ਸੇਬੀ ਡਿਜੀਟਲ ਸੋਨਾ ਜਾਂ ਈ-ਗੋਲਡ ਉਤਪਾਦਾਂ ਨੂੰ ਰੈਗੂਲੇਟ ਕਰਨ ’ਤੇ ਵਿਚਾਰ ਨਹੀਂ ਕਰ ਰਿਹਾ : ਤੁਹਿਨ ਕਾਂਤ ਪਾਂਡੇ

Friday, Nov 21, 2025 - 11:36 PM (IST)

ਸੇਬੀ ਡਿਜੀਟਲ ਸੋਨਾ ਜਾਂ ਈ-ਗੋਲਡ ਉਤਪਾਦਾਂ ਨੂੰ ਰੈਗੂਲੇਟ ਕਰਨ ’ਤੇ ਵਿਚਾਰ ਨਹੀਂ ਕਰ ਰਿਹਾ : ਤੁਹਿਨ ਕਾਂਤ ਪਾਂਡੇ

ਨਵੀਂ ਦਿੱਲੀ, (ਭਾਸ਼ਾ)- ਬਾਜ਼ਾਰ ਰੈਗੂਲੇਟਰ ਸੇਬੀ ਦੇ ਚੇਅਰਮੈਨ ਤੁਹਿਨ ਕਾਂਤ ਪਾਂਡੇ ਨੇ ਸਪੱਸ਼ਟ ਕਰ ਦਿੱਤਾ ਕਿ ਸੇਬੀ ਡਿਜੀਟਲ ਸੋਨਾ ਜਾਂ ਈ-ਗੋਲਡ ਉਤਪਾਦਾਂ ਨੂੰ ਰੈਗੂਲੇਟ ਕਰਨ ’ਤੇ ਵਿਚਾਰ ਨਹੀਂ ਕਰ ਰਿਹਾ, ਕਿਉਂਕਿ ਇਹ ਉਤਪਾਦ ਸੇਬੀ ਦੇ ਅਧਿਕਾਰ ਖੇਤਰ ’ਚ ਆਉਂਦੇ ਹੀ ਨਹੀਂ ਹਨ।

‘ਨੈਸ਼ਨਲ ਕਾਂਕਲੇਵ ਆਨ ਰੀਟ (ਰੀਅਲ ਅਸਟੇਟ ਨਿਵੇਸ਼ ਟਰੱਸਟ) ਅਤੇ ਇਨਵਿਟ (ਬੁਨਿਆਦੀ ਢਾਂਚਾ ਨਿਵੇਸ਼ ਟਰੱਸਟ)-2025’ ਦੌਰਾਨ ਉਨ੍ਹਾਂ ਕਿਹਾ ਕਿ ਜੋ ਨਿਵੇਸ਼ਕ ਸੋਨੇ ’ਚ ਨਿਵੇਸ਼ ਕਰਨਾ ਚਾਹੁੰਦੇ ਹਨ, ਉਹ ਮਿਊਚੁਅਲ ਫੰਡਸ ਦੇ ਗੋਲਡ ਈ. ਟੀ. ਐੱਫ., ਜਾਂ ਹੋਰ ਟਰੇਡੇਬਲ ਗੋਲਡ ਸਕਿਓਰਿਟੀਜ਼ ਵਰਗੇ ਪੂਰੀ ਤਰ੍ਹਾਂ ਰੈਗੁਲੇਟਿਡ ਬਦਲਾਂ ਦੀ ਵਰਤੋਂ ਕਰ ਸਕਦੇ ਹਨ।

ਸੇਬੀ ਦਾ ਇਹ ਸਪੱਸ਼ਟੀਕਰਨ ਅਜਿਹੇ ਸਮੇਂ ’ਚ ਆਇਆ ਹੈ ਜਦੋਂ ਡਿਜੀਟਲ ਸੋਨਾ ਉਦਯੋਗ ਨੇ ਹਾਲ ਹੀ ’ਚ ਰੈਗੂਲੇਟਰ ਨੂੰ ਅਪੀਲ ਕੀਤੀ ਸੀ ਕਿ ਡਿਜੀਟਲ ਗੋਲਡ ਪਲੇਟਫਾਰਮਾਂ ਨੂੰ ਰਸਮੀ ਤੌਰ ’ਤੇ ਰੈਗੂਲੇਟ ਕੀਤਾ ਜਾਵੇ, ਤਾਂ ਜੋ ਨਿਵੇਸ਼ਕਾਂ ਦੀ ਸੁਰੱਖਿਆ ਯਕੀਨੀ ਹੋ ਸਕੇ।

ਇਸ ਮਹੀਨੇ ਦੀ ਸ਼ੁਰੂਆਤ ’ਚ ਸੇਬੀ ਨੇ ਨਿਵੇਸ਼ਕਾਂ ਨੂੰ ਡਿਜੀਟਲ ਅਤੇ ਈ-ਗੋਲਡ ਉਤਪਾਦਾਂ ’ਚ ਨਿਵੇਸ਼ ਤੋਂ ਸੁਚੇਤ ਰਹਿਣ ਦੀ ਸਲਾਹ ਦਿੱਤੀ ਸੀ। ਸੇਬੀ ਨੇ ਕਿਹਾ ਸੀ ਕਿ ਇਹ ਉਤਪਾਦ ਸੇਬੀ ਦੇ ਰੈਗੂਲੇਟਰੀ ਢਾਂਚੇ ਤੋਂ ਬਾਹਰ ਹਨ ਅਤੇ ਇਨ੍ਹਾਂ ’ਚ ਨਿਵੇਸ਼ ਕਰਨ ਨਾਲ ਕਾਫ਼ੀ ਜੋਖਮ, ਖਾਸ ਤੌਰ ’ਤੇ ਕਾਊਂਟਰਪਾਰਟੀ ਅਤੇ ਸੰਚਾਲਨ ਜੋਖਮ ਵਧ ਜਾਂਦੇ ਹਨ। ਸੇਬੀ ਨੇ ਇਹ ਵੀ ਵੇਖਿਆ ਕਿ ਕੁਝ ਆਨਲਾਈਨ ਪਲੇਟਫਾਰਮ ਡਿਜੀਟਲ ਸੋਨੇ ਨੂੰ ਭੌਤਿਕ ਸੋਨੇ ਦਾ ਆਸਾਨ ਬਦਲ ਦੱਸ ਕੇ ਪ੍ਰਮੋਟ ਕਰ ਰਹੇ ਹਨ, ਜਿਸ ਨਾਲ ਨਿਵੇਸ਼ਕ ਭੁਲੇਖੇ ’ਚ ਪੈ ਸਕਦੇ ਹਨ।

ਸੇਬੀ ਨੇ ਸਪੱਸ਼ਟ ਕੀਤਾ ਕਿ ਡਿਜੀਟਲ ਸੋਨਾ ਨਾ ਤਾਂ ਸਕਿਓਰਿਟੀ ਹੈ ਤੇ ਨਾ ਹੀ ਕਮੋਡਿਟੀ ਡੈਰੀਵੇਟਿਵ, ਇਸ ਲਈ ਇਹ ਪੂਰੀ ਤਰ੍ਹਾਂ ਅਨਰੈਗੂਲੇਟਿਡ ਹੈ ਅਤੇ ਸੇਬੀ ਇਸ ਦੀ ਨਿਗਰਾਨੀ ਨਹੀਂ ਕਰ ਸਕਦਾ। ਨਾਲ ਹੀ, ਸੇਬੀ ਦਾ ਨਿਵੇਸ਼ਕ ਸੁਰੱਖਿਆ ਢਾਂਚਾ ਅਜਿਹੇ ਅਨਰੈਗੂਲੇਟਿਡ ਉਤਪਾਦਾਂ ’ਤੇ ਲਾਗੂ ਨਹੀਂ ਹੁੰਦਾ, ਜਿਸ ਨਾਲ ਨਿਵੇਸ਼ਕਾਂ ਨੂੰ ਕੋਈ ਸੁਰੱਖਿਆ ਗਾਰੰਟੀ ਨਹੀਂ ਮਿਲਦੀ।


author

Rakesh

Content Editor

Related News