ਤੇਲ ਦੀਆਂ ਕੀਮਤਾਂ 'ਚ ਗਿਰਾਵਟ ਦਰਮਿਆਨ ਆਇਲ ਇੰਡੀਆ ਨੂੰ 248.61 ਕਰੋੜ ਰੁਪਏ ਦਾ ਘਾਟਾ
Sunday, Aug 23, 2020 - 02:17 AM (IST)

ਨਵੀਂ ਦਿੱਲੀ–ਜਨਤਕ ਖੇਤਰ ਦੀ ਦੂਜੀ ਸਭ ਤੋਂ ਵੱਡੀ ਤੇਲ ਅਤੇ ਗੈਸ ਉਤਪਾਦਕ ਕੰਪਨੀ ਆਇਲ ਇੰਡੀਆ ਲਿਮ. (ਓ. ਆਈ. ਐੱਲ.) ਨੂੰ ਚਾਲੂ ਵਿੱਤੀ ਸਾਲ ਦੀ ਪਹਿਲੀ ਅਪ੍ਰੈਲ-ਜੂਨ ਦੀ ਤਿਮਾਹੀ 'ਚ ਸ਼ੁੱਧ ਘਾਟਾ ਹੋਇਆ ਹੈ। ਕੱਚੇ ਤੇਲ ਦੀਆਂ ਕੀਮਤਾਂ ਉਤਪਾਦਨ ਲਾਗਤ ਤੋਂ ਹੇਠਾਂ ਆਉਣ ਕਾਰਣ ਕੰਪਨੀ ਨੂੰ ਘਾਟਾ ਪਿਆ ਹੈ। ਕੰਪਨੀ ਦੇ ਇਤਿਹਾਸ 'ਚ ਇਹ ਦੂਜਾ ਮੌਕਾ ਹੈ ਜਦੋਂ ਉਸ ਨੂੰ ਤਿਮਾਹੀ ਦੌਰਾਨ ਘਾਟਾ ਹੋਇਆ ਹੈ। ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ ਆਇਲ ਇੰਡੀਆ ਨੂੰ 248.61 ਕਰੋੜ ਰੁਪਏ ਦਾ ਸ਼ੁੱਧ ਘਾਟਾ ਹੋਇਆ ਹੈ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਸਮਾਨ ਤਿਮਾਹੀ 'ਚ ਕੰਪਨੀ ਨੇ 624.80 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ ਸੀ।
ਆਇਲ ਇੰਡੀਆ ਦੇ ਡਾਇਰੈਕਟਰ ਹਰੀਸ਼ ਮਾਧਵ ਨੇ ਦੱਸਿਆ ਕਿ ਆਇਲ ਇੰਡੀਆ ਦੇ ਇਤਿਹਾਸ 'ਚ ਇਹ ਦੂਜਾ ਤਿਮਾਹੀ ਘਾਟਾ ਹੈ। ਇਸ ਤੋਂ ਪਹਿਲਾਂ 2018-19 'ਚ ਕੰਪਨੀ ਨੂੰ ਤਿਮਾਹੀ ਘਾਟਾ ਹੋਇਆ ਸੀ। ਉਨ੍ਹਾਂ ਨੇ ਕਿਹਾ ਕਿ ਇਸ ਦਾ ਮੁੱਖ ਕਾਰਣ ਕੀਮਤਾਂ 'ਚ ਗਿਰਾਵਟ ਹੈ। ਇਸ ਦੌਰਾਨ ਕੰਪਨੀ ਨੂੰ ਹਰੇਕ ਬੈਰਲ ਤੇਲ ਦੇ ਉਤਪਾਦਨ 'ਤੇ 30.43 ਡਾਲਰ ਕੀਮਤ ਦੀ ਪ੍ਰਾਪਤੀ ਹੋਈ। ਉਥੇ ਹੀ ਇਕ ਸਾਲ ਪਹਿਲਾਂ ਸਮਾਨ ਤਿਮਾਹੀ 'ਚ ਕੰਪਨੀ ਨੂੰ ਹਰੇਕ ਬੈਰਲ ਉਤਪਾਦਨ 'ਤੇ 66.33 ਡਾਲਰ ਪ੍ਰਾਪਤ ਹੋਏ ਸਨ। ਮਾਧਵ ਨੇ ਕਿਹਾ ਕਿ ਸਾਡੀ ਉਤਪਾਦਨ ਲਾਗਤ 32.33 ਡਾਲਰ ਪ੍ਰਤੀ ਬੈਰਲ ਬੈਠਦੀ ਹੈ। ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਪਹਿਲੀ ਤਿਮਾਹੀ 'ਚ ਘਾਟੇ ਦਾ ਮੁੱਖ ਕਾਰਣ ਹੈ।
ਆਇਲ ਇੰਡੀਆ ਨੇ ਅਪ੍ਰੈਲ-ਜੂਨ ਦੀ ਤਿਮਾਹੀ 'ਚ 7.5 ਲੱਖ ਟਨ ਕੱਚੇ ਤੇਲ ਦਾ ਉਤਪਾਦਨ ਕੀਤਾ। ਇਕ ਸਾਲ ਪਹਿਲਾਂ ਸਮਾਨ ਤਿਮਾਹੀ 'ਚ ਕੰਪਨੀ ਦਾ ਕੱਚੇ ਤੇਲ ਦਾ ਉਤਾਪਾਦਨ 8.1 ਲੱਖ ਟਨ ਰਿਹਾ ਸੀ। ਇਸ ਤਰ੍ਹਾਂ ਕੰਪਨੀ ਦਾ ਕੁਦਰਤੀ ਗੈਸ ਦਾ ਉਤਪਾਦਨ ਵੀ ਮਾਮੂਲੀ ਘਟ ਕੇ 68 ਕਰੋੜ ਘਣਮੀਟਰ ਰਹਿ ਗਿਆ ਜੋ 2019-2020 ਦੀ ਪਹਿਲੀ ਤਿਮਾਹੀ 'ਚ 71 ਕਰੋੜ ਘਣਮੀਟਰ ਰਿਹਾ ਸੀ। ਮਾਧਵ ਨੇ ਦੱਸਿਆ ਕਿ ਪਹਿਲੀ ਤਿਮਾਹੀ 'ਚ ਕੁਦਰਤੀ ਗੈਸ ਦੇ ਉਤਪਾਦਨ 'ਤੇ ਪ੍ਰਾਪਤੀ ਘਟ ਕੇ 2.39 ਡਾਲਰ ਪ੍ਰਤੀ ਇਕਾਈ ਜਾਂ ਐੱਮ. ਐੱਮ. ਬੀ. ਟੀ. ਯੂ. ਰਹਿ ਗਈ, ਜੋ ਪਹਿਲਾਂ 3.23 ਡਾਲਰ ਪ੍ਰਤੀ ਇਕਾਈ ਰਹੀ ਸੀ। ਆਇਲ ਇੰਡੀਆ ਦੀ ਗੈਸ ਦੇ ਉਤਪਾਦਨ ਦੀ ਲਾਗਤ 2.3 ਡਾਲਰ ਪ੍ਰਤੀ ਇਕਾਈ ਰਹੀ। ਮਾਧਵ ਨੇ ਕਿਹਾ ਕਿ ਗੈਸ ਦੇ ਉਤਪਾਦਨ 'ਤੇ ਪ੍ਰਾਪਤੀ ਠੀਕ ਰਹੀ ਪਰ ਤੇਲ ਦੇ ਉਤਪਾਦਨ 'ਤੇ ਪ੍ਰਾਪਤੀ ਘਟਣ ਕਾਰਣ ਕੰਪਨੀ ਨੂੰ ਨੁਕਸਾਨ ਹੋਇਆ।