ਹੁਣ 80 ਲੱਖ ਲੋਕਾਂ ਨੂੰ ਸੇਵਾਵਾਂ ਦੇ ਸਕੇਗਾ ਪਟਨਾ ਸਾਹਿਬ ਦਾ ਹਵਾਈ ਅੱਡਾ
Thursday, Sep 24, 2020 - 08:45 PM (IST)
ਨਵੀਂ ਦਿੱਲੀ- ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਵੀਰਵਾਰ ਨੂੰ ਕਿਹਾ ਕਿ ਨਵਾਂ ਟਰਮੀਨਲ ਬਣਨ ਦੇ ਬਾਅਦ ਪਟਨਾ ਸਾਹਿਬ ਹਵਾਈ ਅੱਡਾ ਹਰ ਸਾਲ 80 ਲੱਖ ਯਾਤਰੀਆਂ ਨੂੰ ਸੇਵਾ ਪ੍ਰਦਾਨ ਕਰਨ ਦੇ ਸਮਰੱਥ ਹੋ ਜਾਵੇਗਾ। ਅਜੇ ਪਟਨਾ ਹਵਾਈ ਅੱਡੇ ਦੀ ਸਮਰੱਥਾ ਸਾਲਾਨਾ 45 ਲੱਖ ਯਾਤਰੀਆਂ ਨੂੰ ਸੰਭਾਲਣ ਦੀ ਹੈ।
ਮੰਤਰੀ ਨੇ ਕਿਹਾ ਕਿ ਪਟਨਾ ਸਾਹਿਬ ਦਾ ਬਿਹਟਾ ਹਵਾਈ ਅੱਡਾ ਸ਼ਹਿਰ ਦਾ ਦੂਜਾ ਵਪਾਰਕ ਹਵਾਈ ਅੱਡਾ ਹੋਵੇਗਾ। ਉਥੇ ਨਵਾਂ ਸਿਵਲ ਐਨਕਲੇਵ ਬਣਾਇਆ ਜਾ ਰਿਹਾ ਹੈ, ਜੋ ਸਾਲਾਨਾ 50 ਲੱਖ ਯਾਤਰੀਆਂ ਨੂੰ ਸੰਭਾਲ ਸਕੇਗਾ। ਬਿਹਟਾ ਹਵਾਈ ਅੱਡਾ 'ਲੋਕ ਨਾਇਕ ਜੈ ਪ੍ਰਕਾਸ਼ ਨਾਰਾਇਣ' (ਐੱਲ. ਐੱਨ. ਜੇ. ਪੀ.) ਹਵਾਈ ਅੱਡੇ ਤੋਂ ਲਗਭਗ 27 ਕਿਲੋਮੀਟਰ ਦੀ ਦੂਰੀ 'ਤੇ ਹੈ ਅਤੇ ਮੌਜੂਦਾ ਸਮੇਂ' ਚ ਭਾਰਤੀ ਹਵਾਈ ਫ਼ੌਜ ਦਾ ਅਧਾਰ ਹੈ।
ਪਟਨਾ ਸਾਹਿਬ ਦਾ ਮੌਜੂਦਾ ਇਕੋ-ਇਕ ਵਪਾਰਕ ਹਵਾਈ ਅੱਡਾ ਹੈ ਅਤੇ ਪੁਰੀ ਨੇ ਟਵੀਟ ਕੀਤਾ, "ਪਟਨਾ ਸਾਹਿਬ ਦਾ ਐੱਲ. ਐੱਨ. ਜੇ. ਪੀ. ਹਵਾਈ ਅੱਡਾ, ਇਸ ਵੇਲੇ ਹਰ ਸਾਲ 45.3 ਲੱਖ ਯਾਤਰੀਆਂ ਦਾ ਪ੍ਰਬੰਧਨ ਕਰਦਾ ਹੈ, ਅੱਗੇ ਦੇ ਸੁਧਾਰ ਅਤੇ ਵਿਸਥਾਰ ਲਈ ਪੂਰੀ ਤਰ੍ਹਾਂ ਤਿਆਰ ਹੈ। ਪਟਨਾ ਵਿਖੇ 1200 ਕਰੋੜ ਰੁਪਏ ਦੇ ਨਿਵੇਸ਼ ਨਾਲ ਅਤਿ ਆਧੁਨਿਕ ਤਕਨਾਲੋਜੀ ਅਤੇ ਸਹੂਲਤਾਂ ਨਾਲ ਨਵਾਂ ਟਰਮੀਨਲ ਬਣਾਇਆ ਜਾ ਰਿਹਾ ਹੈ। ਇਸ ਨਾਲ ਐੱਲ. ਐੱਨ. ਜੇ. ਪੀ. ਏਅਰਪੋਰਟ ਹਰ ਸਾਲ 80 ਲੱਖ ਯਾਤਰੀਆਂ ਨੂੰ ਸੰਭਾਲ ਸਕੇਗਾ।" ਐੱਲ. ਐੱਨ. ਜੇ. ਪੀ. ਹਵਾਈ ਅੱਡਾ ਭਾਰਤ ਦਾ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲਾ ਹਵਾਈ ਅੱਡਾ ਹੈ।
ਪੁਰੀ ਨੇ ਇਕ ਹੋਰ ਟਵੀਟ ਵਿਚ ਕਿਹਾ ਕਿ ਬਿਹਟਾ ਹਵਾਈ ਅੱਡੇ ‘ਤੇ ਏ. ਏ. ਆਈ. ਦੁਆਰਾ ਹਰ ਸਾਲ 50 ਲੱਖ ਯਾਤਰੀਆਂ ਨੂੰ ਸੰਭਾਲਣ ਦੀ ਸਮਰੱਥਾ ਵਾਲੀ 981 ਕਰੋੜ ਦੀ ਲਾਗਤ ਨਾਲ ਇਕ ਨਵਾਂ ਸਿਵਲ ਐਨਕਲੇਵ ਵਿਕਸਤ ਕੀਤਾ ਜਾਣਾ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਪਹਿਲਾਂ ਹੀ ਏ. ਏ. ਆਈ. ਨੂੰ 108 ਏਕੜ ਜ਼ਮੀਨ ਸੌਂਪ ਚੁੱਕੀ ਹੈ। ਇਹ ਪਟਨਾ ਦੇ ਦੂਸਰੇ ਹਵਾਈ ਅੱਡੇ ਵਜੋਂ ਕੰਮ ਕਰੇਗੀ। ਪੁਰੀ ਨੇ ਇਹ ਵੀ ਕਿਹਾ ਕਿ ਛੱਠ ਦੇ ਤਿਉਹਾਰ ਤੋਂ ਬਹੁਤ ਪਹਿਲਾਂ ਨਵੰਬਰ ਦੇ ਸ਼ੁਰੂ ਤੋਂ ਦਰਭੰਗਾ ਹਵਾਈ ਅੱਡੇ 'ਤੇ ਉਡਾਣਾਂ ਸ਼ੁਰੂ ਹੋਣਗੀਆਂ। ਉਨ੍ਹਾਂ ਕਿਹਾ ਕਿ ਏ. ਏ. ਆਈ. ਵੱਲੋਂ 90 ਕਰੋੜ ਰੁਪਏ ਦੀ ਲਾਗਤ ਨਾਲ ਦਰਭੰਗਾ ਹਵਾਈ ਅੱਡੇ 'ਤੇ ਟਰਮੀਨਲ ਦੀ ਇਮਾਰਤ ਦੇ ਨਾਲ ਨਵਾਂ ਸਿਵਲ ਐਨਕਲੇਵ ਵੀ ਬਣਾਇਆ ਜਾ ਰਿਹਾ ਹੈ।