ਦਿੱਲੀ ਹਵਾਈ ਅੱਡੇ ’ਤੇ ਯਾਤਰੀਆਂ ਦੀ ਭਰਮਾਰ, ਕੋਵਿਡ ਮਹਾਮਾਰੀ ਤੋਂ ਪਹਿਲਾਂ ਦਾ ਟੁੱਟਾ ਰਿਕਾਰਡ
Saturday, May 21, 2022 - 12:15 PM (IST)

ਨਵੀਂ ਦਿੱਲੀ–ਮਾਰਚ ’ਚ ਦੁਨੀਆ ਦੇ ਤੀਜੇ ਸਭ ਤੋਂ ਬਿਜ਼ੀ ਦਿੱਲੀ ਹਵਾਈ ਅੱਡੇ ਨੇ ਹੁਣ ਰੋਜ਼ਾਨਾ ਔਸਤ ਘਰੇਲੂ ਆਵਾਜਾਈ ਦੇ ਕੋਵਿਡ ਤੋਂ ਪਹਿਲਾਂ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ ਅਤੇ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਇਸ ਦੇ ਹੋਰ ਵਧਣ ਦੀ ਉਮੀਦ ਹੈ। ਇਕ ਮੀਡੀਆ ਰਿਪੋਰਟ ਦੇ ਅੰਕੜਿਆਂ ਮੁਤਾਬਕ ਲਗਭਗ 1,51,000 ਘਰੇਲੂ ਮੁਸਾਫਰਾਂ ਨੇ 17 ਅਪ੍ਰੈਲ ਨੂੰ ਦਿੱਲੀ ਹਵਾਈ ਅੱਡੇ ਦੀ ਵਰਤੋਂ ਕੀਤੀ ਜੋ ਇਕ ਲੰਮੇ ਹਫਤੇ ਦਾ ਆਖਰੀ ਦਿਨ ਸੀ। ਮਹਾਮਾਰੀ ਤੋਂ ਬਾਅਦ ਲਗਾਏ ਲਾਕਡਾਊਨ ਤੋਂ ਬਾਅਦ ਇਹ ਸਭ ਤੋਂ ਵੱਡੀ ਗਿਣਤੀ ਸੀ। ਇਹ 1 ਜਨਵਰੀ ਤੋਂ 10 ਮਈ 2019 ਤੱਕ ਲਗਭਗ 129,000 ਮੁਸਾਫਰਾਂ ਦੀ ਰੋਜ਼ਾਨਾ ਔਸਤ ਦੇ ਮੁਕਾਬਲੇ ਤੋਂ ਵੀ ਕਾਫੀ ਵੱਧ ਸੀ।
ਰੋਜ਼ਾਨਾ 1,30,000 ਤੋਂ ਵੱਧ ਲੋਕਾਂ ਨੇ ਕੀਤੀ ਯਾਤਰਾ
ਪਿਛਲੇ ਤਿੰਨ ਮਹੀਨਿਆਂ ’ਚ ਰੋਜ਼ਾਨਾ 1,30,000 ਤੋਂ ਵੱਧ ਲੋਕਾਂ ਨੇ ਦਿੱਲੀ ਹਵਾਈ ਅੱਡੇ ਤੋਂ ਯਾਤਰਾ ਕੀਤੀ ਹੈ ਜੋ 2019 ’ਚ 1 ਜਨਵਰੀ ਤੋਂ 10 ਮਈ ਤੱਕ ਔਸਤ ਰੋਜ਼ਾਨਾ ਯਾਤਰੀਆਂ ਤੋਂ ਵੱਧ ਹੈ। ਦਿੱਲੀ ਹਵਾਈ ਅੱਡੇ ਤੋਂ ਯਾਤਰਾ ਕਰਨ ਵਾਲੇ ਮੁਸਾਫਰਾਂ ਨੇ 5 ਚੋਟੀ ਦੇ ਸ਼ਹਿਰਾਂ ਜਿਵੇਂ ਮੁੰਬਈ, ਬੇਂਗਲੁਰੂ, ਸ਼੍ਰੀਨਗਰ, ਹੈਦਰਾਬਾਦ ਅਤੇ ਕੋਲਕਾਤਾ ਲਈ ਉਡਾਣਾਂ ਭਰੀਆਂ। ਹਵਾਈ ਅੱਡੇ ਦੇ ਇਕ ਅਧਿਕਾਰੀ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਕਿਹਾ ਕਿ ਦਿੱਲੀ ਹਵਾਈ ਅੱਡਾ ਔਸਤਨ 867 ਘਰੇਲੂ ਉਡਾਣਾਂ ਸੰਚਾਲਿਤ ਕਰ ਰਿਹਾ ਹੈ ਜੋ 2021 ’ਚ 732 ਅਤੇ 2020 ’ਚ 627 ਸਨ। ਦੂਜੇ ਪਾਸੇ ਕੌਮਾਂਤਰੀ ਯਾਤਰੀ ਆਵਾਜਾਈ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ਦਾ ਸਿਰਫ 60 ਫੀਸਦੀ ਤੱਕ ਹੀ ਠੀਕ ਹੋ ਸਕਿਆ ਹੈ।
ਇਸ ਸਾਲ ਦੀ ਔਸਤ ਰੋਜ਼ਾਨਾ ਕੌਮਾਂਤਰੀ ਮੁਸਾਫਰਾਂ ਦੀ ਗਿਣਤੀ 28,000 ਹੈ ਜੋ 2019 ’ਚ ਲਗਭਗ 50,000 ਤੋਂ ਘੱਟ ਹੈ। ਹਾਲਾਂਕਿ ਮਈ ਦੇ ਪਹਿਲੇ 10 ਦਿਨਾਂ ’ਚ ਰੋਜ਼ਾਨਾ ਔਸਤ ਅਪ੍ਰੈਲ ’ਚ 32,800 ਤੋਂ ਵਧ ਕੇ 33,000 ਸੀ ਜੋ ਮਹੀਨੇ-ਦਰ-ਮਹੀਨੇ ਦੇ ਵਾਧੇ ਨੂੰ ਦਰਸਾਉਂਦਾ ਹੈ।