ਆਨਲਾਈਨ ਗਰਾਸਰੀ ਖ਼ਰੀਦਣ ਲਈ ਸਮੇਂ ਤੋਂ ਪਹਿਲਾਂ ਕਰੋ ਆਰਡਰ, ਡਿਲਿਵਰੀ ’ਚ ਹੋ ਰਹੀ ਦੇਰੀ
Friday, May 07, 2021 - 11:44 AM (IST)
ਨਵੀਂ ਦਿੱਲੀ (ਇ.ਟਾ.) – ਦੇਸ਼ ’ਚ ਕੋਰੋਨਾ ਵਾਇਰਸ ਸੰਕਟ ਕਾਰਨ ਕਈ ਇਲਾਕਿਆਂ ’ਚ ਨਾਈਟ ਕਰਫਿਊ ਅਤੇ ਵੀਕੈਂਡ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ। ਇਸ ਕਾਰਨ ਆਨਲਾਈਨ ਗ੍ਰਾਸਰੀ ਪਲੇਟਫਾਰਮ ਤੋਂ ਸਾਮਾਨ ਆਰਡਰ ਕਰਨ ਵਾਲੇ ਗਾਹਕਾਂ ਨੂੰ ਡਲਿਵਰੀ ’ਚ ਆਮ ਨਾਲੋਂ ਵੱਧ ਸਮਾਂ ਲੱਗ ਰਿਹਾ ਹੈ। ਹੁਣ ਗਾਹਕਾਂ ਨੂੰ ਡਲਿਵਰੀ ’ਚ 3 ਤੋਂ 7 ਦਿਨ ਦਾ ਸਮਾਂ ਲੱਗ ਰਿਹਾ ਹੈ। ਜੇ ਗੱਲ ਦੇਸ਼ ਦੇ ਈ-ਕਾਮਰਸ ਸੈਕਟਰ ’ਚ ਕੰਮਕਾਜ ਕਰ ਰਹੀਆਂ ਵੱਡੀਆਂ ਕੰਪਨੀਆਂ ਦੀ ਕਰੀਏ ਤਾਂ ਐਮਾਜ਼ੋਨ, ਫਲਿੱਪਕਾਰਟ, ਬਿੱਗ ਬਾਸਕੇਟ ਅਤੇ ਗ੍ਰੋਫਰਸ ਵਰਗੀਆਂ ਕੰਪਨੀਆਂ ਸਾਮਾਨ ਡਲਿਵਰ ਕਰਨ ’ਚ ਵਧੇਰੇ ਸਮਾਂ ਲੈ ਰਹੀਆਂ ਹਨ। ਕੋਰੋਨਾ ਦੀ ਦੂਜੀ ਲਹਿਰ ਤੋਂ ਪ੍ਰਭਾਵਿਤ ਇਲਾਕਿਆਂ ’ਚ ਅਜਿਹਾ ਦੇਖਣ ਨੂੰ ਮਿਲ ਰਿਹਾ ਹੈ।
ਇਸ ਦੇ ਦੋ ਕਾਰਨ ਹਨ, ਇਕ ਤਾਂ ਈ-ਕਾਮਰਸ ਸਾਈਟ ’ਤੇ ਆਉਣ ਵਾਲੇ ਆਰਡਰ ਦੀ ਗਿਣਤੀ ਕਾਫੀ ਵਧ ਗਈ ਹੈ। ਇਕ ਹੋਰ ਪ੍ਰਮੁੱਖ ਕਾਰਨ ਇਹ ਹੈ ਕਿ ਈ-ਕਾਮਰਸ ਕੰਪਨੀਆਂ ਕੋਲ ਸਪਲਾਈ ਚੇਨ ਸਟਾਫ ਦੀ ਕਮੀ ਹੋ ਗਈ ਹੈ। ਪਿਛਲੇ ਸਾਲ ਦੇਸ਼ ਭਰ ’ਚ ਲਾਕਡਾਊਨ ਲਗਾਉਣ ਤੋਂ ਬਾਅਦ ਵੀ ਈ-ਕਾਮਰਸ ਕੰਪਨੀਆਂ ਨੂੰ ਇਸ ਤਰ੍ਹਾਂ ਦੀ ਦਿੱਕਤ ਆਈ ਸੀ। ਦੇਸ਼ ’ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਪਹਿਲੇ ਪੜਾਅ ’ਚ ਆਨਲਾਈਨ ਕਾਰੋਬਾਰ ਕਰਨ ਵਾਲੀਆਂ ਕੰਪਨੀਆਂ ਨੂੰ ਸਾਮਾਨ ਦੀ ਡਲਿਵਰੀ ਕਰਨ ’ਚ ਕਾਫੀ ਸਮੱਸਿਆ ਆ ਰਹੀ ਸੀ, ਇਸ ਵਾਰ ਹਾਲਾਂਕਿ ਹਾਲਾਤ ਵੱਖ ਹਨ।
ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਦਰਮਿਆਨ Swiggy ਦਾ ਵੱਡਾ ਫ਼ੈਸਲਾ, ਕੰਪਨੀ ਨੇ ਆਪਣੇ ਮੁਲਾਜ਼ਮਾਂ ਦੇ ਕੰਮਕਾਜ ਵਾਲੇ ਦਿਨ ਘਟਾਏ
ਵੀਕੈਂਡ ਲਾਕਡਾਊਨ ਦਾ ਅਸਰ ਘੱਟ
ਈ-ਕਾਮਰਸ ਕੰਪਨੀਆਂ ਲਈ ਇਸ ਵਾਰ ਜ਼ਰੂਰੀ ਸਾਮਾਨ ਦੀ ਸਪਲਾਈ ’ਚ ਕੋਈ ਰੁਕਾਵਟ ਨਹੀਂ ਹੈ। ਦੇਸ਼ ਦੀ ਆਨਲਾਈਨ ਗ੍ਰਾਸਰੀ ਵੇਚਣ ਵਾਲੀ ਸਭ ਤੋਂ ਵੱਡੀ ਕੰਪਨੀ ਬਿੱਗ ਬਾਸਕੇਟ ਨੇ ਆਪਣੇ ਗਾਹਕਾਂ ਨੂੰ ਕਿਹਾ ਹੈ ਕਿ ਉਹ ਆਪਣੀ ਲੋੜ ਤੋਂ ਕੁਝ ਸਮਾਂ ਪਹਿਲਾਂ ਆਰਡਰ ਕਰਨ। ਇਸ ਦੇ ਨਾਲ ਹੀ ਕੰਪਨੀ ਨੇ ਕਿਹਾ ਕਿ ਜੇ ਸੰਭਵ ਹੋਵੇ ਤਾਂ ਆਪਣੇ ਗੁਆਂਢੀਆਂ ਨਾਲ ਚੀਜ਼ਾਂ ਸ਼ੇਅਰ ਕਰੋ। ਇਸ ਨਾਲ ਬਿੱਗ ਬਾਸਕੇਟ ਦੇ ਪਲੇਟਫਾਰਮ ’ਤੇ ਲੋਡ ਘੱਟ ਕਰਨ ’ਚ ਮਦਦ ਮਿਲੇਗੀ। ਕੰਪਨੀ ਨੇ ਕਿਹਾ ਕਿ ਲੋਕਾਂ ਨੂੰ ਆਪਣੇ ਆਰਡਰ ਦੀ ਡਲਿਵਰੀ ਹੋਣ ’ਚ ਘੱਟ ਤੋਂ ਘੱਟ ਦੋ-ਤਿੰਨ ਦਾ ਸਮਾਂ ਲੱਗ ਸਕਦਾ ਹੈ।
ਇਹ ਵੀ ਪੜ੍ਹੋ : ਭਾਰਤੀ ਅਰਥਚਾਰੇ ਨੂੰ ਲੱਗ ਸਕਦੈ ਝਟਕਾ! ਸੀਰਮ ਇੰਸਟੀਚਿਊਟ ਸਮੇਤ 20 ਕੰਪਨੀਆਂ ਯੂ.ਕੇ. 'ਚ ਕਰਨਗੀਆਂ ਵੱਡਾ ਨਿਵੇਸ਼
ਡਲਿਵਰੀ ਦੇ ਸਮੇਂ ਹੀ ਚੈੱਕ ਕਰੋ ਆਰਡਰ
ਬਿੱਗ ਬਾਸਕੇਟ ਨੇ ਕਿਹਾ ਕਿ ਅਸੀਂ ਤੁਹਾਨੂੰ ਇਹ ਵੀ ਬੇਨਤੀ ਕਰਦੇ ਹਾਂ ਕਿ ਸਾਮਾਨ ਦੀ ਡਲਿਵਰੀ ਦੇ ਸਮੇਂ ਤੁਸੀਂ ਆਪਣੀ ਆਈਟਮ ਨੂੰ ਚੈੱਕ ਕਰੋ ਅਤੇ ਉਸੇ ਸਮੇਂ ਰਿਟਰਨ ਜਾਂ ਰਿਪਲੇਸਮੈਂਟ ਦੀ ਰਿਕਵੈਸਟ ਪਾ ਦਿਓ। ਇਸ ਨਾਲ ਡਲਿਵਰੀ ਬੁਆਏ ਦਾ ਵਾਧੂ ਚੱਕਰ ਬਚਾਉਣ ’ਚ ਮਦਦ ਮਿਲੇਗੀ। ਇਸ ਨਾਲ ਅਸੀਂ ਵੱਧ ਤੋਂ ਵੱਧ ਗਾਹਕਾਂ ਦੀ ਸੇਵਾ ਕਰ ਸਕਾਂਗੇ। ਬੇਂਗਲੁਰੂ ਅਤੇ ਦਿੱਲੀ ਵਰਗੇ ਸ਼ਹਿਰਾਂ ’ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਗੰਭੀਰ ਅਸਰ ਦੇਖਣ ਨੂੰ ਮਿਲ ਰਿਹਾ ਹੈ। ਗ੍ਰੋਫਰਸ ਅਤੇ ਇਸ ਤਰ੍ਹਾਂ ਦੀਆਂ ਕੰਪਨੀਆਂ ਨੂੰ ਇਨ੍ਹਾਂ ਦੋਹਾਂ ਸ਼ਹਿਰਾਂ ’ਚ ਡਲਿਵਰੀ ਕਰਨ ’ਚ 4 ਤੋਂ 7 ਦਿਨ ਦਾ ਸਮਾਂ ਲੱਗ ਰਿਹਾ ਹੈ।
ਇਹ ਵੀ ਪੜ੍ਹੋ : 'ਕੋਰੋਨਾ ਨੂੰ ਹਰਾਉਣ ਲਈ ਚੁੱਕਣੇ ਪੈਣਗੇ ਇਹ ਮਹੱਤਵਪੂਰਨ ਕਦਮ'
ਆਰਡਰ ’ਚ ਕਾਫੀ ਵਾਧਾ
ਈ-ਕਾਮਰਸ ਕੰਪਨੀਆਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਮੇਂ ’ਚ ਚੋਣਵੀਆਂ ਆਈਟਮ ਦੇ ਆਰਡਰ ’ਚ ਕਾਫੀ ਵਾਧਾ ਹੋਇਆ ਹੈ। ਇਸ ਕਾਰਨ ਕਈ ਇਲਾਕਿਆਂ ’ਚ ਸਾਮਾਨ ਦੀ ਕਮੀ ਹੋ ਗਈ ਹੈ। ਐਮਾਜ਼ੋਨ ਦੀ ਐਕਸਪ੍ਰੈੱਸ ਗ੍ਰਾਸਰੀ ਡਲਿਵਰੀ ਸਰਵਿਸ ਅਤੇ ਫਲਿੱਪਕਾਰਟ ਸੁਪਰਮਾਰਟ ’ਚ ਵੀ ਇਕ ਮਹੀਨਾ ਪਹਿਲਾਂ ਦੀ ਤੁਲਨਾ ’ਚ ਆਰਡਰ ਦੀ ਗਿਣਤੀ ਅਚਾਨਕ ਵਧ ਗਈ ਹੈ। ਇਕ ਈ-ਕਾਮਰਸ ਕੰਪਨੀ ਦੇ ਐਗਜ਼ੀਕਿਊਟਿਵ ਨੇ ਕਿਹਾ ਕਿ ਸਾਡੇ ਕੋਲ ਆਉਣ ਵਾਲੇ ਆਰਡਰ ਦੀ ਗਿਣਤੀ ’ਚ ਕਾਫੀ ਵਾਧਾ ਦਰਜ ਕੀਤਾ ਜਾ ਰਿਹਾ ਹੈ। ਅਸੀਂ ਡਲਿਵਰੀ ਟਾਈਮ ਲਾਈਨ ਨੂੰ ਬੈਲੈਂਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਪਿਛਲੇ ਸਾਲ ਦੀ ਤੁਲਨਾ ’ਚ ਸਾਡੇ ਡਲਿਵਰੀ ਸਟਾਫ ਇਸ ਵਾਰ ਵਧੇਰੇ ਇਨਫੈਕਟਡ ਹੋ ਰਹੇ ਹਨ, ਜਿਸ ਕਾਰਨ ਡਲਿਵਰੀ ’ਚ ਸਮੱਸਿਆ ਵਧ ਗਈ ਹੈ।
ਇਹ ਵੀ ਪੜ੍ਹੋ : ਵਰਚੁਅਲ ਸੰਮੇਲਨ ਤੋਂ ਪਹਿਲਾਂ ਇਕ ਅਰਬ ਪਾਊਂਡ ਦੇ ਨਿਵੇਸ਼ 'ਤੇ ਮੋਦੀ-ਬੋਰਿਸ 'ਚ ਬਣੀ ਸਹਿਮਤੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੋ ਕਰੋ।