ਪਾਕਿ 30 ਤਕ ਨਹੀਂ ਖੋਲ੍ਹੇਗਾ ਹਵਾਈ ਰਾਹ, ਮਹਿੰਗਾ ਪਵੇਗਾ ਸਫਰ

05/16/2019 3:43:19 PM

ਨਵੀਂ ਦਿੱਲੀ— ਪਾਕਿਸਤਾਨ ਫਿਲਹਾਲ 30 ਮਈ ਤਕ ਭਾਰਤੀ ਜਹਾਜ਼ਾਂ ਨੂੰ ਉਸ ਦੇ ਹਵਾਈ ਖੇਤਰ 'ਚੋਂ ਲੰਘਣ ਦੀ ਇਜਾਜ਼ਤ ਨਹੀਂ ਦੇਣ ਜਾ ਰਿਹਾ। ਇਸ ਕਾਰਨ ਅਮਰੀਕਾ ਤੇ ਯੂਰਪ ਜਾਣ ਵਾਲੇ ਭਾਰਤੀ ਜਹਾਜ਼ਾਂ ਨੂੰ ਹੁਣ ਵੀ ਲੰਮਾ ਰੂਟ ਲੈਣਾ ਪਵੇਗਾ ਤੇ ਹਵਾਈ ਯਾਤਰਾ ਮਹਿੰਗੀ ਰਹਿਣ ਦੀ ਸੰਭਾਵਨਾ ਹੈ। ਇਸਲਾਮਾਬਾਦ ਭਾਰਤ 'ਚ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੀ ਉਡੀਕ ਕਰ ਰਿਹਾ ਹੈ ਤੇ ਉਸ ਮਗਰੋਂ ਹੀ ਕੋਈ ਫੈਸਲਾ ਲਵੇਗਾ। ਬੁੱਧਵਾਰ ਪਾਕਿਸਤਾਨ ਨੇ ਫੈਸਲਾ ਕੀਤਾ ਹੈ ਕਿ ਭਾਰਤੀ ਜਹਾਜ਼ਾਂ ਦੇ ਇਸਲਾਮਬਾਦ ਦੇ ਹਵਾਈ ਖੇਤਰ 'ਚੋਂ ਲੰਘਣ 'ਤੇ ਲੱਗੀ ਪਾਬੰਦੀ 30 ਮਈ 2019 ਤਕ ਨਹੀਂ ਹਟਾਈ ਜਾਵੇਗੀ।

 

 

ਜ਼ਿਕਰਯੋਗ ਹੈ ਕਿ 26 ਫਰਵਰੀ ਨੂੰ ਬਾਲਾਕੋਟ 'ਚ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਟਿਕਾਣਿਆਂ 'ਤੇ ਭਾਰਤੀ ਹਵਾਈ ਫੌਜ ਦੀ ਕਾਰਵਾਈ ਨਾਲ ਭੜਕੇ ਪਾਕਿਸਤਾਨ ਨੇ ਆਪਣਾ ਹਵਾਈ ਖੇਤਰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਸੀ। 
ਹਾਲਾਂਕਿ, ਪਾਕਿਸਤਾਨ ਨੇ 27 ਮਾਰਚ ਨੂੰ ਨਵੀਂ ਦਿੱਲੀ, ਬੈਂਕਾਕ ਅਤੇ ਕੁਆਲਾਲੰਪੁਰ ਨੂੰ ਛੱਡ ਕੇ ਬਾਕੀ ਸਭ ਉਡਾਣਾਂ ਨੂੰ ਲੰਘਣ ਦੀ ਹਰੀ ਝੰਡੀ ਦੇ ਦਿੱਤੀ ਸੀ। ਪਾਕਿਸਤਾਨ ਦੀ ਸਰਕਾਰ ਹੁਣ 30 ਮਈ ਨੂੰ ਭਾਰਤੀ ਉਡਾਣਾਂ ਲਈ ਹਵਾਈ ਖੇਤਰ ਖੋਲ੍ਹਣ ਬਾਰੇ ਵਿਚਾਰ ਕਰੇਗੀ। ਇਸ ਪਾਬੰਦੀ ਕਾਰਨ ਪਾਕਿਸਤਾਨ ਨੂੰ ਵੀ ਰੋਜ਼ਾਨਾ ਲੱਖਾਂ ਦਾ ਨੁਕਸਾਨ ਹੋ ਰਿਹਾ ਹੈ। ਪਾਕਿਸਤਾਨ ਨੇ 8 ਫਲਾਈਟਾਂ ਨੂੰ ਰੱਦ ਕੀਤਾ ਹੈ, ਜਿਸ 'ਚ ਦੋ ਫਲਾਈਟਾਂ ਦਾ ਦਿੱਲੀ ਆਉਣਾ-ਜਾਣਾ ਹੁੰਦਾ ਸੀ। ਪਕਿਸਤਾਨ ਇੰਟਰਨੈਸ਼ਨਲ ਏਅਰਲਾਈਨ (ਪੀ. ਆਈ. ਏ.) ਦੇ ਇਕ ਅਧਿਕਾਰੀ ਨੇ ਇਕ ਮੀਡੀਆ ਰਿਪੋਰਟ 'ਚ ਕਿਹਾ ਕਿ ਹਵਾਈ ਖੇਤਰ ਬੰਦ ਹੋਣ ਕਾਰਨ ਨਾ ਸਿਰਫ ਉਨ੍ਹਾਂ ਨੂੰ ਵਿੱਤੀ ਨੁਕਸਾਨ ਹੋ ਰਿਹਾ ਸਗੋਂ ਉਨ੍ਹਾਂ ਦੇ ਮੁਸਾਫਰਾਂ ਦੀ ਗਿਣਤੀ ਵੀ ਘੱਟ ਰਹੀ ਹੈ। ਇਸ ਮਾਮਲੇ ਨੂੰ ਹੁਣ ਸੁਲਝਾ ਲੈਣਾ ਚਾਹੀਦਾ ਹੈ।


Related News