ਸਾਊਦੀ ਵੱਲੋਂ ਉਤਪਾਦਨ ਵਿਚ 50% ਕਟੌਤੀ, ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ

Sunday, Sep 15, 2019 - 02:14 PM (IST)

ਸਾਊਦੀ ਵੱਲੋਂ ਉਤਪਾਦਨ ਵਿਚ 50% ਕਟੌਤੀ, ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ

ਸਾਊਦੀ— ਕੌਮਾਂਤਰੀ ਬਾਜ਼ਾਰ 'ਚ ਕੱਚਾ ਤੇਲ ਜਲਦ ਹੀ ਮਹਿੰਗਾ ਹੋਣ ਜਾ ਰਿਹਾ ਹੈ, ਜਿਸ ਕਾਰਨ ਪੈਟਰੋਲ, ਡੀਜ਼ਲ ਤੇ ਗੈਸ ਕੀਮਤਾਂ 'ਚ ਵੀ ਵਾਧਾ ਹੋ ਸਕਦਾ ਹੈ। ਸਾਊਦੀ 'ਚ ਵਿਸ਼ਵ ਦੇ ਸਭ ਤੋਂ ਵੱਡੇ ਤੇਲ ਪ੍ਰੋਸੈਸਿੰਗ ਯੂਨਿਟ 'ਤੇ ਡਰੋਨ ਹਮਲਾ ਹੋਣ ਕਾਰਨ ਸਾਊਦੀ ਅਰਬ ਨੇ ਤੇਲ ਤੇ ਗੈਸ ਉਤਪਾਦਨ 'ਚ ਵੱਡੀ ਕਟੌਤੀ ਕਰ ਦਿੱਤੀ ਹੈ।ਸ਼ਨੀਵਾਰ ਨੂੰ ਸਾਊਦੀ ਦੀ ਸਰਕਾਰੀ ਖੇਤਰ ਦੀ ਅਰਾਮਕੋ ਕੰਪਨੀ ਦੇ ਦੋ ਵੱਡੇ ਤੇਲ ਪਲਾਂਟਾਂ 'ਤੇ ਡਰੋਨ ਹਮਲੇ ਹੋਏ ਸਨ, ਜਿਸ ਕਾਰਨ ਸਾਊਦੀ ਨੂੰ ਆਪਣਾ 50 ਫੀਸਦੀ ਤੇਲ ਉਤਪਾਦਨ ਫਿਲਹਾਲ ਲਈ ਬੰਦ ਕਰਨਾ ਪੈ ਰਿਹਾ ਹੈ।
ਸਾਊਦੀ ਵਿਸ਼ਵ ਕੱਚੇ ਤੇਲ ਦਾ 10 ਫੀਸਦੀ ਹਿੱਸਾ ਉਤਪਾਦਨ ਕਰਦਾ ਹੈ। ਇਸ ਦਾ ਅੱਧਾ ਉਤਪਾਦਨ ਬੰਦ ਹੋਣ ਨਾਲ ਸੋਮਵਾਰ ਨੂੰ ਬਾਜ਼ਾਰ ਖੁੱਲ੍ਹਣ 'ਤੇ ਤੇਲ ਕੀਮਤਾਂ 'ਤੇ ਮਹੱਤਵਪੂਰਨ ਪ੍ਰਭਾਵ ਦੇਖਣ ਨੂੰ ਮਿਲ ਸਕਦਾ ਹੈ।

 

10 ਡਾਲਰ ਤਕ ਹੋ ਸਕਦਾ ਹੈ ਮਹਿੰਗਾ
ਸ਼ਨੀਵਾਰ ਨੂੰ ਸਾਊਦੀ ਦੇ ਤੇਲ ਖੇਤਰਾਂ 'ਚ ਦਸ ਡਰੋਨਾਂ ਨੇ ਤੇਲ ਪ੍ਰੋਸੈਸਿੰਗ ਯੂਨਿਟਾਂ 'ਤੇ ਹਮਲਾ ਕੀਤਾ ਸੀ, ਜਿਸ ਨਾਲ ਇਕ ਦਿਨ 'ਚ ਕੱਚੇ ਤੇਲ ਉਤਪਾਦਨ 'ਚ 57 ਲੱਖ ਬੈਰਲ ਦੀ ਕਮੀ ਹੋ ਗਈ ਹੈ। ਇਹ ਸਾਊਦੀ ਦੇ ਕੁੱਲ ਉਤਪਾਦਨ ਦਾ ਲਗਭਗ 50 ਫੀਸਦੀ ਹਿੱਸਾ ਹੈ। ਬਾਜ਼ਾਰ ਮਾਹਰਾਂ ਦਾ ਮੰਨਣਾ ਹੈ ਕਿ ਸੋਮਵਾਰ ਨੂੰ ਕੱਚਾ ਤੇਲ 5 ਤੋਂ 10 ਡਾਲਰ ਪ੍ਰਤੀ ਬੈਰਲ ਉੱਪਰ ਖੁੱਲ੍ਹ ਸਕਦਾ ਹੈ।

PunjabKesari

ਇਸ ਵਿਚਕਾਰ ਸਾਊਦੀ ਮੰਤਰੀ ਪ੍ਰਿੰਸ ਅਬਦੁਲ ਅਜ਼ੀਜ਼ ਬਿਨ ਸਲਮਾਨ ਨੇ ਭਰੋਸਾ ਦਿੱਤਾ ਹੈ ਕਿ ਉਹ ਆਪਣੇ ਗਾਹਕਾਂ ਨੂੰ ਉਤਪਾਦਨ 'ਚ ਕਟੌਤੀ ਦੀ ਭਰਪਾਈ ਅਰਾਮਕੋ ਦੇ ਰਿਜ਼ਰਵਡ ਤੇਲ ਭੰਡਾਰਾਂ 'ਚੋਂ ਕਰੇਗਾ।
ਸਾਊਦੀ 'ਚ ਡਰੋਨ ਹਮਲੇ ਨਾਲ ਯੂ. ਐੱਸ. ਤੇ ਈਰਾਨ ਵਿਚਕਾਰ ਤੱਲਖੀ ਹੋਰ ਵਧਣ ਦਾ ਖਦਸ਼ਾ ਹੈ। ਯਮਨ ਦੇ ਹੋਤੀ ਬਾਗੀਆਂ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਪਰ ਯੂ. ਐੱਸ. ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਸਿੱਧਾ-ਸਿੱਧਾ ਇਨ੍ਹਾਂ ਹਮਲਿਆਂ ਲਈ ਈਰਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇੱਥੇ ਇਹ ਦੱਸਣਯੋਗ ਹੈ ਕਿ ਸਾਊਦੀ ਯਮਨ ਦੀ ਸਰਕਾਰ ਨੂੰ ਸਪੋਰਟ ਕਰਨ ਵਾਲੇ ਪੱਛਮੀ ਸੈਨਿਕ ਗੱਠਜੋੜ ਦਾ ਸਮਰਥਨ ਕਰ ਰਿਹਾ ਹੈ, ਜਦੋਂ ਕਿ ਈਰਾਨ ਹੋਤੀ ਬਾਗੀਆਂ ਦਾ ਸਮਰਥਨ ਕਰਦਾ ਹੈ। ਅਮਰੀਕਾ ਨੇ ਕਿਹਾ ਹੈ ਕਿ ਉਹ ਆਪਣੇ ਸਹਿਯੋਗੀਆਂ ਨਾਲ ਮਿਲ ਕੇ ਕੰਮ ਕਰੇਗਾ ਤਾਂ ਜੋ ਬਾਜ਼ਾਰ 'ਚ ਸਪਲਾਈ 'ਚ ਕੋਈ ਕਮੀ ਨਾ ਹੋਵੇ।


Related News