ਦਿੱਲੀ ਦੇ 8 ਵੱਡੇ ਸਟੇਸ਼ਨਾਂ 'ਤੇ ਪਲੇਟਫਾਰਮ ਟਿਕਟਾਂ ਦੀ ਵਿਕਰੀ ਨੂੰ ਹਰੀ ਝੰਡੀ
Sunday, Jun 13, 2021 - 03:25 PM (IST)
ਨਵੀਂ ਦਿੱਲੀ- ਹੁਣ ਦਿੱਲੀ ਡਿਵੀਜ਼ਨ ਤਹਿਤ ਆਉਂਦੇ ਸਟੇਸ਼ਨਾਂ 'ਤੇ ਪਲੇਟਫਾਰਮ ਟਿਕਟ ਖ਼ਰੀਦੀ ਜਾ ਸਕਦੀ ਹੈ। ਉੱਤਰੀ ਰੇਲਵੇ ਨੇ ਦਿੱਲੀ ਮੰਡਲ ਦੇ ਅਧੀਨ 8 ਵੱਡੇ ਸਟੇਸ਼ਨਾਂ 'ਤੇ ਪਲੇਟਫਾਰਮ ਟਿਕਟਾਂ ਦੀ ਵਿਕਰੀ ਦੀ ਹਰੀ ਝੰਡੀ ਦੇ ਦਿੱਤੀ ਹੈ। ਕੋਵਿਡ-19 ਸੰਕਟ ਦੇ ਮੱਦੇਨਜ਼ਰ ਰੇਲਵੇ ਸਟੇਸ਼ਨਾਂ 'ਤੇ ਭੀੜ-ਭੜੱਕਾ ਹੋਣ ਤੋਂ ਬਚਣ ਲਈ ਪਲੇਟਫਾਰਮ ਟਿਕਟਾਂ ਦੀ ਵਿਕਰੀ ਮੁਅੱਤਲ ਕੀਤੀ ਗਈ ਸੀ। ਹੁਣ ਮਹਾਮਾਰੀ ਦੇ ਮਾਮਲੇ ਘੱਟ ਹੋਣ ਨਾਲ ਇਕ ਵਾਰ ਫਿਰ ਪਲੇਟਫਾਰਮ ਟਿਕਟਾਂ ਦੀ ਵਿਕਰੀ ਸ਼ੁਰੂ ਕਰ ਦਿੱਤੀ ਗਈ ਹੈ।
ਹਾਲਾਂਕਿ, ਹਾਲੇ ਮਹਾਮਾਰੀ ਦਾ ਖ਼ਤਰਾ ਟਲਿਆ ਨਹੀਂ ਹੈ। ਇਸੇ ਲਈ ਸਟੇਸ਼ਨਾਂ 'ਤੇ ਬੇਲੋੜੀ ਭੀੜ ਨੂੰ ਰੋਕਣ ਲਈ ਪਲੇਟਫਾਰਮ ਟਿਕਟਾਂ ਦੀ ਕੀਮਤ ਵਧਾ ਕੇ 30 ਰੁਪਏ ਪ੍ਰਤੀ ਟਿਕਟ ਕਰ ਦਿੱਤੀ ਗਈ ਹੈ।
ਹੁਣ ਯਾਤਰੀ ਨਵੀਂ ਦਿੱਲੀ, ਦਿੱਲੀ ਜੰਕਸ਼ਨ, ਹਜ਼ਰਤ ਨਿਜ਼ਾਮੂਦੀਨ, ਆਨੰਦ ਵਿਹਾਰ ਟਰਮੀਨਲ, ਮੇਰਠ ਸਿਟੀ, ਗਾਜ਼ੀਆਬਾਦ, ਦਿੱਲੀ ਸਰਾਏ ਰੋਹਿਲਾ ਅਤੇ ਦਿੱਲੀ ਕੈਂਟ ਰੇਲਵੇ ਸਟੇਸ਼ਨਾਂ 'ਤੇ ਪਲੇਟਫਾਰਮ ਟਿਕਟ ਲੈ ਸਕਦੇ ਹਨ। ਉੱਤਰੀ ਰੇਲਵੇ ਦੇ ਇਕ ਬੁਲਾਰੇ ਨੇ ਕਿਹਾ ਕਿ ਦੂਜੇ ਸਟੇਸ਼ਨਾਂ 'ਤੇ ਮੰਗ ਅਨੁਸਾਰ ਫ਼ੈਸਲਾ ਲਿਆ ਜਾਵੇਗਾ। ਗੌਰਤਲਬ ਹੈ ਕਿ ਰੇਲਵੇ ਬੋਰਡ ਨੇ ਪਲੇਟਫਾਰਮ ਟਿਕਟਾਂ ਦੀ ਵਿਕਰੀ ਸਬੰਧੀ ਫ਼ੈਸਲਾ ਲੈਣ ਲਈ ਖੇਤਰੀ ਤੇ ਮੰਡਲ ਦਫ਼ਤਰਾਂ ਨੂੰ ਕੋਵਿਡ-19 ਦੀ ਸਥਿਤੀ ਦੇ ਆਧਾਰ 'ਤੇ ਇਜਾਜ਼ਤ ਦੇ ਦਿੱਤੀ ਸੀ। ਬੁਲਾਰੇ ਨੇ ਕਿਹਾ ਕਿ ਹੁਣ ਹੌਲੀ-ਹੌਲੀ ਜ਼ੋਨਸ ਖੁੱਲ੍ਹ ਰਹੇ ਹਨ। ਇਸ ਦੇ ਆਧਾਰ 'ਤੇ ਫ਼ੈਸਲੇ ਵੀ ਲਏ ਜਾ ਰਹੇ ਹਨ।