ਤਿਉਹਾਰਾਂ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ, 3 ਦਿਨਾਂ ''ਚ 10 ਰੁਪਏ ਪ੍ਰਤੀ ਲੀਟਰ ਵਧੀਆਂ ਤੇਲ ਦੀਆਂ ਕੀਮਤਾਂ

Tuesday, Sep 17, 2024 - 11:17 AM (IST)

ਨਵੀਂ ਦਿੱਲੀ - ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਹੀ ਲੋਕਾਂ ਨੂੰ ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗਾ ਹੈ। ਪਿਆਜ਼ ਦੀਆਂ ਵਧੀਆਂ ਕੀਮਤਾਂ ਤੋਂ ਬਾਅਦ ਹੁਣ ਸਰ੍ਹੋਂ ਦਾ ਤੇਲ, ਰਿਫਾਇੰਡ ਅਤੇ ਸੋਇਆਬੀਨ ਤੇਲ ਦੀਆਂ ਕੀਮਤਾਂ ਵਧ ਗਈਆਂ ਹਨ। ਦਰਾਮਦ ਡਿਊਟੀ ਵਧਾਉਣ ਦੇ ਤਿੰਨ ਦਿਨਾਂ ਦੇ ਅੰਦਰ ਹੀ ਤੇਲ ਦੀਆਂ ਕੀਮਤਾਂ ਵਿੱਚ ਕਰੀਬ 10 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ 'ਚ ਤੇਲ ਦੀਆਂ ਕੀਮਤਾਂ ਹੋਰ ਵਧ ਸਕਦੀਆਂ ਹਨ। ਇਸ ਦਾ ਸਿੱਧਾ ਅਸਰ ਲੋਕਾਂ ਦੀਆਂ ਰਸੋਈਆਂ ਅਤੇ ਬਜ਼ਾਰ 'ਚ ਮੌਜੂਦ ਤੇਲ ਤੋਂ ਬਣਨ ਵਾਲੀਆਂ ਚੀਜ਼ਾਂ ਅਤੇ ਮਠਿਆਈਆਂ 'ਤੇ ਪਵੇਗਾ।

ਤੇਲ ਦੀਆਂ ਵਧਦੀਆਂ ਕੀਮਤਾਂ

ਖਾਣ ਵਾਲੇ ਤੇਲ ਦੇ ਕਾਰੋਬਾਰੀਆਂ ਅਨੁਸਾਰ ਭਾਰਤ ਵਿੱਚ ਹਰ ਸਾਲ ਕਰੀਬ 240 ਲੱਖ ਟਨ ਖਾਣ ਵਾਲੇ ਤੇਲ ਦੀ ਖਪਤ ਹੁੰਦੀ ਹੈ ਪਰ ਇਸ ਵਿੱਚੋਂ 60 ਫੀਸਦੀ ਤੋਂ ਵੱਧ ਦਰਾਮਦ ਕੀਤੀ ਜਾਂਦੀ ਹੈ। ਦਰਾਮਦ ਕੀਤੇ ਤੇਲ ਦੀ ਕੀਮਤ ਆਮ ਤੌਰ 'ਤੇ ਘਰੇਲੂ ਤੇਲ ਨਾਲੋਂ ਸਸਤੀ ਹੁੰਦੀ ਹੈ ਪਰ ਕਿਸਾਨਾਂ ਨੂੰ ਰਾਹਤ ਦੇਣ ਦੇ ਉਦੇਸ਼ ਨਾਲ ਕੇਂਦਰ ਸਰਕਾਰ ਨੇ ਖਾਣ ਵਾਲੇ ਤੇਲ 'ਤੇ ਦਰਾਮਦ ਡਿਊਟੀ ਵਧਾ ਦਿੱਤੀ ਹੈ। ਇਸ ਦਾ ਸਿੱਧਾ ਅਸਰ ਤੇਲ ਦੀਆਂ ਕੀਮਤਾਂ 'ਤੇ ਪਿਆ ਹੈ ਅਤੇ ਇਸ ਦਾ ਅਸਰ ਹੁਣ ਥੋਕ ਬਾਜ਼ਾਰ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ।

ਕੀਮਤਾਂ 'ਚ ਵਾਧਾ ਕਿਉਂ?

ਦਰਾਮਦ ਡਿਊਟੀ ਵਧਾਉਣ ਦੇ ਤਿੰਨ ਦਿਨਾਂ ਦੇ ਅੰਦਰ ਦਿੱਲੀ ਦੇ ਥੋਕ ਬਾਜ਼ਾਰਾਂ ਵਿੱਚ ਸਰ੍ਹੋਂ ਦਾ ਤੇਲ, ਰਿਫਾਇੰਡ ਤੇਲ ਅਤੇ ਸੋਇਆਬੀਨ ਤੇਲ ਦੀਆਂ ਕੀਮਤਾਂ ਵਿੱਚ ਕਰੀਬ 10 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਇੱਕ ਵਪਾਰੀ ਅਨੁਸਾਰ ਨਵੀਂ ਥੋਕ ਮੰਡੀ ਵਿੱਚ ਹੁਣ ਸਰ੍ਹੋਂ ਦਾ ਤੇਲ 140 ਰੁਪਏ ਪ੍ਰਤੀ ਲੀਟਰ, ਰਿਫਾਇੰਡ ਤੇਲ 135-140 ਰੁਪਏ ਪ੍ਰਤੀ ਲੀਟਰ ਅਤੇ ਸੋਇਆਬੀਨ ਤੇਲ 125 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਿਆ ਹੈ।

ਤਿਉਹਾਰੀ ਸੀਜ਼ਨ 'ਤੇ ਅਸਰ

ਤਿਉਹਾਰਾਂ ਦੇ ਸੀਜ਼ਨ ਦੌਰਾਨ ਮਠਿਆਈਆਂ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤੂਆਂ ਦੀ ਮੰਗ ਵਿਚ ਭਾਰੀ ਵਾਧਾ ਹੁੰਦਾ ਹੈ। ਖਾਸ ਕਰਕੇ ਦੀਵਾਲੀ ਮੌਕੇ ਮਠਿਆਈਆਂ ਦੀ ਵਿਕਰੀ ਸਿਖਰਾਂ 'ਤੇ ਹੁੰਦੀ ਹੈ। ਮਠਿਆਈਆਂ ਅਤੇ ਨਮਕੀਨ ਬਣਾਉਣ ਵਾਲੇ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਤੇਲ ਦੀਆਂ ਵਧੀਆਂ ਕੀਮਤਾਂ ਕਾਰਨ ਉਨ੍ਹਾਂ ਦੇ ਖਰਚੇ ਵਧਣਗੇ, ਜਿਸ ਕਾਰਨ ਮਠਿਆਈਆਂ ਅਤੇ ਨਮਕੀਨ ਦੇ ਭਾਅ ਵੀ ਵਧ ਸਕਦੇ ਹਨ। ਖਪਤਕਾਰਾਂ ਨੂੰ ਆਪਣੀ ਜੇਬ ਢਿੱਲੀ ਕਰਨੀ ਪਵੇਗੀ ਕਿਉਂਕਿ ਮਹਿੰਗੇ ਤੇਲ ਦਾ ਅਸਰ ਹਰ ਘਰ ਦੀ ਰਸੋਈ ਤੋਂ ਲੈ ਕੇ ਬਾਜ਼ਾਰਾਂ ਤੱਕ ਮਹਿਸੂਸ ਹੋਵੇਗਾ।

ਇਸ ਤਰ੍ਹਾਂ ਖਾਣ-ਪੀਣ ਵਾਲੀਆਂ ਤੇਲ ਦੀਆਂ ਵਧਦੀਆਂ ਕੀਮਤਾਂ ਨੇ ਨਾ ਸਿਰਫ਼ ਆਮ ਆਦਮੀ ਦੇ ਬਜਟ 'ਤੇ ਸੱਟ ਮਾਰੀ ਹੈ, ਸਗੋਂ ਤਿਉਹਾਰਾਂ ਦੇ ਸੀਜ਼ਨ ਦੌਰਾਨ ਮਠਿਆਈਆਂ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤੂਆਂ ਦੀਆਂ ਕੀਮਤਾਂ ਵੀ ਅਸਮਾਨ ਨੂੰ ਛੂਹ ਸਕਦੀਆਂ ਹਨ।


Harinder Kaur

Content Editor

Related News