ਓਲਾ ਪੁਣੇ ''ਚ ਖੋਲ੍ਹੇਗੀ ਨਵਾਂ ਤਕਨੀਕੀ ਕੇਂਦਰ, 1000 ਲੋਕਾਂ ਦੀ ਕਰੇਗੀ ਭਰਤੀ
Sunday, Oct 18, 2020 - 04:36 PM (IST)
ਨਵੀਂ ਦਿੱਲੀ— ਮੋਬਾਇਲ ਐਪ ਆਧਾਰਿਤ ਟੈਕਸੀ ਸੇਵਾ ਕੰਪਨੀ ਓਲਾ ਨੇ ਪੁਣੇ 'ਚ ਇਕ ਨਵਾਂ ਤਕਨੀਕੀ ਕੇਂਦਰ ਖੋਲ੍ਹਣ ਦੀ ਯੋਜਨਾ ਬਣਾਈ ਹੈ। ਕੰਪਨੀ ਇਸ ਲਈ ਕੁਝ ਮਹੀਨਿਆਂ 'ਚ ਤਕਰੀਬਨ 1,000 ਇੰਜੀਨੀਅਰਾਂ ਦੀ ਭਰਤੀ ਕਰੇਗੀ।
ਸੂਤਰਾਂ ਅਨੁਸਾਰ ਇਹ ਨਵਾਂ ਕੇਂਦਰ ਓਲਾ ਦੇ ਭਾਰਤ ਤੇ ਹੋਰ ਦੇਸ਼ਾਂ 'ਚ ਕਾਰੋਬਾਰ ਲਈ ਤਕਨੀਕੀ ਹੱਲ 'ਚ ਮਦਦ ਕਰੇਗਾ। ਓਲਾ ਦਾ ਦੇਸ਼ 'ਚ ਇਹ ਦੂਜੀ ਤਕਨੀਕੀ ਕੇਂਦਰ ਹੋਵੇਗਾ।
ਇਕ ਕੇਂਦਰ ਬੇਂਗਲੁਰੂ 'ਚ ਪਹਿਲਾਂ ਤੋਂ ਚੱਲ ਰਿਹਾ ਹੈ। ਓਲਾ ਦੇ ਬੁਲਾਰੇ ਨੇ ਇਸ ਬਾਰੇ ਸੰਪਰਕ ਕੀਤੇ ਜਾਣ 'ਤੇ ਵੇਰਵਾ ਦੇਣ ਤੋਂ ਇਨਕਾਰ ਕੀਤਾ। ਇਸ ਯੋਜਨਾ ਨੂੰ ਜਾਣਨ ਵਾਲੇ ਇਕ ਵਿਅਕਤੀ ਨੇ ਕਿਹਾ ਕਿ ਪੁਣੇ ਕੇਂਦਰ ਇਸ ਤਿਮਾਹੀ ਦੇ ਅੰਤ ਤੱਕ ਚਾਲੂ ਹੋ ਜਾਵੇਗਾ। ਉਸ ਵਿਅਕਤੀ ਨੇ ਕਿਹਾ ਕਿ ਇਸ ਕੇਂਦਰ 'ਚ ਤਿੰਨ ਸਾਲਾਂ 'ਚ ਤਕਨੀਕ 'ਚ ਕੁਸ਼ਲ 1,000 ਲੋਕਾਂ ਨੂੰ ਨੌਕਰੀ ਮਿਲ ਸਕਦੀ ਹੈ।
ਓਲਾ ਦੇ ਮੌਜੂਦਾ ਸਮੇਂ 4,000 ਕਰਮਚਾਰੀ ਹਨ। ਇਨ੍ਹਾਂ 'ਚੋਂ 1,500 ਦੇ ਲਗਭਗ ਇੰਜੀਨੀਅਰ ਹਨ। ਓਲਾ ਨੇ ਪਿਛਲੇ ਸਾਲ ਜੂਨ 'ਚ ਅਮਰੀਕਾ 'ਚ ਸਾਨ ਫਰਾਂਸਿਸਕੋ ਦੇ ਇਲਾਕੇ 'ਚ ਇਕ ਆਧੁਨਿਕ ਤਕਨੀਕੀ ਕੇਂਦਰ ਸ਼ੁਰੂ ਕੀਤਾ ਸੀ।