ਸਵਿੱਸ ਬੈਂਕਾਂ ''ਚ ਕਾਲਾ ਧਨ ਖਾਤਾ ਧਾਰਕਾਂ ਲਈ ਆਖਰੀ ਰਸਤਾ, ਭਾਰਤ ਨੂੰ ਜਾਣਕਾਰੀ ਤੋਂ ਪਹਿਲਾਂ ਮਿਲਿਆ ਨੋਟਿਸ

Monday, Feb 04, 2019 - 03:19 PM (IST)

ਸਵਿੱਸ ਬੈਂਕਾਂ ''ਚ ਕਾਲਾ ਧਨ ਖਾਤਾ ਧਾਰਕਾਂ ਲਈ ਆਖਰੀ ਰਸਤਾ, ਭਾਰਤ ਨੂੰ ਜਾਣਕਾਰੀ ਤੋਂ ਪਹਿਲਾਂ ਮਿਲਿਆ ਨੋਟਿਸ

ਨਵੀਂ ਦਿੱਲੀ — ਸਵਿੱਸ ਬੈਂਕਾਂ ਵਿਚ ਭਾਰਤੀ ਗਾਹਕਾਂ ਦੇ ਕਾਲੇ ਧਨ ਵਾਲਾ ਕਿੱਸਾ ਆਖਰੀ ਦੌਰ 'ਚ ਪਹੁੰਚਦਾ ਦਿਖਾਈ ਦੇ ਰਿਹਾ ਹੈ। ਪਿਛਲੇ ਹਫਤੇ ਤੋਂ ਸਵਿੱਸ ਫੈਡਰਲ ਟੈਕਸ ਪ੍ਰਸ਼ਾਸਨ ਨੇ ਇਨ੍ਹਾਂ ਗਾਹਕਾਂ ਨੂੰ ਲੈਟਰ ਭੇਜਣੇ ਸ਼ੁਰੂ ਕਰ ਦਿੱਤੇ ਹਨ। ਇਨ੍ਹਾਂ ਵਿਚ ਭਾਰਤੀ ਅਧਿਕਾਰੀਆਂ ਨੂੰ ਖਾਤੇ ਦੀ ਜਾਣਕਾਰੀ ਦੇਣ ਤੋਂ ਪਹਿਲਾਂ ਆਪਣੇ ਗਾਹਕਾਂ ਦੀ ਸਹਿਮਤੀ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਸਵਿਟਜ਼ਰਲੈਂਡ ਦੇ ਕਾਨੂੰਨ ਵਿਚ ਸਹਿਮਤੀ ਲੈਣ ਦਾ ਰਿਵਾਜ਼ ਹੈ।

ਇਕ ਸੂਤਰ ਨੇ ਈ.ਟੀ. ਨੂੰ ਦੱਸਿਆ ਕਿ ਘੱਟੋ-ਘੱਟ ਚਾਰ ਲੋਕਾਂ ਨੂੰ ਸਵਿੱਸ ਐਫ.ਟੀ.ਏ. ਦਾ ਲੈਟਰ ਮਿਲਿਆ ਹੈ। ਇਨ੍ਹਾਂ ਵਿਚ ਇਕ ਹੀਰਾ ਵਪਾਰੀ, ਇਕ ਹੋਲਸੇਲ ਟ੍ਰੇਡਰ ਅਤੇ ਨਿਰਮਾਣ ਕੰਪਨੀਆਂ ਨੂੰ ਸੰਭਾਲ ਰਹੇ ਲੋਕ ਸ਼ਾਮਲ ਹਨ। ਇਨ੍ਹਾਂ ਲੋਕਾਂ ਨੇ 10 ਦਿਨਾਂ ਵਿਚ ਜਵਾਬ ਦੇਣਾ ਹੈ।

ਸਹਿਮਤੀ ਦੇਣ ਜਾਂ ਨਾ ਦੇਣ

ਵਿਦੇਸ਼ੀ ਖਾਤਿਆਂ ਨਾਲ ਜੁੜੇ ਮਾਹਰਾਂ ਦਾ ਕਹਿਣਾ ਹੈ ਕਿ ਕਦੇ ਨਾ ਕਦੇ ਇਹ ਜਾਣਕਾਰੀ ਭਾਰਤ ਆਏਗੀ ਹੀ। ਜੇਕਰ ਖਾਤਾ ਧਾਰਕ ਰਜ਼ਾਮੰਦੀ ਦਿੰਦੇ ਹਨ ਤਾਂ ਉਹ ਸਵਿੱਸ ਖਾਤਿਆਂ ਵਿਚ ਬੇਹਿਸਾਬ ਰਕਮ ਰੱਖਣ ਦੇ ਦੋਸ਼ੀ ਹੋਣਗੇ। ਜੇਕਰ ਉਹ ਰਜ਼ਾਮੰਦੀ ਨਹੀਂ ਦਿੰਦੇ ਤਾਂ ਉਨ੍ਹਾਂ ਲਈ ਬਚਾਓ ਦੀ ਰਣਨੀਤੀ ਬਣਾਉਣ ਮੁਸ਼ਕਲ ਹੋ ਜਾਵੇਗਾ ਕਿਉਂਕਿ ਉਨ੍ਹਾਂ ਨੂੰ ਪਤਾ ਨਹੀਂ ਹੋਵੇਗਾ ਕਿ ਕਿਸ ਤਰ੍ਹਾਂ ਦੀ ਜਾਣਕਾਰੀ ਭਾਰਤ ਨਾਲ ਸਾਂਝੀ ਕੀਤੀ ਗਈ ਹੈ।

ਸਹਿਮਤੀ ਦਿੱਤੇ ਜਾਣ 'ਤੇ ਡਾਟਾ ਤੁਰੰਤ ਹੀ ਇੰਡੀਆ ਦੇ ਟੈਕਸ ਵਿਭਾਗ ਅਤੇ ਗਾਹਕ ਨੂੰ ਵੀ ਦੇ ਦਿੱਤਾ ਜਾਵੇਗਾ। ਹਾਲਾਂਕਿ ਰਜ਼ਾਮੰਦੀ ਨਾ ਦੇਣ ਵਾਲੇ ਗਾਹਕਾਂ ਨਾਲ ਜੁੜੀ ਜਾਣਕਾਰੀ ਵੀ ਇਕ ਸਮੇਂ ਬਾਅਦ ਸਵਿੱਸ ਆਫਿਸ਼ਿਅਲ ਗਜ਼ਟ ਵਿਚ ਦਰਜ ਹੋਣ ਤੋਂ ਬਾਅਦ ਸਾਂਝੀ ਕਰ ਦਿੱਤੀ ਜਾਵੇਗੀ।

ਬਚ ਸਕਦੇ ਹਨ ਇਹ ਲੋਕ

ਜਿਨ੍ਹਾਂ ਭਾਰਤੀਆਂ ਨੇ ਪਹਿਲੀ ਅਪ੍ਰੈਲ 2011 ਤੋਂ ਪਹਿਲਾਂ ਆਪਣੇ ਖਾਤੇ ਬੰਦ ਕਰ ਦਿੱਤੇ ਹੋਣਗੇ ਉਹ ਇਸ ਜਾਂਚ ਤੋਂ ਬਚ ਸਕਦੇ ਹਨ। ਸੂਤਰਾਂ ਅਨੁਸਾਰ ਸਵਿੱਟਜ਼ਰਲੈਂਡ ਅਤੇ ਭਾਰਤ ਵਿਚਕਾਰ ਸੂਚਨਾ ਸਾਂਝੀ ਕਰਨ ਦੇ ਕਾਨੂੰਨੀ ਸਮਝੌਤੇ ਦੇ ਲਾਗੂ ਹੋਣ ਦੀ ਤਾਰੀਖ ਤੋਂ ਪਹਿਲਾਂ ਜਿਹੜੇ ਖਾਤੇ ਬੰਦ ਹੋ ਗਏ ਹੋਣਗੇ, ਉਨ੍ਹਾਂ ਦੀ ਜਾਣਕਾਰੀ ਕੋਈ ਵੀ ਬੈਂਕ ਨਹੀਂ ਦੇਵੇਗਾ।


Related News