ਅਰਥਵਿਵਸਥਾਵਾਂ ’ਚ ਸੁਧਾਰ ਆਉਣ ਦੇ ਨਾਲ ਤੇਲ ਉਤਪਾਦਨ ਵਧਾਏਗਾ ਓਪੇਕ
Thursday, Jun 03, 2021 - 09:00 AM (IST)
ਫ੍ਰੈਂਕਫਰਟ (ਇੰਟ.) – ਤੇਲ ਬਰਾਮਦ ਕਰਨ ਵਾਲੇ ਦੇਸ਼ਾਂ ਦੇ ਸੰਗਠਨ (ਓਪੇਕ) ਅਤੇ ਸਹਿਯੋਗੀ ਉਤਪਾਦਕ ਦੇਸ਼ ਤੇਲ ਉਤਪਾਦਨ ਵਧਾ ਕੇ 21 ਲੱਖ ਬੈਰਲ ਰੋਜ਼ਾਨਾ ਕਰਨਗੇ। ਕੁਝ ਦੇਸ਼ਾਂ ’ਚ ਆਰਥਿਕ ਰਿਵਾਈਵਲ ਨੂੰ ਦੇਖਦੇ ਹੋਏ ਇਹ ਫੈਸਲਾ ਕੀਤਾ ਹੈ।
ਅਸਲ ’ਚ ਓਪੇਕ ਅਤੇ ਸਬੰਧਤ ਉਤਪਾਦਕ ਦੇਸ਼ਾਂ ਦੇ ਮੈਂਬਰ ਕੌਮਾਂਤਰੀ ਤੇਲ ਬਾਜ਼ਾਰਾਂ ’ਚ ਵਿਰੋਧੀ ਦਬਾਅ ਨਾਲ ਜੂਝ ਰਹੇ ਹਨ। ਇਕ ਪਾਸੇ ਜਿਥੇ ਭਾਰਤ ਵਰਗੇ ਕੁਝ ਦੇਸ਼ਾਂ ’ਚ ਕੋਵਿਡ-19 ਇਨਫੈਕਸ਼ਨ ਦੇ ਵਧਦੇ ਮਾਮਲਿਆਂ ਕਾਰਨ ਮੰਗ ਘੱਟ ਹੋਣ ਦਾ ਖਦਸ਼ਾ ਹੈ, ਜਦ ਕਿ ਕੁਝ ਦੇਸ਼ਾਂ ’ਚ ਆਰਥਿਕ ਰਿਵਾਈਵਲ ਹੋ ਰਿਹਾ ਹੈ, ਜਿਸ ਨਾਲ ਮੰਗ ਵਧਣ ਦੀ ਉਮੀਦ ਹੈ। ਸੰਗਠਨ ਨੇ ਸਾਰੇ ਪਹਿਲੂਆਂ ’ਤੇ ਵਿਚਾਰ ਕਰਨ ਤੋਂ ਬਾਅਦ ਤੇਲ ਉਤਪਾਦਨ ਵਧਾਉਣ ਦਾ ਫੈਸਲਾ ਕੀਤਾ।
ਕੌਮਾਂਤਰੀ ਮੰਗ ਅਤੇ ਕੀਮਤਾਂ ’ਤੇ ਅਸਰ ਪਵੇਗਾ
ਸਾਊਦੀ ਅਰਬ ਦੀ ਅਗਵਾਈ ’ਚ ਓਪੇਕ ਅਤੇ ਹੋਰ ਸਹਿਯੋਗੀ ਦੇਸ਼ਾਂ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਭਾਰਤ ਵਰਗੇ ਦੇਸ਼ਾਂ ’ਚ ਕੋਵਿਡ-19 ਮਹਾਮਾਰੀ ਫੈਲਣ ਨਾਲ ਕੌਮਾਂਤਰੀ ਮੰਗ ਅਤੇ ਕੀਮਤਾਂ ’ਤੇ ਅਸਰ ਪਵੇਗਾ। ਭਾਰਤ ਪ੍ਰਮੁੱਖ ਤੇਲ ਖਪਤਕਾਰ ਬਾਜ਼ਾਰ ਹੈ। ਤੇਲ ਉਤਪਾਦਕ ਦੇਸ਼ਾਂ ਨੇ 2020 ’ਚ ਮਹਾਮਾਰੀ ਕਾਰਨ ਆਈ ਨਰਮੀ ਨੂੰ ਦੇਖਦੇ ਹੋਏ ਕੀਮਤਾਂ ਨੂੰ ਸਮਰਥਨ ਦੇਣ ਦੇ ਇਰਾਦੇ ਨਾਲ ਉਤਪਾਦਨ ’ਚ ਜ਼ਿਕਰਯੋਗ ਕਟੌਤੀ ਕੀਤੀ ਸੀ ਅਤੇ ਹੁਣ ਉਨ੍ਹਾਂ ਨੂੰ ਇਸ ਗੱਲ ਦਾ ਫੈਸਲਾ ਕਰਨਾ ਸੀ ਕਿ ਤੇਲ ਉਤਪਾਦਨ ਵਧਾਉਣਾ ਬਾਜ਼ਾਰ ਲਈ ਕਿੰਨਾ ਜ਼ਰੂਰੀ ਹੈ।
ਇਹ ਵੀ ਪੜ੍ਹੋ: ਜੈਪੁਰ ਦੇ ਏਕੀਕ੍ਰਿਤ ਏਅਰ ਕਾਰਗੋ ਟਰਮੀਨਲ 'ਤੇ ਸੇਵਾਵਾਂ ਹੋਈਆਂ ਸ਼ੁਰੂ, ਕਿਸਾਨਾਂ ਦੀ ਵਧੇਗੀ ਆਮਦਨ
70.85 ਡਾਲਰ ਪ੍ਰਤੀ ਬੈਰਲ ਪਹੁੰਚਿਆ ਬ੍ਰੇਂਟ ਕਰੂਡ
ਅਮਰੀਕਾ, ਯੂਰਪ ਅਤੇ ਏਸ਼ੀਆ ’ਚ ਆਰਥਿਕ ਰਿਵਾਈਵਲ ਨਾਲ ਦੂਜੀ ਛਿਮਾਹੀ ’ਚ ਊਰਜਾ ਮੰਗ ਵਧਣ ਦੀ ਉਮੀਦ ਹੈ। ਮੰਗਲਵਾਰ ਨੂੰ ਕੌਮਾਂਤਰੀ ਮਾਪਦੰਡ ਬ੍ਰੇਂਟ ਕਰੂਡ ਦਾ ਭਾਅ 2.2 ਫੀਸਦੀ ਵਧ ਕੇ 70.85 ਡਾਲਰ ਪ੍ਰਤੀ ਬੈਰਲ ਪਹੁੰਚ ਗਿਆ। ਸਮੂਹ ਦੀ ਜੂਨ ’ਚ 3,50,000 ਬੈਰਲ ਪ੍ਰਤੀਦਿਨ ਅਤੇ ਜੁਲਾਈ ’ਚ 4,40,000 ਬੈਰਲ ਰੋਜ਼ਾਨਾ ਉਤਪਾਦਨ ਵਧਾਉਣ ਦੀ ਯੋਜਨਾ ਹੈ। ਨਾਲ ਹੀ ਸਾਊਦੀ ਅਰਬ 10 ਬੈਰਲ ਦੀ ਸਵੈਇਛੁੱਕ ਕਟੌਤੀ ਨਾਲ ਹੌਲੀ-ਹੌਲੀ ਉਤਪਾਦਨ ਵਧਾ ਰਿਹਾ ਹੈ।
ਆਉਣ ਵਾਲੇ ਦਿਨਾਂ ’ਚ 2 ਰੁਪਏ ਤੱਕ ਮਹਿੰਗੇ ਹੋ ਸਕਦੇ ਹਨ ਪੈਟਰੋਲ-ਡੀਜ਼ਲ
ਆਈ. ਆਈ. ਐੱਫ. ਐੱਲ. ਸਕਿਓਰਿਟੀਜ਼ ਦੇ ਵਾਈਸ ਪ੍ਰਧਾਨ (ਕਮੋਡਿਟੀ ਐਂਡ ਕਰੰਸੀ) ਅਨੁਜ ਗੁਪਤਾ ਮੁਤਾਬਕ ਇਸ ਮਹੀਨੇ ਦੇ ਅਖੀਰ ਤੱਕ ਕੱਚੇ ਤੇਲ ਦੇ ਰੇਟ 73 ਡਾਲਰ ਪ੍ਰਤੀ ਬੈਰਲ ਤੋਂ ਪਾਰ ਜਾ ਸਕਦੇ ਹਨ। ਇਸ ਨਾਲ ਆਉਣ ਵਾਲੇ ਦਿਨਾਂ ’ਚ ਪੈਟਰੋਲ-ਡੀਜ਼ਲ ਦੇ ਰੇਟ 2 ਰੁਪਏ ਪ੍ਰਤੀ ਲਿਟਰ ਤੱਕ ਵਧ ਸਕਦੇ ਹਨ।
ਇਹ ਵੀ ਪੜ੍ਹੋ: ਵਪਾਰੀ ਪਰੇਸ਼ਾਨ, ਨੇਪਾਲ ਦੇ ਰਸਤੇ ਆਉਣ ਵਾਲੇ ਸੋਇਆਬੀਨ ਤੇਲ ਦੀ ਦਰਾਮਦ 'ਤੇ ਰੋਕ ਲਾਉਣ ਦੀ ਮੰਗ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।