ਓਲਾ ਅਤੇ ਕੈਸ਼ਫ੍ਰੀ ਨੇ ਖੋਹ ਲਈ ਸੈਂਕੜੇ ਕਰਮਚਾਰੀਆਂ ਦੀ ਰੋਜ਼ੀ-ਰੋਟੀ

Saturday, Jan 14, 2023 - 11:02 AM (IST)

ਓਲਾ ਅਤੇ ਕੈਸ਼ਫ੍ਰੀ ਨੇ ਖੋਹ ਲਈ ਸੈਂਕੜੇ ਕਰਮਚਾਰੀਆਂ ਦੀ ਰੋਜ਼ੀ-ਰੋਟੀ

ਨਵੀਂ ਦਿੱਲੀ–ਟਵਿਟਰ, ਮੇਟਾ, ਐਮਾਜ਼ੋਨ ਤੋਂ ਬਾਅਦ ਹੁਣ ਕੁੱਝ ਭਾਰਤੀ ਕੰਪਨੀਆਂ ਨੇ ਵੀ ਕਰਮਚਾਰੀਆਂ ਦੀ ਛਾਂਟੀ ਸ਼ੁਰੂ ਕਰ ਦਿੱਤੀ ਹੈ। ਬੇਂਗਲੁਰੂ ਬੇਸਡ ਕੈਬ ਐਗਰੀਗੇਟਰ ਓਲਾ ਕੈਬਸ ਨੇ ‘ਰੀਸਟ੍ਰਕਚਰਿੰਗ’ ਦੇ ਤਹਿਤ ਆਪਣੇ ਕੁੱਝ ਵਿਭਾਗਾਂ ’ਚੋਂ ਕਰਮਚਾਰੀਆਂ ਨੂੰ ਕੱਢ ਦਿੱਤਾ ਹੈ। ਉੱਥੇ ਹੀ ਆਨਲਾਈਨ ਪੇਮੈਂਟ ਸਰਵਿਸ ਦੇਣ ਵਾਲੀ ਕੰਪਨੀ ਕੈਸ਼ਫ੍ਰੀ ਨੇ ਆਰਗਨਾਈਜੇਸ਼ਨ ’ਚ ਰੀਕਟ੍ਰਕਰਿੰਗ ਦਾ ਹਵਾਲਾ ਦੇ ਕੇ ਕਰੀਬ 60 ਤੋਂ 80 ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ।
ਕੰਪਨੀ ਨੇ ਓਲਾ ਕੈਬਸ, ਓਲਾ ਇਲੈਕਟ੍ਰਿਕ ਅਤੇ ਓਲਾ ਫਾਈਨਾਂਸ਼ੀਅਲ ਸਰਵਿਸਿਜ਼ ਵਰਟੀਕਲ ਤੋਂ 200 ਕਰਮਚਾਰੀਆਂ ਦੀ ਛਾਂਟੀ ਸ਼ੁਰੂ ਕਰ ਦਿੱਤੀ ਹੈ। ਦਰਅਸਲ ਕੰਪਨੀ ਪੂਰੀ ਟੀਮ ’ਚ ਵੱਡੇ ਪੱਧਰ ’ਤੇ ਬਦਲਾਅ ਕਰ ਰਹੀ ਹੈ, ਜਿਸ ਦਾ ਸਭ ਤੋਂ ਵੱਧ ਅਸਰ ਇੰਜੀਨੀਅਰਿੰਗ ਸੈਕਸ਼ਨ ’ਚ ਦਿਖਾਈ ਦੇ ਰਿਹਾ ਹੈ।
ਦੱਸ ਦਈਏ ਕਿ ਪਿਛਲੇ ਸਾਲ ਮੰਦੀ ਦਾ ਖਦਸ਼ਾ ਅਤੇ ਬਿਜ਼ਨੈੱਸ ਪ੍ਰਭਾਵਿਤ ਹੋਣ ਦੇ ਡਰ ਕਾਰਣ ਟਵਿਟਰ, ਐਮਾਜ਼ੋਨ ਅਤੇ ਫੇਸਬੁੱਕ ਸਮੇਤ ਕਈ ਕੰਪਨੀਆਂ ਨੇ ਆਪਣੇ ਹਜ਼ਾਰਾਂ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ। ਇਸ ’ਚ ਸਭ ਤੋਂ ਵੱਧ ਚਰਚਾ ਟਵਿਟਰ ’ਚ ਹੋਈ ਛਾਂਟੀ ਨੂੰ ਲੈ ਕੇ ਹੋਈ, ਕਿਉਂਕਿ ਐਲਨ ਮਸਕ ਨੇ ਐਕਵਾਇਰਮੈਂਟ ਤੋਂ ਬਾਅਦ ਕੰਪਨੀ ਦੇ ਅੱਧੇ ਸਟਾਫ ਨੂੰ ਜੌਬ ਤੋਂ ਕੱਢ ਦਿੱਤਾ ਸੀ।
ਨਵੀਆਂ ਭਰਤੀਆਂ ’ਤੇ ਨਹੀਂ ਹੋਵੇਗਾ ਅਸਰ
ਓਲਾ ’ਚ ਕਰਮਚਾਰੀਆਂ ਦੀ ਇਹ ਛਾਂਟੀ ਰੀਕਸਟ੍ਰਕਚਰਿੰਗ ਐਕਸਰਸਾਈਜ਼ ਦੇ ਤਹਿਤ ਹੋਈ ਹੈ ਅਤੇ ਇਸ ਦਾ ਅਸਰ ਨਵੀਆਂ ਭਰਤੀਆਂ ’ਤੇ ਨਹੀਂ ਦਿਖਾਈ ਦੇਵੇਗਾ। ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਕੰਪਨੀ ਆਪਣੀ ਕਾਰਜ ਸਮਰੱਥਾ ਵਧਾਉਣ ਲਈ ਟੀਮਾਂ ’ਚ ਬਦਲਾਅ ਕਰਦੀ ਰਹਿੰਦੀ ਹੈ। ਛਾਂਟੀ ਦਰਮਿਆਨ ਇੰਜੀਨੀਅਰਿੰਗ ਅਤੇ ਡਿਜਾਈਨ ਸੈਕਸ਼ਨ ’ਚ ਕਰਮਚਾਰੀਆਂ ਦੀ ਨਵੀਂ ਭਰਤੀ ਜਾਰੀ ਰਹੇਗੀ। ਉੱਥੇ ਹੀ ਜਿਨ੍ਹਾਂ ਲੋਕਾਂ ਨੂੰ ਨੌਕਰੀ ਤੋਂ ਕੱਢਿਆ ਜਾ ਰਿਹਾ ਹੈ, ਉਨ੍ਹਾਂ ਨੂੰ ਨੋਟਿਸ ਪੀਰੀਅਡ ਦੇ ਹਿਸਾਬ ਨਾਲ ਮੁਆਵਜ਼ੇ ਦੀ ਰਕਮ ਦੇ ਤੌਰ ’ਤੇ ਸੇਵਰਨਸ ਪੈਕੇਜ ਦਿੱਤਾ ਜਾਵੇਗਾ।
ਫੰਡਿੰਗ ਦੀ ਕਮੀ ਕਾਰਣ ਛਾਂਟੀ
ਉਧਰ ਫੰਡਿੰਗ ਦੀ ਕਮੀ ਕਾਰਣ ਆਨਲਾਈਨ ਪੇਮੈਂਟ ਸਰਵਿਸ ਮੁਹੱਈਆ ਕਰਵਾਉਣ ਵਾਲੀ ਕੈਸ਼ਫ੍ਰੀ ਨੇ ਵੀ ਲਾਗਤ ਘਟਾਉਣ ਲਈ ਛਾਂਟੀ ਦਾ ਸਹਾਰਾ ਲਿਆ ਹੈ। ਕੰਪਨੀ ਨੇ ਦੱਸਿਆ ਕਿ ਬਿਜ਼ਨੈੱਸ ਇਕਵਿਟੀਜ਼ ਨੂੰ ਧਿਆਨ ’ਚ ਰੱਖਦੇ ਹੋਏ ਕੰਪਨੀ ਨਿਯਮਿਤ ਵਕਫੇ ’ਤੇ ਆਪਣੀ ਪ੍ਰਫਾਰਮੈਂਸ ਅਤੇ ਪ੍ਰੋਸੈੱਸ ਦਾ ਮੁਲਾਂਕਣ ਕਰਦੀ ਹੈ। ਕੰਪਨੀ ਨੇ ਕਿਹਾ ਕਿ ਛਾਂਟੀ ਨਾਲ ਜੁੜੇ ਇਸ ਤਾਜ਼ਾ ਫੈਸਲਾ ਨਾਲ 6 ਤੋਂ 8 ਫੀਸਦੀ ਕਰਮਚਾਰੀ ਪ੍ਰਭਾਵਿਤ ਹੋਏ ਹਨ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


author

Aarti dhillon

Content Editor

Related News