TRAIN 'ਚ ਸੀਟ ਬੁਕਿੰਗ ਹੋਵੇਗੀ ਜਾਂ ਨਹੀਂ, ਹੁਣ ਇਕ ਕਲਿੱਕ 'ਤੇ ਦੇਖੋ ਚਾਰਟ

Saturday, Jan 11, 2020 - 10:35 AM (IST)

TRAIN 'ਚ ਸੀਟ ਬੁਕਿੰਗ ਹੋਵੇਗੀ ਜਾਂ ਨਹੀਂ, ਹੁਣ ਇਕ ਕਲਿੱਕ 'ਤੇ ਦੇਖੋ ਚਾਰਟ

ਬਿਜ਼ਨੈੱਸ ਡੈਸਕ—  ਕੀ ਤੁਸੀਂ ਅਕਸਰ ਟਰੇਨ ਰਾਹੀਂ ਯਾਤਰਾ ਕਰਦੇ ਹੋ ਤੇ ਜਦੋਂ ਤੁਹਾਡੀ ਬੁਕਿੰਗ ਕਨਫਰਮ ਨਹੀਂ ਹੁੰਦੀ ਤਾਂ ਚਿੰਤਤ ਹੋ ਜਾਂਦੇ ਹੋ? ਤਾਂ ਇਹ ਖਬਰ ਤੁਹਾਡੇ ਲਈ ਹੈ। ਭਾਰਤੀ ਰੇਲਵੇ ਨੇ ਰਿਜ਼ਰਵਡ ਚਾਰਟ ਆਨਲਾਈਨ ਪਾਉਣਾ ਸ਼ੁਰੂ ਕਰ ਦਿੱਤਾ ਹੈ। ਰੇਲ ਯਾਤਰੀ ਹੁਣ ਰਿਜ਼ਰਵੇਸ਼ਨ ਚਾਰਟ ਬਣਨ ਤੋਂ ਬਾਅਦ ਖਾਲੀ ਤੇ ਬੁੱਕ ਹੋਈਆਂ ਸੀਟਾਂ ਦੀ ਜਾਣਕਾਰੀ ਇਕ ਕਲਿੱਕ 'ਤੇ ਆਨਲਾਈਨ ਪ੍ਰਾਪਤ ਕਰ ਸਕਦੇ ਹਨ। ਪਹਿਲਾ ਰਿਜ਼ਰਵੇਸ਼ਨ ਚਾਰਟ ਟਰੇਨ ਦੀ ਰਵਾਨਗੀ ਤੋਂ ਲਗਭਗ 4 ਘੰਟੇ ਪਹਿਲਾਂ ਲਗਾਇਆ ਜਾਵੇਗਾ, ਜਦੋਂ ਕਿ ਦੂਜਾ ਚਾਰਟ ਟਰੇਨ ਦੇ ਰਵਾਨਾ ਹੋਣ ਤੋਂ 30 ਮਿੰਟ ਪਹਿਲਾਂ ਆਨਲਾਈਨ ਦੇਖਿਆ ਜਾ ਸਕਦਾ ਹੈ, ਜਿਸ ਨਾਲ ਸੀਟਾਂ 'ਚ ਕਿਸੇ ਵੀ ਤਰ੍ਹਾਂ ਦੇ ਬਦਲਾਵ ਬਾਰੇ ਪਤਾ ਲੱਗੇਗਾ।

 

PunjabKesari

ਨਵਾਂ ਫੀਚਰ ਆਈ. ਆਰ. ਸੀ. ਟੀ. ਸੀ. ਈ-ਟਿਕਟ ਬੁਕਿੰਗ ਪਲੇਟਫਾਰਮ ਦੇ ਵੈੱਬ ਤੇ ਮੋਬਾਈਲ ਦੋਹਾਂ ਸੰਸਕਰਣਾਂ 'ਤੇ ਉਪਲੱਬਧ ਹੋ ਚੁੱਕਾ ਹੈ। ਇਸ ਨਵੀਂ ਇੰਟਰਫੇਸ 'ਚ ਰਿਜ਼ਰਵ ਟਰੇਨਾਂ 'ਚ ਇਸਤੇਮਾਲ ਹੋਣ ਵਾਲੀਆਂ ਨੌ ਕਲਾਸਾਂ ਦਾ ਖਾਕਾ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ।
ਇਸ ਲਈ ਤੁਹਾਨੂੰ ਸਭ ਤੋਂ ਪਹਿਲਾਂ ਭਾਰਤੀ ਰੇਲਵੇ ਕੈਟਰਿੰਗ ਤੇ ਟੂਰਿਜ਼ਮ ਕਾਰਪੋਰੇਸ਼ਨ (ਆਈ. ਆਰ. ਸੀ. ਟੀ. ਸੀ.) ਦੀ ਵੈੱਬਸਾਈਟ 'ਤੇ ਜਾਣਾ ਹੋਵੇਗਾ। ਇਸ 'ਤੇ 'Charts/Vacancy' ਨਵਾਂ ਬਦਲ ਉਪਲੱਬਧ ਹੈ। ਇਸ 'ਤੇ ਕਲਿੱਕ ਕਰਨ 'ਤੇ ਨਵਾਂ ਪੇਜ ਖੁੱਲ੍ਹੇਗਾ, ਜਿਸ 'ਚ ਤੁਹਾਨੂੰ ਟਰੇਨ ਨੰਬਰ, ਯਾਤਰਾ ਦੀ ਤਰੀਕ ਤੇ ਬੋਰਡਿੰਗ ਸਟੇਸ਼ਨ ਭਰਨਾ ਹੋਵੇਗਾ। ਇਸ ਮਗਰੋਂ 'Get Train Chart' 'ਤੇ ਕਲਿੱਕ ਕਰਕੇ ਤੁਸੀਂ ਰਿਜ਼ਰਵੇਸ਼ਨ ਚਾਰਟ ਦੇਖ ਸਕਦੇ ਹੋ। ਇਸ ਨਾਲ ਕਲਾਸ-ਵਾਰ ਤੇ ਕੋਚ-ਵਾਰ ਖਾਲੀ ਸੀਟਾਂ ਦੀ ਗਿਣਤੀ ਦੇਖੀ ਜਾ ਸਕਦੀ ਹੈ।


Related News