‘ਕ੍ਰਿਪਟੋ ਐਕਸਚੇਂਜ ’ਚ ਇੰਨੀ ਵੱਡੀ ਗਿਰਾਵਟ ’ਤੇ ਕੋਈ ਹੈਰਾਨੀ ਨਹੀਂ’
Sunday, Nov 13, 2022 - 10:26 AM (IST)

ਬਿਜਨੈੱਸ ਡੈਸਕ–ਜ਼ਿਆਦਾ ਸਮਾਂ ਨਹੀਂ ਹੋਇਆ ਜਦੋਂ ਐੱਫ. ਟੀ. ਐਕਸ. ਦੁਨੀਆ ਦੇ ਸਭ ਤੋਂ ਵੱਡੇ ਕ੍ਰਿਪਟੋ ਕਰੰਸੀ ਟ੍ਰੇਡਿੰਗ ਮੰਚਾਂ ’ਚੋਂ ਇਕ ਸੀ। ਸਾਲ 2019 ’ਚ ਸਥਾਪਿਤ ਇਸ ਕ੍ਰਿਪਟੋ ਐਕਸਚੇਂਜ ’ਚ ਵੱਡੀ ਤੇਜ਼ੀ ਨਾਲ ਵਾਧਾ ਹੋਇਆ ਅਤੇ ਸਾਲ 2022 ਦੀ ਸ਼ੁਰੂਆਤ ’ਚ ਇਸ ਦਾ ਮੁੱਲ 30 ਅਰਬ ਡਾਲਰ ਤੱਕ ਪਹੁੰਚ ਗਿਆ ਸੀ। ਪਰ ਪਿਛਲੇ ਦੋ ਹਫਤਿਆਂ ’ਚ ਪੂਰੀ ਤਸਵੀਰ ਹੀ ਬਦਲ ਚੁੱਕੀ ਹੈ।
ਸਭ ਤੋਂ ਪਹਿਲਾਂ ਐੱਫ. ਟੀ. ਐਕਸ. ਅਤੇ ਜਾਇਦਾਦ ਵਪਾਰ ਫਰਮ ਅਲਮੇਡਾ ਰਿਸਰਚ ਦੇ ਸਬੰਧਾਂ ਨੂੰ ਲੈ ਕੇ ਚਿੰਤਾਵਾਂ ਸਾਹਮਣੇ ਆਈਆਂ। ਇਸ ਦੌਰਾਨ ਗਾਹਕਾਂ ਦੇ ਪੈਸੇ ਨੂੰ ਐੱਫ. ਟੀ. ਐਕਸ. ਤੋਂ ਅਲਮੇਡਾ ’ਚ ਟ੍ਰਾਂਸਫਰ ਕੀਤੇ ਜਾਣ ਦੀਆਂ ਚਰਚਾਵਾਂ ਵੀ ਸ਼ਾਮਲ ਹਨ। ਕੁੱਝ ਦਿਨਾਂ ਬਾਅਦ ਸਭ ਤੋਂ ਵੱਡੇ ਕ੍ਰਿਪਟੋ ਐਕਸਚੇਂਜ ਅਤੇ ਐੱਫ. ਟੀ. ਐਕਸ. ਦੇ ਮੁਕਾਬਲੇਬਾਜ਼ ਬਿਨੇਂਸ ਨੇ ਐਲਾਨ ਕੀਤਾ ਕਿ ਉਹ ਐੱਫ. ਟੀ. ਟੀ. ਟੋਕਨ ਦੀ ਆਪਣੀ ਹੋਲਡਿੰਗ ਨੂੰ ਵੇਚ ਦੇਵੇਗੀ। ਇਸ ਤੋਂ ਘਬਰਾਏ ਗਾਹਕ ਐੱਫ. ਟੀ. ਐਕਸ. ’ਚੋਂ ਧਨ ਕੱਢਣ ਲਈ ਦੌੜ ਪਏ ਅਤੇ ਇਹ ਐਕਸਚੇਂਜ ਹੁਣ ਪਤਨ ਕੰਢੇ ਪੁੱਜ ਚੁੱਕਾ ਹੈ। ਇਸ ਦੀ ਵੈੱਬਸਾਈਟ ’ਤੇ ਇਹ ਸੰਦੇਸ਼ ਵੀ ਜਾਰੀ ਕਰ ਦਿੱਤਾ ਗਿਆ ਹੈ ਕਿ ਉਹ ਮੌਜੂਦਾ ਸਮੇਂ ’ਚ ਨਿਕਾਸੀ ਦੀ ਪ੍ਰਕਿਰਿਆ ’ਚ ਅਸਮਰੱਥ ਹੈ। ਹਾਲਾਂਕਿ ਕ੍ਰਿਪਟੋ ਕਰੰਸੀ ਦੀ ਦੁਨੀਆ ’ਚ ਇਹ ਇੰਨੇ ਵੱਡੇ ਪੈਮਾਨੇ ’ਤੇ ਹੋਈ ਕੋਈ ਪਹਿਲੀ ਗਿਰਾਵਟ ਨਹੀਂ ਹੈ।
ਬਚਾਅ ਦਾ ਰਾਹ ਮੁਸ਼ਕਲ
ਐੱਫ. ਟੀ. ਐਕਸ. ਅਤੇ ਅਲਮੇਡਾ ਦੋਵੇਂ ਐਕਸਚੇਂਜ ਦੀ ਬਹੁ-ਗਿਣਤੀ ਮਲਕੀਅਤ ਰੱਖਣ ਵਾਲੇ ਸੈਮ ਬੈਂਕਮੈਨ-ਫ੍ਰਾਈਡ ਨੇ ਇਸ ਸਾਲ ਦੀ ਸ਼ੁਰੂਆਤ ’ਚ ਹੋਰ ਬਦਹਾਲ ਕ੍ਰਿਪਟੋ ਕਰੰਸੀਆਂ ਨੂੰ ਮੁਸ਼ਕਲ ਤੋਂ ਉਭਾਰਿਆ ਸੀ। ਪਰ ਹੁਣ ਉਹ ਆਪਣੀਆਂ ਕੰਪਨੀਆਂ ਨੂੰ ਬਚਾਉਣ ਲਈ8 ਅਰਬ ਡਾਲਰ ਦਾ ਨਿਵੇਸ਼ ਕਰਨ ਵਾਲੇ ਦੀ ਭਾਲ ’ਚ ਹਨ। ਪਰ ਕਈ ਫਰਮਾਂ ਦੇ ਪਹਿਲਾਂ ਹੀ ਐੱਫ. ਟੀ. ਐਕਸ. ਵਿਚ ਆਪਣੀ ਹਿੱਸੇਦਾਰੀ ਨੂੰ ਵੱਟੇ ਖਾਤੇ ’ਚ ਪਾ ਦੇਣ ਨਾਲ ਬੈਂਕਮੈਨ-ਫਾਈਡ ਲਈ ਇਛੁੱਕ ਨਿਵੇਸ਼ਕਾਂ ਨੂੰ ਲੱਭਣਾ ਸੌਖਾਲਾ ਨਹੀਂ ਹੋਵੇਗਾ। ਬਿਨੇਂਸ ਨੇ ਇਸ ਕ੍ਰਿਪਟੋ ਐਕਸਚੇਂਜ ਨੂੰ ਐਕਵਾਇਰ ਕਰਨ ਬਾਰੇ ਸੋਚਿਆ ਪਰ ਆਖਿਰ ’ਚ ਉਸ ਦਾ ਫੈਸਲਾ ਨਾਂਹਪੱਖੀ ਹੀ ਰਿਹਾ।
ਨੁਕਸਾਨ ਦਾ ਸੌਦਾ ਬਣ ਸਕਦਾ ਹੈ ਕ੍ਰਿਪਟੋ
ਸਹੀ ਤਰੀਕੇ ਨਾਲ ਰੈਗੂਲੇਟੇਡ ਨਾ ਹੋ ਰਹੇ ਐਕਸਚੇਂਜਾਂ ’ਤੇ ਬਿਨਾਂ ਕਿਸੇ ਬੁਨਿਆਦੀ ਮੂਲ ਮੁੱਲ ਤੋਂ ‘ਜਾਇਦਾਦਾਂ’ ਵਿਚ ਵਪਾਰ ਕਰਨਾ ਹਮੇਸ਼ਾ ਇਕ ਬਹੁਤ ਹੀ ਜੋਖਮ ਭਰਿਆ ਯਤਨ ਹੁੰਦਾ ਹੈ। ਕਈ ਲੋਕਾਂ ਲਈ ਇਹ ਨੁਕਸਾਨ ਦਾ ਸੌਦਾ ਬਣ ਸਕਦਾ ਹੈ। ਕ੍ਰਿਪਟੋ ਤੋਂ ਇਲਾਵਾ ਹੋਰ ਜਾਇਦਾਦਾਂ ਦਾ ਮਾਮਲਾ ਵੱਖਰਾ ਹੁੰਦਾ ਹੈ। ਆਮ ਕੰਪਨੀ ਦੇ ਸ਼ੇਅਰਾਂ ਦਾ ਇਕ ਬੁਨਿਆਦੀ ਮੁੱਲ ਹੁੰਦਾ ਹੈ ਜੋ ਕੰਪਨੀ ਦੇ ਮੁਨਾਫੇ ਨਾਲ ਭੁਗਤਾਨ ਕੀਤੇ ਗਏ ਲਾਭ ਅੰਸ਼ ’ਤੇ ਆਧਾਰਿਤ ਹੁੰਦਾ ਹੈ। ਰੀਅਲ ਅਸਟੇਟ ਦਾ ਵੀ ਇਕ ਬੁਨਿਆਦੀ ਮੁੱਲ ਹੁੰਦਾ ਹੈ ਜੋ ਨਿਵੇਸ਼ਕ ਨੂੰ ਮਿਲਣ ਵਾਲੇ ਕਿਰਾਏ ਜਾਂ ਉਸ ’ਤੇ ਉਸ ਦੇ ਭੌਤਿਕ ਕਬਜ਼ੇ ਨੂੰ ਦਰਸਾਉਂਦਾ ਹੈ। ਇਕ ਬਾਂਡ ਦਾ ਵੀ ਮੁੱਲ ਉਸ ’ਤੇ ਮਿਲਣ ਵਾਲੇ ਵਿਆਜ ਦੀ ਰਕਮ ’ਤੇ ਨਿਰਭਰ ਕਰਦਾ ਹੈ। ਪਰ ਬਿਟਕੁਆਈਨ, ਈਥਰ ਅਤੇ ਡਾਜਕੁਆਈਨ ਵਰਗੀਆਂ ਕਥਿਤ ਕ੍ਰਿਪਟੋ ਕਰੰਸੀਆਂ ਦਾ ਅਜਿਹਾ ਕੋਈ ਬੁਨਿਆਦੀ ਮੁੱਲ ਨਹੀਂ ਹੁੰਦਾ ਹੈ।
ਕ੍ਰਿਪਟੋ ਈਕੋ ਸਿਸਟਮ ’ਚ ਘਟਿਆ ਵਿਸ਼ਵਾਸ
ਇਨ੍ਹਾਂ ਘਟਨਾਵਾਂ ਨੇ ਕ੍ਰਿਪਟੋ ਈਕੋਸਿਸਟਮ ’ਚ ਵਿਸ਼ਵਾਸ ਨੂੰ ਹੋਰ ਘੱਟ ਕਰ ਦਿੱਤਾ ਹੈ। ਇਸ ਨਵੀਂ ਘਟਨਾ ਨਾਲ ਪਹਿਲਾਂ ਹੀ ਕ੍ਰਿਪਟੋ-ਕਰੰਸੀਆਂ ਦਾ ‘ਮੁੱਲ’ 3 ਲੱਖ ਕਰੋੜ ਡਾਲਰ ਦੇ ਉੱਚ ਪੱਧਰ ਤੋਂ ਡਿਗ ਕੇ ਇਕ ਲੱਖ ਕਰੋੜ ਡਾਲਰ ’ਤੇ ਆ ਗਿਆ ਸੀ। ਹੁਣ ਤਾਂ ਇਙ ਹੋਰ ਵੀ ਹੇਠਾਂ ਡਿਗ ਗਿਆ ਹੈ। ਜਿਸ ਤਰ੍ਹਾਂ ਇੰਟਰਨੈੱਟ ਆਧਾਰਿਤ ਕਾਰੋਬਾਰ ’ਚ ਐਮਾਜ਼ੋਨ ਵਰਗੀਆਂ ਕੁੱਝ ਕੰਪਨੀਆਂ ਹੀ ਦਿੱਗਜ਼ ਬਣ ਸਕੀਆਂ ਹਨ, ਉਸੇ ਤਰ੍ਹਾਂ ਇਹ ਸੰਭਵ ਹੈ ਕਿ ਕ੍ਰਿਪਟੋ ਦੀ ਰੂਪ-ਰੇਖਾ ਤੈਅ ਕਰਨ ਵਾਲੀ ਬਲਾਕਚੇਨ ਤਕਨੀਕ ’ਤੇ ਨਿਰਭਰ ਸਿਰਫ ਕੁੱਝ ਕੰਪਨੀਆਂ ਦੀ ਸਥਾਈ ਤੌਰ ’ਤੇ ਲਾਹੇਵੰਦ ਸਾਬਤ ਹੋਣ। ਮੁਦਰਾ ਦੇ ਇਲੈਕਟ੍ਰਾਨਿਕ ਰੂਪ ਦੇ ਵਿਚਾਰ ਨੂੰ ਕੇਂਦਰੀ ਬੈਂਕ ਡਿਜੀਟਲ ਮੁਦਰਾ ਦੀ ਸ਼ਕਲ ’ਚ ਹੁਣ ਅਪਣਾਇਆ ਜਾ ਰਿਹਾ ਹੈ ਪਰ ਬੈਂਕ ਆਫ ਇੰਟਰਨੈਸ਼ਨਲ ਸੈਟਲਮੈਂਟਸ ਦੇ ਮੁੱਖ ਅਰਥਸ਼ਾਸਤਰੀ ਹਿਊਨ ਸੋਂਗ ਸ਼ਿਨ ਦੇ ਸ਼ਬਦਾਂ ’ਚ ਕਹੀਏ ਤਾਂ ਕ੍ਰਿਪਟੋ ਨਾਲ ਜੋ ਕੁੱਝ ਵੀ ਕੀਤਾ ਜਾ ਸਕਦਾ ਹੈ, ਉਹ ਕੇਂਦਰੀ ਬੈਂਕ ਦੇ ਪੈਸੇ ਨਾਲ ਬਿਹਤਰ ਕੀਤਾ ਜਾ ਸਕਦਾ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।