ਹੁਣ ਸਪੈਮ ਕਾਲ ਅਤੇ ਮੈਸੇਜ ਨਹੀਂ ਕਰਨਗੇ ਪਰੇਸ਼ਾਨ, TRAI ਨੇ ਟੈਲੀਕਾਮ ਕੰਪਨੀਆਂ ਨੂੰ ਜਾਰੀ ਕੀਤੇ ਦਿਸ਼ਾ-ਨਿਰਦੇਸ਼
Tuesday, Aug 20, 2024 - 06:53 PM (IST)
ਨਵੀਂ ਦਿੱਲੀ - ਦੇਸ਼ ਵਿਚ ਆਮ ਲੋਕਾਂ ਨੂੰ ਹਰ ਰੋਜ਼ ਅਣਚਾਹੇ ਕਾਲਾਂ ਅਤੇ ਸੰਦੇਸ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਨਾਲ ਨਾ ਸਿਰਫ ਉਨ੍ਹਾਂ ਨੂੰ ਅਸੁਵਿਧਾ ਹੁੰਦੀ ਹੈ ਸਗੋਂ ਕਈ ਵਾਰ ਵੱਡੀ ਧੋਖਾਧੜੀ ਦਾ ਸ਼ਿਕਾਰ ਵੀ ਹੋ ਜਾਂਦੇ ਹਨ। ਇਸ ਨੂੰ ਧਿਆਨ 'ਚ ਰੱਖਦੇ ਹੋਏ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRAI) ਨੇ ਮੰਗਲਵਾਰ ਨੂੰ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਹਨਾਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੁਣ ਸਾਰੀਆਂ ਟੈਲੀਮਾਰਕੀਟਿੰਗ ਕਾਲਾਂ ਨੂੰ 140 ਸੀਰੀਜ਼ ਵਿੱਚ ਮਾਈਗ੍ਰੇਟ ਕਰਨਾ ਲਾਜ਼ਮੀ ਹੋਵੇਗਾ ਤਾਂ ਜੋ ਉਹਨਾਂ ਦੀ ਬਿਹਤਰ ਨਿਗਰਾਨੀ ਅਤੇ ਨਿਯੰਤਰਣ ਕੀਤਾ ਜਾ ਸਕੇ। ਇਸ ਲਈ ਸਾਰੀਆਂ ਟੈਲੀਕਾਮ ਕੰਪਨੀਆਂ ਨੂੰ 30 ਸਤੰਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 1 ਸਤੰਬਰ ਤੋਂ ਕਿਸੇ ਵੀ ਮੈਸੇਜ ’ਚ ਯੂ. ਆਰ. ਐੱਲ., ਏ. ਪੀ. ਕੇ., ਓ. ਟੀ. ਟੀ. ਲਿੰਕ ਜਾਂ ਕਾਲ ਬੈਕ ਨੰਬਰ ਨਹੀਂ ਭੇਜਿਆ ਜਾ ਸਕੇਗਾ ।
ਮੈਸੇਜ ਭੇਜਣ ਵਾਲੇ ਅਤੇ ਰਿਸੀਵ ਕਰਨ ਵਾਲੇ ਦੀ ਪੂਰੀ ਜਾਣਕਾਰੀ ਰੱਖਣੀ ਹੋਵੇਗੀ
ਟਰਾਈ ਨੇ ਕਿਹਾ ਹੈ ਕਿ ਮੈਸੇਜ ਨੂੰ ਲੈ ਕੇ ਸਾਰੀਆਂ ਟੈਲੀਕਾਮ ਕੰਪਨੀਆਂ ਨੂੰ ਆਪਣਾ ਸਿਸਟਮ ਦਰੁਸਤ ਕਰਨਾ ਪਵੇਗਾ। 1 ਨਵੰਬਰ, 2024 ਤੋਂ ਹਰ ਮੈਸੇਜ ਨੂੰ ਭੇਜਣ ਵਾਲੇ ਅਤੇ ਰਿਸੀਵ ਕਰਨ ਵਾਲੇ ਦੀ ਪੂਰੀ ਜਾਣਕਾਰੀ ਉਨ੍ਹਾਂ ਕੋਲ ਹੋਣੀ ਚਾਹੀਦੀ ਹੈ। ਜੇਕਰ ਕਿਸੇ ਵੀ ਮੈਸੇਜ ’ਚ ਇਹ ਜਾਣਕਾਰੀ ਨਹੀਂ ਹੈ ਤਾਂ ਉਸ ਨੂੰ ਰਿਜੈਕਟ ਕਰਨਾ ਹੋਵੇਗਾ।
ਟਰਾਈ ਨੇ ਕਿਹਾ ਹੈ ਕਿ ਗਲਤ ਕੈਟਾਗਰੀ ’ਚ ਰਜਿਸਟਰਡ ਕੰਟੈਂਟ ਟੈਂਪਲੇਟ ਨੂੰ ਵੀ ਬਲੈਕਲਿਸਟ ਕਰਨਾ ਹੋਵੇਗਾ। ਕਈ ਵਾਰ ਗਲਤੀ ਕਰਨ ਵਾਲੇ ਨੂੰ ਇਕ ਮਹੀਨੇ ਲਈ ਸਸਪੈਂਡ ਕਰਨਾ ਹੋਵੇਗਾ। ਕੰਟੈਂਟ ਟੈਂਪਲੇਟ ’ਚ ਸਾਰੀਆਂ ਗਾਈਡਲਾਈਨਸ ਦੀ ਪਾਲਣਾ ਕਰਨੀ ਹੋਵੇਗੀ। ਇਸ ਤੋਂ ਇਲਾਵਾ ਸਿੰਗਲ ਕੰਟੈਂਟ ਟੈਂਪਲੇਟ ਨੂੰ ਕਈ ਹੈਡਰ ਨਾਲ ਨਹੀਂ ਜੋੜਿਆ ਜਾ ਸਕੇਗਾ।
ਝੱਲਣਾ ਪਵੇਗਾ ਸਸਪੈਨਸ਼ਨ
ਟਰਾਈ ਨੇ ਕਿਹਾ ਹੈ ਕਿ ਹੈਡਰ ਜਾਂ ਕੰਟੈਂਟ ਟੈਂਪਲੇਟ ’ਚ ਗਡ਼ਬਡ਼ੀ ਪਾਏ ਜਾਣ ’ਤੇ ਉਸ ਕੰਪਨੀ ਦੇ ਸਾਰੇ ਹੈਡਰ ਅਤੇ ਕੰਟੈਂਟ ਟੈਂਪਲੇਟ ਨੂੰ ਸਸਪੈਂਡ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਉਨ੍ਹਾਂ ਨੂੰ ਵੈਰੀਫਿਕੇਸ਼ਨ ਦੀ ਪ੍ਰਕਿਰਿਆ ’ਚੋਂ ਲੰਘਣਾ ਪਵੇਗਾ। ਉਨ੍ਹਾਂ ਨੂੰ ਦੁਬਾਰਾ ਕੰਮ ਕਰਨ ਦੀ ਮਨਜ਼ੂਰੀ ਦੇਣ ਤੋਂ ਪਹਿਲਾਂ ਲੀਗਲ ਪ੍ਰਕਿਰਿਆ ਪੂਰੀ ਕਰਨੀ ਹੋਵੇਗੀ। ਇਸ ਤੋਂ ਇਲਾਵਾ ਡਲਿਵਰੀ ਅਤੇ ਟੈਲੀਮਾਰਕੀਟਿੰਗ ਕਰਨ ਵਾਲਿਆਂ ਨੂੰ ਵੀ ਮੈਸੇਜ ਦੇ ਗਲਤ ਇਸਤੇਮਾਲ ਦੀ ਜਾਣਕਾਰੀ 2 ਦਿਨਾਂ ਦੇ ਅੰਦਰ ਦੇਣੀ ਹੋਵੇਗੀ। ਨਹੀਂ ਤਾਂ ਉਨ੍ਹਾਂ ’ਤੇ ਵੀ ਸਖਤ ਕਾਰਵਾਈ ਕੀਤੀ ਜਾਵੇਗੀ।
ਟਰਾਈ ਨੇ ਬਣਾਈ ਇਹ ਯੋਜਨਾ
ਟਰਾਈ ਨੇ ਕਿਹਾ ਹੈ ਕਿ ਉਹ ਮੈਸੇਜਿੰਗ ਸਿਸਟਮ ਨੂੰ ਪਾਰਦਰਸ਼ੀ ਅਤੇ ਸਪੱਸ਼ਟ ਬਣਾਉਣਾ ਚਾਹੁੰਦਾ ਹੈ। ਟਰਾਈ ਦੀ ਪਹਿਲ ਕੰਜ਼ਿਊਮਰ ਅਤੇ ਉਨ੍ਹਾਂ ਦੇ ਹਿੱਤ ਹੈ। ਇਨ੍ਹਾਂ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਲੋਕਾਂ ਨੂੰ ਫਰਜ਼ੀ ਮੈਸੇਜ ਅਤੇ ਆਰਥਕ ਫਰਜ਼ੀਵਾੜੇ ਤੋਂ ਬਚਾਉਣ ਲਈ ਇਹ ਕਦਮ ਚੁੱਕਣਾ ਜ਼ਰੂਰੀ ਸੀ। ਅੱਗੇ ਵੀ ਲੋਕਾਂ ਦੀ ਸਲਾਹ ’ਤੇ ਇੰਝ ਹੀ ਕਦਮ ਚੁੱਕੇ ਜਾਂਦੇ ਰਹਿਣਗੇ। ਨਵੇਂ ਦਿਸ਼ਾ-ਨਿਰਦੇਸ਼ ’ਤੇ ਜ਼ਿਆਦਾ ਜਾਣਕਾਰੀ ਲਈ ਤੁਸੀਂ ਟਰਾਈ ਦੀ ਵੈੱਬਸਾਈਟ ’ਤੇ ਵੀ ਜਾ ਸਕਦੇ ਹੋ।