਅਤੇ ਇਸ ਦਾ ਸਿੱਧਾ ਅਸਰ ਬਹੁਤ ਛੇਤੀ ਆਉਣ ਵਾਲੇ ਕਈ ਸਟਾਰਟਅਪ ਦੇ ਆਈ. ਪੀ. ਓ. ’ਤੇ ਦਿਖਾਈ ਦੇ ਸਕਦਾ ਹੈ। ਰਾਇਟਰਸ ਨੇ ਪ੍ਰਮੁੱਖ ਬਿਜ਼ਨੈੱਸ ਐਨਾਲਿਸਟ ਅਤੇ ਬੈਂਕਰਜ਼ ਦੇ ਹਵਾਲੇ ਤੋਂ ਕਿਹਾ ਕਿ ਪੇਅ. ਟੀ. ਐੱਮ. ਦੀ ਸੂਚੀ ਦੇਸ਼ ਦੇ ਇਤਿਹਾਸ ਦੀ ਸਭ ਤੋਂ ਖਰਾਬ ਲਿਸਟਿੰਗ ’ਚੋਂ ਇਕ ਹੈ। ਕੀ ਇਸ ਦਾ ਗ੍ਰਹਿਣ ਸਟਾਰਟਅਪ ਕੰਪਨੀਆਂ ਦੇ ਆਈ. ਪੀ. ਓ. ਨੂੰ ਵੀ ਲੱਗ ਸਕਦਾ ਹੈ।
ਸਭ ਤੋਂ ਚੰਗੇ ਸਾਲ ’ਚ ਸਭ ਤੋਂ ਖਰਾਬ ਲਿਸਟਿੰਗ
ਐਨਾਲਿਸਟ ਦਾ ਕਹਿਣਾ ਹੈ ਕਿ ਆਈ. ਪੀ. ਓ. ਦੇ ਲਿਹਾਜ ਨਾਲ 2021 ਸਭ ਤੋਂ ਚੰਗੇ ਸਾਲਾਂ ’ਚੋਂ ਇਕ ਹੈ। 2021 ਦੇ ਪਹਿਲੇ 9 ਮਹੀਨਿਆਂ ’ਚ ਕੰਪਨੀਆਂ ਨੇ ਆਈ. ਪੀ. ਓ. ਦੇ ਮਾਧਿਅਮ ਰਾਹੀਂ 9.7 ਅਰਬ ਡਾਲਰ (ਕਰੀਬ 720 ਅਰਬ ਰੁਪਏ) ਜੁਟਾਏ। ਇਹ ਪਿਛਲੇ 2 ਦਹਾਕਿਆਂ ’ਚ ਇਸੇ ਮਿਆਦ ਦੌਰਾਨ ਆਈ. ਪੀ. ਓ. ਤੋਂ ਜੁਟਾਈ ਗਈ ਸਭ ਤੋਂ ਵੱਧ ਰਕਮ ਹੈ। ਉੱਥੇ ਹੀ ਪੇਅ. ਟੀ. ਐੱਮ. ਦਾ ਸ਼ੇਅਰ 27 ਫੀਸਦੀ ਤੋਂ ਵੱਧ ਦੀ ਗਿਰਾਵਟ ਨਾਲ ਪਹਿਲੇ ਦਿਨ ਲਿਸਟ ਹੋਇਆ। ਇਸ ਦਾ ਆਈ. ਪੀ. ਓ. ਮੁੱਲ ਹਾਈ ਬੈਂਡ ’ਤੇ 2150 ਰੁਪਏ ਸੀ ਜਦ ਕਿ ਲਿਸਟਿੰਗ ਵਾਲੇ ਦਿਨ ਇਹ 1,560 ਰੁਪਏ ’ਤੇ ਬੰਦ ਹੋਇਆ।
ਮੋਬੀਕੁਇੱਕ ਅਤੇ ਓਯੋ ਦੀ ਵਧੀ ਚਿੰਤਾ
ਪੇਅ. ਟੀ. ਐੱਮ. ਦੀ ਖਰਾਬ ਲਿਸਟਿੰਗ ਕਾਰਨ ਹੁਣ ਮਾਹਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ’ਚ ਇਸ ਦਾ ਅਸਰ ਮੋਬੀਕੁਇੱਕ ਅਤੇ ਓਯੋ ਦੇ ਆਈ. ਪੀ. ਓ. ’ਤੇ ਪੈ ਸਕਦਾ ਹੈ। ਇਸ ’ਚ ਮੋਬੀਕੁਇੱਕ ਤਾਂ ਪੇਅ. ਟੀ. ਐੱਮ. ਵਰਗੀ ਹੀ ਪੇਮੈਂਟ ਕੰਪਨੀ ਹੈ। ਉੱਥੇ ਹੀ ਓਯੋ ਵੀ ਇਕ ਸਟਾਰਟਅਪ ਕੰਪਨੀ ਹੈ। ਸਿੰਗਾਪੁਰ ਦੇ ਪ੍ਰਮੁੱਖ ਇਨਵੈਸਟਮੈਂਟ ਅਤੇ ਫੰਡ ਮੈਨੇਜਰ ਕ੍ਰਿਸਟੀ ਫਾਗ ਨੇ ਕਿਹਾ ਕਿ ਪੇਅ. ਟੀ. ਐੱਮ. ਦੀ ਲਿਸਟਿੰਗ ਤੋਂ ਉਮੀਦ ਕੀਤੀ ਜਾ ਸਕਦੀ ਹੈ ਕਿ ਕੰਪਨੀਆਂ ਦੇ ਪ੍ਰਮੋਟਰਜ਼ ਹੁਣ ਉਨ੍ਹਾਂ ਦੀਆਂ ਕੰਪਨੀਆਂ ਦੇ ਮਾਰਕੀਟ ਕੈਪ ਨੂੰ ਲੈ ਕੇ ਥੋੜੀ-ਬਹੁਤ ਅਸਲੀਅਤ ਦੇ ਕਰੀਬ ਪਹੁੰਚਣਗੇ।