31 ਮਾਰਚ ਤੱਕ PAN-ਆਧਾਰ ਕਰ ਲਓ ਲਿੰਕ, ਨਹੀਂ ਤਾਂ ਲੱਗੇਗਾ ਇੰਨਾ ਜੁਰਮਾਨਾ
Sunday, Mar 21, 2021 - 08:39 AM (IST)

ਨਵੀਂ ਦਿੱਲੀ- ਸਰਕਾਰ ਨੇ ਪੈਨ ਨੰਬਰ ਨੂੰ ਆਧਾਰ ਨਾਲ ਲਿੰਕ ਕਰਨ ਲਈ 31 ਮਾਰਚ 2021 ਤੱਕ ਦਾ ਸਮਾਂ ਦਿੱਤਾ ਹੈ। ਇਸ ਤਾਰੀਖ਼ ਤੱਕ ਲਿਕਿੰਗ ਨਾ ਹੋਣ ਕਾਰਨ ਤੁਹਾਡਾ ਪੈਨ ਰੱਦ ਕੀਤਾ ਜਾ ਸਕਦਾ ਹੈ। ਫਾਈਨੈਂਸ ਐਕਟ 2017 ਦੇ ਨਿਯਮਾਂ ਵਿਚ ਹੋਏ ਬਦਲਾਅ ਤੋਂ ਬਾਅਦ ਆਧਾਰ ਅਤੇ ਪੈਨ ਨੂੰ ਲਿੰਕ ਕਰਨਾ ਜ਼ਰੂਰੀ ਹੋ ਗਿਆ ਹੈ। ਇਕ ਰੱਦ ਪੈਨ ਦੀ ਵਰਤੋਂ ਕਰਨਾ ਤੁਹਾਨੂੰ ਮਹਿੰਗਾ ਪੈ ਸਕਦਾ ਹੈ ਅਤੇ ਇਨਕਮ ਟੈਕਸ ਐਕਟ ਦੀ ਧਾਰਾ 272-ਬੀ ਤਹਿਤ 10,000 ਰੁਪਏ ਤੱਕ ਦਾ ਜੁਰਮਾਨਾ ਲੱਗ ਸਕਦਾ ਹੈ।
ਤੁਸੀਂ ਪੈਨ ਦਾ ਇਸਤੇਮਾਲ ਉਦੋਂ ਤੱਕ ਨਹੀਂ ਕਰ ਸਕੋਗੇ ਜਦੋਂ ਤੱਕ ਤੁਸੀਂ ਇਸ ਨੂੰ ਆਧਾਰ ਨਾਲ ਲਿੰਕ ਨਹੀਂ ਕਰ ਲੈਂਦੇ। ਸਰਲ ਸ਼ਬਦਾਂ ਵਿਚ ਸਮਝੀਏ ਤਾਂ ਜਿੱਥੇ ਪੈਨ ਜ਼ਰੂਰੀ ਹੈ ਉੱਥੇ ਕੋਈ ਵਿੱਤੀ ਲੈਣ-ਦੇਣ ਨਹੀਂ ਕਰ ਸਕੋਗੇ।
ਪੈਨ-ਆਧਾਰ ਨੂੰ ਤੁਸੀਂ 567678 ਜਾਂ 56161 'ਤੇ ਮੈਸੇਜ ਭੇਜ ਕੇ ਵੀ ਲਿੰਕ ਕਰ ਸਕਦੇ ਹੋ। ਇਸ ਲਈ ਤੁਹਾਨੂੰ UIDPAN ਫਿਰ ਸਪੇਸ ਦੇ ਕੇ ਆਧਾਰ ਨੰਬਰ ਅਤੇ ਪੈਨ ਨੰਬਰ (UIDPAN <12 Digit Aadhaar> <10 Digit PAN>) ਲਿਖ ਕੇ ਭੇਜਣਾ ਹੋਵੇਗਾ। ਦੂਜਾ ਤਰੀਕਾ ਹੈ, ਈ-ਫਾਈਲਿੰਗ ਪੋਰਟਲ www.incometaxindiaefiling.gov.in, ਜਿਸ 'ਤੇ ਜਾ ਕੇ ਤੁਸੀਂ ਪੈਨ ਅਤੇ ਆਧਾਰ ਨੂੰ ਲਿੰਕ ਕਰ ਸਕਦੇ ਹੋ। ਗੌਰਤਲਬ ਹੈ ਕਿ ਇਨਕਮ ਟੈਕਸ ਫਾਈਲਿੰਗ ਲਈ ਪੈਨ ਕਾਰਡ ਅਤੇ ਆਧਾਰ ਦਾ ਲਿੰਕ ਹੋਣਾ ਪਹਿਲਾਂ ਹੀ ਲਾਜ਼ਮੀ ਹੈ।