ਬੁਲੇਟ ਟਰੇਨ 'ਚ ਹੋ ਸਕਦੀ ਹੈ ਦੇਰੀ, ਸਰਕਾਰ ਨੂੰ ਨਹੀਂ ਮਿਲ ਰਹੀ ਜ਼ਮੀਨ!

Sunday, Jun 23, 2019 - 09:55 AM (IST)

ਬੁਲੇਟ ਟਰੇਨ 'ਚ ਹੋ ਸਕਦੀ ਹੈ ਦੇਰੀ, ਸਰਕਾਰ ਨੂੰ ਨਹੀਂ ਮਿਲ ਰਹੀ ਜ਼ਮੀਨ!

ਨਵੀਂ ਦਿੱਲੀ— ਭਾਰਤ 'ਚ ਬੁਲੇਟ ਟਰੇਨ ਦੌੜਨ ਦਾ ਸੁਪਨਾ ਹੋਰ ਲੰਬਾ ਹੁੰਦਾ ਦਿਸ ਰਿਹਾ ਹੈ। ਮੁੰਬਈ-ਅਹਿਮਦਾਬਾਦ ਬੁਲੇਟ ਟਰੇਨ ਪ੍ਰਾਜੈਕਟ ਲਈ ਚਾਹੀਦੀ 1,380 ਹੈਕਟੇਅਰ ਜ਼ਮੀਨ 'ਚੋਂ ਹੁਣ ਤਕ ਸਿਰਫ 39 ਫੀਸਦੀ ਜ਼ਮੀਨ ਹੀ ਸਰਕਾਰ ਨੂੰ ਪ੍ਰਾਪਤ ਹੋ ਸਕੀ ਹੈ। ਰਾਸ਼ਟਰੀ ਹਾਈ ਸਪੀਡ ਰੇਲ ਕਾਰਪੋਰੇਸ਼ਨ (NHSRCL) ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

 

ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਹਾਈ ਸਪੀਡ ਰੇਲ ਕਾਰਪੋਰੇਸ਼ਨ ਨੇ ਮਹਾਰਾਸ਼ਟਰ ਤੇ ਗੁਜਰਾਤ 'ਚ ਜ਼ਰੂਰੀ 1,380 ਹੈਕਟੇਅਰ ਜ਼ਮੀਨ 'ਚੋਂ 537 ਹੈਕਟੇਅਰ ਜ਼ਮੀਨ ਪ੍ਰਾਪਤ ਕੀਤੀ ਹੈ। ਗੁਜਰਾਤ 'ਚ 940 ਹੈਕਟੇਅਰ ਜ਼ਮੀਨ 'ਚੋਂ 471 ਹੈਕਟੇਅਰ ਜ਼ਮੀਨ ਪ੍ਰਾਪਤ ਕੀਤੀ ਗਈ ਹੈ, ਜਦੋਂ ਕਿ ਮਹਾਰਾਸ਼ਟਰ 'ਚ ਉਸ ਨੇ 431 ਹੈਕਟੇਅਰ ਜ਼ਮੀਨ 'ਚੋਂ ਸਿਰਫ 66 ਹੈਕਟੇਅਰ ਜ਼ਮੀਨ ਦੀ ਪ੍ਰਾਪਤੀ ਕੀਤੀ ਹੈ।

ਉੱਥੇ ਹੀ, ਦਾਦਰਾ ਤੇ ਨਗਰ ਹਵੇਲੀ 'ਚ ਚਾਹੀਦੀ 9 ਹੈਕਟੇਅਰ ਜ਼ਮੀਨ 'ਚੋਂ ਸਰਕਾਰ ਜ਼ਮੀਨ ਦਾ ਇਕ ਟੁੱਕੜਾ ਵੀ ਨਹੀਂ ਹਾਸਲ ਕਰ ਸਕੀ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ 14 ਸਤੰਬਰ 2017 ਨੂੰ 17 ਅਰਬ ਡਾਲਰ ਯਾਨੀ 1.08 ਲੱਖ ਕਰੋੜ ਰੁਪਏ 'ਚ ਬਣਨ ਵਾਲੇ 508 ਕਿਲੋਮੀਟਰ ਲੰਬੇ ਅਹਿਮਦਾਬਾਦ-ਮੁੰਬਈ ਹਾਈ ਸਪੀਡ ਰੇਲ ਪ੍ਰਾਜੈਕਟ ਦੀ ਨੀਂਹ ਰੱਖੀ ਸੀ। ਇਸ ਨੂੰ 2022 ਤਕ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ।


Related News