ਪੈਟਰੋਲ, ਡੀਜ਼ਲ ਕੀਮਤਾਂ ''ਚ ਉਛਾਲ ਦਾ ਖਦਸ਼ਾ, ਕੱਚਾ ਤੇਲ ਮਾਰਨ ਲੱਗਾ ਉਬਾਲ
Monday, Sep 09, 2019 - 03:52 PM (IST)

ਨਵੀਂ ਦਿੱਲੀ— ਜਲਦ ਹੀ ਪੈਟਰੋਲ-ਡੀਜ਼ਲ ਕੀਮਤਾਂ ਵਧਣ ਦਾ ਖਦਸ਼ਾ ਹੈ। ਕੌਮਾਂਤਰੀ ਬਾਜ਼ਾਰ 'ਚ ਕੱਚਾ ਤੇਲ ਲਗਾਤਾਰ ਚਾਰ ਦਿਨ ਤੋਂ ਤੇਜ਼ੀ 'ਚ ਹੈ। ਸਾਊਦੀ ਨੇ ਸੰਕੇਤ ਦਿੱਤਾ ਹੈ ਕਿ ਓਪੇਕ ਤੇ ਉਸ ਨਾਲ ਹੋਰ ਉਤਪਾਦਕਾਂ ਵੱਲੋਂ ਸਪਲਾਈ 'ਚ ਕਟੌਤੀ ਜਾਰੀ ਰੱਖੀ ਜਾਵੇਗੀ।
ਸੋਮਵਾਰ ਨੂੰ ਗਲੋਬਲ ਬੈਂਚਮਾਰਕ ਬ੍ਰੈਂਟ ਕੱਚਾ ਤੇਲ ਕਾਰੋਬਾਰ ਦੌਰਾਨ 1 ਫੀਸਦੀ ਉਛਲ ਕੇ 62.15 ਡਾਲਰ 'ਤੇ ਜਾ ਪੁੱਜਾ ਤੇ ਇਸ ਦੌਰਾਨ ਅਮਰੀਕੀ ਕੱਚਾ ਤੇਲ 1.2 ਫੀਸਦੀ ਦੀ ਤੇਜ਼ੀ ਨਾਲ 57.17 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਸੀ। ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਇਹ ਵਾਧਾ ਇਸ ਉਮੀਦ ਨਾਲ ਹੋਇਆ ਕਿ ਸਾਊਦੀ ਅਰਬ ਨਵੇਂ ਊਰਜਾ ਮੰਤਰੀ ਪ੍ਰਿੰਸ ਅਬਦੁਲ ਅਜ਼ੀਜ਼ ਬਿਨ ਸਲਮਾਨ ਅਧੀਨ ਵੀ ਉਤਪਾਦਨ 'ਚ ਕਟੌਤੀ ਜਾਰੀ ਰੱਖੇਗਾ। ਕੀਮਤਾਂ 'ਚ ਵਾਧੇ ਨੂੰ ਯੂ. ਏ. ਈ. ਦੀ ਟਿੱਪਣੀ ਨਾਲ ਵੀ ਸਮਰਥਨ ਮਿਲਿਆ ਕਿ ਓਪੇਕ ਤੇ ਇਸ ਦੇ ਸਹਿਯੋਗੀ ਕੱਚੇ ਤੇਲ ਬਾਜ਼ਾਰ ਨੂੰ ਸੰਤੁਲਿਤ ਕਰਨ ਲਈ ਵਚਨਬੱਧ ਹਨ।
ਜ਼ਿਕਰਯੋਗ ਹੈ ਕਿ ਪ੍ਰਿੰਸ ਅਬਦੁਲ ਅਜ਼ੀਜ਼ ਬਿਨ ਸਲਮਾਨ ਸਾਊਦੀ ਕਿੰਗ ਸਲਮਾਨ ਦੇ ਬੇਟੇ ਹਨ ਤੇ ਉਨ੍ਹਾਂ ਨੂੰ ਐਤਵਾਰ ਖਾਲਿਦ ਅਲ-ਫਲੀਹ ਦੀ ਥਾਂ ਊਰਜਾ ਮੰਤਰੀ ਨਿਯੁਕਤ ਕੀਤਾ ਗਿਆ। ਉਹ ਪੈਟਰੋਲੀਅਮ ਸਪਲਾਈ ਕਰਨ ਵਾਲੇ ਦੇਸ਼ਾਂ ਦੇ ਸੰਗਠਨ 'ਚ ਸਾਊਦੀ ਪ੍ਰਤੀਨਿਧੀ ਮੰਡਲ ਦੇ ਲੰਬੇ ਸਮੇਂ ਤੋਂ ਮੈਂਬਰ ਵੀ ਰਹੇ ਸਨ। ਇਹ ਪਹਿਲਾ ਮੌਕਾ ਹੈ ਜਦੋਂ ਊਰਜਾ ਪੋਰਟਫੋਲੀਓ ਸ਼ਾਹੀ ਪਰਿਵਾਰ ਦੇ ਕਿਸੇ ਮੈਂਬਰ ਨੂੰ ਸੌਂਪਿਆ ਗਿਆ ਹੈ।