ਉੱਤਰੀ-ਪੂਰਬੀ ਭਾਰਤ ਬਣੇਗਾ ਭਾਰਤ ਦੀ ਵਿਕਾਸ ਯਾਤਰਾ ਦਾ ਵੱਡਾ ਆਧਾਰ: ਮੋਦੀ
Sunday, Aug 15, 2021 - 01:20 PM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਦੇਸ਼ ਦਾ ਉੱਤਰੀ-ਪੂਰਬੀ ਖੇਤਰ ਭਾਰਤ ਦੀ ਵਿਕਾਸ ਯਾਤਰਾ ਦਾ ਮੁੱਖ ਥੰਮ੍ਹ ਬਣਨ ਜਾ ਰਿਹਾ ਹੈ। ਉੱਤਰੀ-ਪੂਰਬੀ ਖੇਤਰ ਨੂੰ ਵਿਕਸਤ ਬਣਾਉਣ ਲਈ ਖੇਤਰ ਦੇ ਸੂਬਿਆਂ ਦੀਆਂ ਸਾਰੀਆਂ ਰਾਜਧਾਨੀਆਂ ਨੂੰ ਰੇਲ ਸੇਵਾ ਨਾਲ ਜੋੜਨ ਸਮੇਤ ਕਈ ਯੋਜਨਾਵਾਂ 'ਤੇ ਕੰਮ ਕੀਤਾ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਨੇ 75ਵੇਂ ਆਜ਼ਾਦੀ ਦਿਹਾੜੇ ਦੇ ਮੌਕੇ 'ਤੇ ਲਾਲ ਕਿਲ੍ਹੇ ਤੋਂ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਕਿਹਾ, "ਉੱਤਰੀ-ਪੂਰਬੀ ਖੇਤਰ ਭਾਰਤ ਦੀ ਵਿਕਾਸ ਯਾਤਰਾ ਦਾ ਮੁੱਖ ਥੰਮ੍ਹ ਬਣਨ ਜਾ ਰਿਹਾ ਹੈ। ਜਲਦ ਹੀ ਉੱਤਰੀ-ਪੂਰਬੀ ਦੀਆਂ ਸਾਰੀਆਂ ਰਾਜਧਾਨੀਆਂ ਨੂੰ ਰੇਲ ਸੇਵਾ ਨਾਲ ਜੋੜਨ ਦਾ ਕੰਮ ਪੂਰਾ ਹੋਣ ਜਾ ਰਿਹਾ ਹੈ। ਇਹ ਕੰਮ ਅਮ੍ਰਿਤਕਾਲ ਦੇ ਕੁਝ ਸਾਲਾਂ ਦੇ ਅੰਦਰ ਪੂਰਾ ਕਰਨਾ ਹੈ। ਉੱਤਰੀ-ਪੂਰਬੀ ਨੂੰ ਵਿਕਸਤ ਕਰਨਾ ਹੈ।"
ਮੋਦੀ ਨੇ ਕਿਹਾ ਕਿ ਆਧੁਨਿਕੀਕਰਨ ਦੇ ਨਾਲ-ਨਾਲ ਭਾਰਤ ਨੂੰ ਬੁਨਿਆਦੀ ਢਾਂਚੇ ਦੇ ਨਿਰਮਾਣ ਵਿਚ ਇਕ ਸੰਪੂਰਨ ਪਹੁੰਚ ਅਪਣਾਉਣ ਦੀ ਲੋੜ ਹੈ। ਆਉਣ ਵਾਲੇ ਦਿਨਾਂ ਵਿਚ ਗਤਿਸ਼ਕਤੀ-ਰਾਸ਼ਟਰੀ ਮਾਸਟਰ ਪਲਾਨ ਦਾ ਐਲਾਨ ਕੀਤਾ ਜਾਵੇਗਾ। ਮੋਦੀ ਨੇ ਆਪਣੇ ਸੰਬੋਧਨ ਵਿਚ ਸਹਿਕਾਰਤਾ ਦਾ ਵੱਖਰਾ ਮੰਤਰਾਲਾ ਬਣਾਉਣ ਦਾ ਵੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਆਪਟੀਕਲ ਫਾਈਬਰ ਨੈੱਟਵਰਕ, ਇੰਟਰਨੈਟ ਦੀ ਸ਼ਕਤੀ ਪਿੰਡਾਂ ਤੱਕ ਪਹੁੰਚ ਰਹੀ ਹੈ। ਸਵੈ-ਸਹਾਇਤਾ ਸਮੂਹਾਂ ਨਾਲ ਸਬੰਧਤ ਔਰਤਾਂ ਇਕ ਤੋਂ ਵੱਧ ਇਕ ਉਤਪਾਦ ਬਣਾ ਰਹੀਆਂ ਹਨ। "ਸਥਾਨਕ ਉਤਪਾਦਾਂ ਨੂੰ ਤਰਜੀਹ" ਦੇ ਨਾਲ ਦੇਸ਼ ਅੱਗੇ ਵੱਧ ਰਿਹਾ ਹੈ।