ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਵਧਣ ਦਾ ਖ਼ਦਸ਼ਾ, ਕੱਚੇ ਤੇਲ 'ਚ ਫਿਰ ਉਛਾਲ

Thursday, Apr 15, 2021 - 01:00 PM (IST)

ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਵਧਣ ਦਾ ਖ਼ਦਸ਼ਾ, ਕੱਚੇ ਤੇਲ 'ਚ ਫਿਰ ਉਛਾਲ

ਨਵੀਂ ਦਿੱਲੀ- ਪੈਟਰੋਲ, ਡੀਜ਼ਲ ਕੀਮਤਾਂ ਵਿਚ ਵਾਧਾ ਹੋਣ ਦਾ ਖਦਸ਼ਾ ਹੈ ਕਿਉਂਕਿ ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀ ਕੀਮਤ ਫਿਰ ਚੜ੍ਹਨੀ ਸ਼ਰੂ ਹੋ ਗਈ ਹੈ। ਕਾਰੋਬਾਰ ਦੌਰਾਨ ਅੱਜ ਬ੍ਰੈਂਟ ਦੀ ਕੀਮਤ 66.93 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਈ, ਜੋ ਇਕ ਮਹੀਨੇ ਦਾ ਉੱਚਾ ਪੱਧਰ ਹੈ। ਆਈ. ਈ. ਏ. ਨੇ ਵੱਡੀਆਂ ਅਰਥਵਿਵਸਥਾ ਦੇ ਗਲੋਬਲ ਮਹਾਮਾਰੀ ਤੋਂ ਉਭਰਨ ਨੂੰ ਦੇਖਦੇ ਹੋਏ ਤੇਲ ਮੰਗ ਵਧਣ ਦੀ ਭਵਿੱਖਣਬਾਣੀ ਕਰ ਦਿੱਤੀ ਹੈ।

ਇੰਟਰਨੈਸ਼ਨਲ ਐਨਰਜ਼ੀ ਏਜੰਸੀ ਦੀ ਮਹੀਨਾਵਾਰ ਰਿਪੋਰਟ ਅਨੁਸਾਰ, ਇਸ ਸਾਲ ਦੀ ਦੂਜੀ ਛਿਮਾਹੀ ਵਿਚ ਗਲੋਬਲ ਤੇਲ ਦੀ ਮੰਗ ਅਤੇ ਸਪਲਾਈ ਦਾ ਸੰਤੁਲਨ ਹੋਣਾ ਤੈਅ ਹੈ ਅਤੇ ਉਤਪਾਦਕਾਂ ਨੂੰ ਮੰਗ ਪੂਰੀ ਕਰਨ ਲਈ 20 ਲੱਖ ਬੈਰਲ ਪ੍ਰਤੀ ਦਿਨ (ਬੀ. ਪੀ. ਡੀ.) ਤੇਲ ਹੋਰ ਪੰਪ ਕਰਨ ਦੀ ਜ਼ਰੂਰਤ ਪੈ ਸਕਦੀ ਹੈ। ਪਿਛਲੇ ਸਾਲ ਕੋਵਿਡ-19 ਮਹਾਮਾਰੀ ਫ਼ੈਲਣ ਕਾਰਨ ਤੇਲ ਮੰਗ ਵਿਚ ਭਾਰੀ ਆਈ ਕਮੀ ਆ ਗਈ ਸੀ, ਜਿਸ ਵਿਚ ਹੁਣ ਸੁਧਾਰ ਹੋਣ ਦੇ ਆਸਾਰ ਹਨ।

ਉੱਥੇ ਹੀ, ਕਾਰੋਬਾਰ ਦੌਰਾਨ ਡਬਲਿਊ. ਟੀ. ਆਈ. ਕੱਚਾ ਤੇਲ ਵੀ ਲਗਭਗ 63.18 ਡਾਲਰ ਪ੍ਰਤੀ ਬੈਰਲ 'ਤੇ ਸੀ। ਪੈਟਰੋਲੀਅਮ ਉਤਪਾਦਕਾਂ ਦੇ ਸਮੂਹ ਓਪੇਕ ਪਲੱਸ ਨੇ ਵੀ ਇਸ ਸਾਲ ਗਲੋਬਲ ਤੇਲ ਦੀ ਮੰਗ ਵਧਣ ਦੀ ਉਮੀਦ ਜਤਾਈ ਹੈ। ਓਪੇਕ ਨੂੰ 2021 ਵਿਚ ਗਲੋਬਲ ਮੰਗ 59.5 ਲੱਖ ਬੀ. ਪੀ. ਡੀ. ਵਧਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਬ੍ਰੈਂਟ ਕੱਚੇ ਤੇਲ ਦੀ ਕੀਮਤ ਵਿਚ 4.6 ਫ਼ੀਸਦੀ ਅਤੇ ਡਬਲਿਊ. ਟੀ. ਆਈ. ਵਿਚ 4.9 ਫ਼ੀਸਦੀ ਦਾ ਉਛਾਲ ਆਇਆ ਸੀ। ਗੌਰਤਲਬ ਹੈ ਕਿ ਭਾਰਤ ਜ਼ਰੂਰਤ ਦਾ ਲਗਭਗ 80-85 ਫ਼ੀਸਦੀ ਤੇਲ ਦਰਾਮਦ ਕਰਦਾ ਹੈ। ਇਸ ਵਿਚਕਾਰ ਕੱਚਾ ਤੇਲ ਮਹਿੰਗਾ ਹੋਣ ਅਤੇ ਰੁਪਏ ਦੀ ਕਮਜ਼ੋਰੀ ਦਾ ਅਸਰ ਪੈਟਰੋਲ-ਡੀਜ਼ਲ ਕੀਮਤਾਂ 'ਤੇ ਹੋਵੇਗਾ।


author

Sanjeev

Content Editor

Related News