ਹੁਣ ਓਯੋ ਕਰੇਗੀ ਛਾਂਟੀ, ਕੰਪਨੀ ਸਟ੍ਰਕਚਰ ’ਚ ਵੀ ਹੋਵੇਗਾ ਬਦਲਾਅ

Sunday, Dec 04, 2022 - 10:45 AM (IST)

ਹੁਣ ਓਯੋ ਕਰੇਗੀ ਛਾਂਟੀ, ਕੰਪਨੀ ਸਟ੍ਰਕਚਰ ’ਚ ਵੀ ਹੋਵੇਗਾ ਬਦਲਾਅ

ਨਵੀਂ ਦਿੱਲੀ– ਪ੍ਰਾਹੁਣਚਾਰੀ ਚੇਨ ਓਯੋ ਵੀ ਹੁਣ ਉਨ੍ਹਾਂ ਸਟਾਰਟਅਪ ਦੀ ਲੰਬੀ ਕਤਾਰ ’ਚ ਸ਼ਾਮਲ ਹੋ ਗਈ ਹੈ ਜੋ ਕੰਪਨੀ ਨੂੰ ਪਟੜੀ ’ਤੇ ਲਿਆਉਣ ਲਈ ਕਰਮਚਾਰੀਆਂ ਦੀ ਛਾਂਟੀ ਦਾ ਸਹਾਰਾ ਲੈ ਰਹੇ ਹਨ। ਓਯੋ ਨੇ ਆਪਣੇ ਸਟ੍ਰਕਚਰ ’ਚ ਵੱਡੇ ਬਦਲਾਅ ਦੀ ਯੋਜਨਾ ਸਾਹਮਣੇ ਰੱਖੀ ਹੈ। ਇਸ ਯੋਜਨਾ ਦਾ ਮੁੱਖ ਹਿੱਸਾ ਕਰਮਚਾਰੀਆਂ ਦੀ ਛਾਂਟੀ ਹੈ। ਕੰਪਨੀ ਨੇ ਜਾਣਕਾਰੀ ਦਿੱਤੀ ਹੈ ਕਿ ਉਹ 600 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ਜਾ ਰਹੀ ਹੈ। ਕੰਪਨੀ ’ਚ ਫਿਲਹਾਲ 3700 ਕਰਮਚਾਰੀ ਕੰਮ ਕਰ ਰਹੇ ਹਨ। ਉੱਥੇ ਹੀ ਕੰਪਨੀ ਨੇ ਸਪੱਸ਼ਟ ਕੀਤਾ ਹੈ ਕਿ ਉਹ ਇਸ ਲਈ ਨਵੀਆਂ ਭਰਤੀਆਂ ਦੀ ਵੀ ਯੋਜਨਾ ਬਣਾ ਰਹੀ ਹੈ।
ਨਵੀਂ ਨੌਕਰੀ ਵੀ ਦੇਵੇਗੀ ਕੰਪਨੀ
ਉੱਥੇ ਹੀ ਕੰਪਨੀ ਨੇ ਇਹ ਵੀ ਕਿਹਾ ਹੈ ਕਿ ਉਹ ਕੰਪਨੀ ਸਟ੍ਰਕਚਰ ’ਚ ਬਦਲਾਅ ਦੇ ਤਹਿਤ ਨਵੀਂ ਜੌਬ ਆਫਰ ਕਰੇਗੀ। ਹਾਲਾਂਕਿ ਨਵੀਂ ਜੌਬ ਦੀ ਗਿਣਤੀ ਛਾਂਟੀ ਹੋਣ ਵਾਲੇ ਕਰਮਚਾਰੀਆਂ ਦੀ ਗਿਣਤੀ ਦੇ ਅੱਧੇ ਤੋਂ ਵੀ ਘੱਟ ਹੋਵੇਗੀ। ਇਸ ਯੋਜਨਾ ਦੇ ਤਹਿਤ ਬਿਜ਼ਨੈੱਸ ਨੂੰ ਬੜ੍ਹਾਵਾ ਦੇਣ ਵਾਲੇ ਸੈਕਸ਼ਨ ’ਚ ਨਵੀਆਂ ਭਰਤੀਆਂ ਹੋਣਗੀਆਂ। ਕੰਪਨੀ ਨੇ ਕਿਹਾ ਹੈ ਕਿ ਰੀਸਟ੍ਰਚਰਿੰਗ ਦੇ ਤਹਿਤ ਕੁੱਝ ਸੈਕਸ਼ਨ ਦਾ ਆਕਾਰ ਛੋਟਾ ਕੀਤਾ ਜਾਵੇਗਾ ਜਾਂ ਫਿਰ ਉਨ੍ਹਾਂ ਨੂੰ ਆਪਸ ’ਚ ਮਰਜ਼ ਕੀਤਾ ਜਾਵੇਗਾ।
ਕਿਨ੍ਹਾਂ ’ਤੇ ਪਵੇਗਾ ਅਸਰ
ਰਿਪੋਰਟਸ ਮੁਤਾਬਕ ਇਸ ਛਾਂਟੀ ’ਚ ਵੱਡਾ ਹਿੱਸਾ ਟੈੱਕ ਕਰਮਚਾਰੀਆਂ ਦਾ ਹੋਵੇਗਾ, ਜਿਸ ’ਚ ਜ਼ਿਆਦਾਤਰ ਪ੍ਰੋਡਕਟ ਅਤੇ ਇੰਜੀਨੀਅਰਿੰਗ ਵਰਗੀ ਭੂਮਿਕਾ ਨਿਭਾਉਣ ਵਾਲੇ ਕਰਮਚਾਰੀ ਹਨ। ਕੰਪਨੀ ਨੇ ਜਾਣਕਾਰੀ ਦਿੱਤੀ ਹੈ ਕਿ ਕੰਮ ਨੂੰ ਬਿਹਤਰ ਤਰੀਕੇ ਨਾਲ ਅੱਗੇ ਵਧਾਉਣ ਲਈ ਪ੍ਰੋਡਕਟ ਅਤੇ ਇੰਜੀਨੀਅਰਿੰਗ ਟੀਮ ਨੂੰ ਆਪਸ ’ਚ ਮਿਲਾ ਦਿੱਤਾ ਜਾਵੇਗਾ, ਜਿਸ ਨਾਲ ਕੰਪਨੀ ’ਚ ਕੰਮ ਬਿਹਤਰ ਤਰੀਕੇ ਨਾਲ ਹੁੰਦਾ ਰਹੇ। ਇਸ ਤੋਂ ਇਲਾਵਾ ਕਈ ਹੋਰ ਟੀਮਾਂ ਨੂੰ ਵੀ ਛੋਟਾ ਬਣਾਇਆ ਜਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਕੰਪਨੀ ਰਿਲੇਸ਼ਨਸ਼ਿਪ ਮੈਨੇਜਮੈਂਟ ਟੀਮ ਨੂੰ ਵਧਾਏਗੀ ਅਤੇ 250 ਕਰਮਚਾਰੀਆਂ ਦੀ ਭਰਤੀ ਕਰੇਗੀ, ਜਿਸ ’ਚ ਜ਼ਿਆਦਾਤਰ ਇਸ ਡਿਪਾਰਟਮੈਂਟ ਨਾਲ ਜੁੜਨਗੇ। ਪਿਛਲੇ ਦੋ ਸਾਲਾਂ ’ਚ ਇਹ ਦੂਜੀ ਵਾਰ ਹੈ ਜਦੋਂ ਓਯੋ ਨੇ ਲੋਕਾਂ ਨੂੰ ਨੌਕਰੀ ਤੋਂ ਕੱਢਿਆ ਹੈ। 2020 ਦੇ ਅਖੀਰ ’ਚ ਕੰਪਨੀ ਨੇ 300 ਕਰਮਚਾਰੀਆਂ ਦੀ ਛਾਂਟੀ ਕੀਤੀ ਸੀ। ਕੰਪਨੀ ਨੇ ਕਿਹਾ ਕਿ ਨੌਕਰੀ ਤੋਂ ਕੱਢੇ ਜਾਣ ਵਾਲੇ ਕਰਮਚਾਰੀਆਂ ਨੂੰ ਹੋਰ ਫਾਇਦਿਆਂ ਦੇ ਨਾਲ ਨਵੀਂ ਨੌਕਰੀ ਪਾਉਣ ਲਈ ਵੀ ਮਦਦ ਕੀਤੀ ਜਾਵੇਗੀ। ਓਯੋ ਫਿਲਹਾਲ ਆਈ. ਪੀ. ਓ. ਲਿਆਉਣ ਦੀ ਤਿਆਰੀ ’ਚ ਹੈ ਅਤੇ ਇਸ਼ੂ ਤੋਂ ਪਹਿਲਾਂ ਉਹ ਆਪਣੀ ਸਥਿਤੀ ਨੂੰ ਮਜ਼ਬੂਤ ਦਿਖਾਉਣ ਦੀ ਕੋਸ਼ਿਸ਼ ’ਚ ਹੈ।
ਈ-ਕਾਮਰਸ ਪਲੇਟਫਾਰਮ ਕੈਰੋਸੇਲ ਨੇ 110 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ
ਕੰਜਿਊਮਰ-ਟੂ-ਕੰਜਿਊਮਰ (ਸੀ2ਸੀ) ਈ-ਕਾਮਰਸ ਪਲੇਟਫਾਰਮ ਕੈਰੋਸੇਲ ਨੇ ਲਾਗਤ ਘੱਟ ਕਰਨ ਦੇ ਯਤਨ ’ਚ ਲਗਭਗ 110 ਕਰਮਚਾਰੀਆਂ ਜਾਂ ਆਪਣੇ ਕੁੱਲ ਕਰਮਚਾਰੀਆਂ ਦੇ 10 ਫੀਸਦੀ ਨੂੰ ਕੱਢ ਦਿੱਤਾ ਹੈ। ਕੈਰੋਸੇਲ ਦੇ ਸਹਿ-ਸੰਸਥਾਪਕ ਅਤੇ ਸੀ. ਈ. ਓ. ਸਿਓ ਰੂਈ ਕਿਊਕ ਨੇ ਕਿਹਾ ਕਿ ਉਹ ਉਨ੍ਹਾਂ ‘ਫੈਸਲਿਆਂ’ ਦੀ ਜ਼ਿੰਮੇਵਾਰੀ ਲੈਂਦੇ ਹਨ ਜੋ ਸਾਨੂੰ ਇੱਥੇ ਲੈ ਆਏ ਹਨ। ਸਿੰਗਾਪੁਰ ਮੁੱਖ ਦਫਤਰ ਵਾਲੀ ਕੰਪਨੀ ਮਲੇਸ਼ੀਆ, ਇੰਡੋਨੇਸ਼ੀਆ, ਫਿਲੀਪੀਂਸ, ਕੰਬੋਡੀਆ, ਤਾਈਵਾਨ, ਹਾਂਗਕਾਂਗ, ਕਮਾਊ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਕੈਨੇਡਾ ’ਚ ਕੰਮ ਕਰਦੀ ਹੈ। ਕੰਪਨੀ ਹਰੇਕ ਪ੍ਰਭਾਵਿਤ ਕਰਮਚਾਰੀ ਨੂੰ ਸੇਵਾ ਦੇ ਹਰੇਕ ਸਾਲ ਲਈ 1 ਮਹੀਨੇ ਦੀ ਤਨਖਾਹ ਦੇਵੇਗੀ ਜੋ ਨਜ਼ਦੀਕੀ ਛਿਮਾਹੀ ਤੱਕ ਹੋਵੇਗੀ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


author

Aarti dhillon

Content Editor

Related News