ਪੰਜਾਬ ਦੇ ਕਿਸਾਨਾਂ ਨੂੰ ਰਾਹਤ, ਯੂਰੀਏ ਦੀ ਨਹੀਂ ਹੋਵੇਗੀ ਘਾਟ

Sunday, Dec 30, 2018 - 09:47 AM (IST)

ਪੰਜਾਬ ਦੇ ਕਿਸਾਨਾਂ ਨੂੰ ਰਾਹਤ, ਯੂਰੀਏ ਦੀ ਨਹੀਂ ਹੋਵੇਗੀ ਘਾਟ

ਚੰਡੀਗੜ੍ਹ— ਮੱਧ ਪ੍ਰਦੇਸ਼, ਰਾਜਸਥਾਨ ਵਿਚ ਜਿੱਥੇ ਯੂਰੀਏ ਦੀ ਸਪਲਾਈ ਵਿਚ ਕਮੀ ਦੀਆਂ ਖਬਰਾਂ ਸਾਹਮਣੇ ਆਈਆਂ ਹਨ, ਉੱਥੇ ਹੀ ਪੰਜਾਬ ਦੇ ਕਿਸਾਨਾਂ ਲਈ ਵੱਡੀ ਰਾਹਤ ਹੈ। ਪੰਜਾਬ ਸਰਕਾਰ ਦੇ ਬੁਲਾਰੇ ਮੁਤਾਬਕ, ਸੂਬੇ ਵਿਚ ਯੂਰੀਏ ਦੀ ਕੋਈ ਕਮੀ ਨਹੀਂ ਹੈ ਅਤੇ ਮੌਜੂਦਾ ਹਾੜ੍ਹੀ ਸੀਜ਼ਨ ਦੌਰਾਨ ਕਿਸਾਨਾਂ ਨੂੰ 85 ਫੀਸਦੀ ਯੂਰੀਆ ਪਹਿਲਾਂ ਹੀ ਉਪਲੱਬਧ ਕਰਵਾ ਦਿੱਤਾ ਗਿਆ ਹੈ।
31 ਜਨਵਰੀ 2019 ਤਕ ਪੰਜਾਬ ਵਿਚ 12.50 ਲੱਖ ਮੀਟ੍ਰਿਕ ਟਨ ਯੂਰੀਆ ਦੀ ਲੋੜ ਹੈ, ਜਿਸ ਵਿਚੋਂ 10.60 ਲੱਖ ਟਨ ਯੂਰੀਆ ਦੀ ਸਪਲਾਈ ਸੂਬੇ ਵਿਚ ਪਹਿਲਾਂ ਹੀ ਕਰ ਦਿੱਤੀ ਗਈ ਹੈ ਅਤੇ ਬਾਕੀ 40,000 ਮੀਟ੍ਰਿਕ ਟਨ ਯੂਰੀਏ ਦੀ ਸਪਲਾਈ ਵੀ ਜਲਦ ਹੋ ਜਾਵੇਗੀ।
ਸਰਕਾਰ ਦਾ ਕਹਿਣਾ ਹੈ ਕਿ ਸੂਬੇ ਦੀਆਂ ਸਹਿਕਾਰੀ ਸੁਸਾਇਟੀਆਂ ਵਿਚ ਯੂਰੀਏ ਦੀ ਲੋੜੀਂਦੀ ਮਾਤਰਾ ਪਹਿਲਾਂ ਹੀ ਉਪਲੱਬਧ ਕਰਵਾ ਦਿੱਤੀ ਗਈ ਹੈ।ਸਹਿਕਾਰੀ ਖੇਤਰ ਵਿਚ 5.81 ਲੱਖ ਟਨ ਯੂਰੀਏ ਦੀ ਮੰਗ ਦੇ ਮੁਕਾਬਲੇ ਸਹਿਕਾਰੀ ਸੁਸਾਇਟੀਆਂ ਵਿਚ 5.04 ਲੱਖ ਟਨ ਯੂਰੀਆ ਸਪਲਾਈ ਕੀਤਾ ਜਾ ਚੁੱਕਾ ਹੈ।
ਮੌਜੂਦਾ ਹਾੜ੍ਹੀ ਦੇ ਸੀਜ਼ਨ ਵਿਚ ਕਣਕ ਦੀ ਬਿਜਾਈ 35 ਲੱਖ ਹੈਕਟੇਅਰ ਰਕਬੇ 'ਤੇ ਕੀਤੀ ਗਈ ਹੈ ਅਤੇ ਕਣਕ ਵਿਚ ਯੂਰੀਏ ਦੀ ਖਾਦ ਪਾਉਣ ਦੀ ਪ੍ਰਕਿਰਿਆ 31 ਜਨਵਰੀ ਤਕ ਜਾਰੀ ਰਹੇਗੀ।ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਵਿਚ ਕਿਸਾਨਾਂ ਨੂੰ ਯੂਰੀਏ ਦੀ ਸਪਲਾਈ ਅਤੇ ਵਿਕਰੀ 'ਤੇ ਪੂਰੀ ਨਿਗਰਾਨੀ ਰੱਖ ਰਹੀ ਹੈ ਅਤੇ ਇੱਥੇ ਯੂਰੀਏ ਦੀ ਕਮੀ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ।


Related News