ਵਸਤਾਂ ਤੋਲਣ ਵਾਲੀ ਮਸ਼ੀਨ ਨਿਰਮਾਤਾਵਾਂ ਅਤੇ ਦਰਾਮਦਕਾਰਾਂ ਨੂੰ ਕੇਂਦਰ ਵਲੋਂ ਨੋਟਿਸ ਜਾਰੀ, ਜਾਣੋ ਪੂਰਾ ਮਾਮਲਾ
Tuesday, Aug 30, 2022 - 02:57 PM (IST)
ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਈ-ਕਾਮਰਸ ਪਲੇਟਫਾਰਮਾਂ 'ਤੇ ਰਸੋਈ ਵਿਚ ਵਰਤਣ ਵਾਲੀਆਂ ਨਿੱਜੀ ਵਸਤਾਂ ਤੋਲਣ ਅਤੇ ਮਾਪਣ ਵਾਲੀਆਂ ਮਸ਼ੀਨਾਂ ਦੇ 63 ਨਿਰਮਾਤਾਵਾਂ ਅਤੇ ਇਨ੍ਹਾਂ ਦਾ ਆਯਾਤ ਕਰਨ ਵਾਲਿਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ। ਨੋਟਿਸ ਵਿੱਚ ਉਨ੍ਹਾਂ ਨੂੰ ਰੈਗੂਲੇਟਰੀ ਨਿਯਮਾਂ ਦੀ ਪਾਲਣਾ ਬਾਰੇ ਪੁੱਛਿਆ ਗਿਆ ਹੈ। ਬੀਤੇ ਦਿਨੀਂ ਇਨ੍ਹਾਂ ਉਤਪਾਦਾਂ ਦੀ ਅਣਅਧਿਕਾਰਤ ਵਿਕਰੀ ਨੂੰ ਲੈ ਕੇ ਕਈ ਖ਼ਪਤਕਾਰਾਂ ਦੀਆਂ ਸ਼ਿਕਾਇਤਾਂ ਆ ਰਹੀਆਂ ਰਹੀਆਂ ਸਨ ਜਿਸ ਤੋਂ ਬਾਅਦ ਇਹ ਨੋਟਿਸ ਭੇਜਿਆ ਗਿਆ ਹੈ।
ਖ਼ਪਤਕਾਰ ਮਾਮਲਿਆਂ ਦੇ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਪੀ.ਟੀ.ਆਈ. ਨੂੰ ਦੱਸਿਆ ਕਿ ਖਪਤਕਾਰਾਂ ਦੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਜੂਨ ਤੋਂ 29 ਅਗਸਤ ਦੇ ਸਮੇਂ ਦਰਮਿਆਨ 63 ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਇਸ ਨੋਟਿਸ ਵਿੱਚ ਤੋਲ ਮਸ਼ੀਨਾਂ ਦੇ ਨਿਰਮਾਤਾਵਾਂ, ਦਰਾਮਦਕਾਰਾਂ ਅਤੇ ਵਿਕਰੇਤਾਵਾਂ ਨੂੰ ਮਾਡਲ ਦੀ ਪ੍ਰਵਾਨਗੀ ਲੈਣ,ਆਯਾਤਕਰਤਾ, ਡੀਲਰ ਲਾਇਸੈਂਸ ਅਤੇ ਤੋਲ ਸਕੇਲਾਂ ਦੀ ਜਾਂਚ ਦੇ ਵੇਰਵੇ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਇਹ ਕਾਰਵਾਈ ਖ਼ਪਤਕਾਰਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਕੀਤੀ ਗਈ ਹੈ ਕਿਉਂਕਿ ਦੇਖਣ ਵਿਚ ਆਇਆ ਹੈ ਕਿ ਤੋਲ ਅਤੇ ਮਾਪਣ ਵਾਲੇ ਯੰਤਰਾਂ ਦੇ ਕੁਝ ਨਿਰਮਾਤਾ,ਆਯਾਤਕਰਤਾ ਕਾਨੂੰਨ ਦੇ ਨਿਯਮਾਂ ਦੀ ਪਾਲਣਾ ਕੀਤੇ ਬਿਨਾਂ ਰਸੋਈ ਦੇ ਸਕੇਲ ਅਤੇ ਨਿੱਜੀ ਵਸਤਾਂ ਤੋਲਣ ਵਾਲੀਆਂ ਮਸ਼ੀਨਾਂ ਨੂੰ ਵੇਚ ਰਹੇ ਹਨ।
ਲੀਗਲ ਮੈਟਰੋਲੋਜੀ ਐਕਟ 2009 ਦੇ ਮੁਤਾਬਿਕ ਨਿਰਮਾਤਾਵਾਂ ਅਤੇ ਆਯਾਤਕਾਂ ਨੂੰ ਆਪਣੇ ਤੋਲ ਅਤੇ ਮਾਪਣ ਵਾਲੇ ਯੰਤਰ ਦੀ ਜਾਂਚ, ਮਾਡਲ ਲਈ ਸਟੈਂਪ, ਨਿਰਮਾਣ ਲਾਇਸੈਂਸ ਅਤੇ ਆਯਾਤ ਕਰਨ ਵਾਲਿਆਂ ਨੂੰ ਰਜਿਸਟ੍ਰੇਸ਼ਨ ਅਤੇ ਪ੍ਰਵਾਨਗੀ ਲੈਣ ਦੀ ਲੋੜ ਹੁੰਦੀ ਹੈ।