ਫੇਸਬੁੱਕ ਨੂੰ 'ਆਧਾਰ' ਨਾਲ ਕਰਨਾ ਹੋਵੇਗਾ ਲਿੰਕ? ਜਾਣੋ ਸਰਕਾਰ ਨੇ ਕੀ ਕਿਹਾ

02/05/2020 2:49:11 PM

ਨਵੀਂ ਦਿੱਲੀ— ਸਰਕਾਰ ਨੇ ਬੁੱਧਵਾਰ ਨੂੰ ਕਿਹਾ ਕਿ ਫੇਸਬੁੱਕ, ਟਵਿੱਟਰ ਵਰਗੇ ਸੋਸ਼ਲ ਮੀਡੀਆ ਪ੍ਰੋਫਾਈਲਾਂ ਨੂੰ ਯੂਜ਼ਰਜ਼ ਦੇ 'ਆਧਾਰ ਨੰਬਰ' ਨਾਲ ਜੋੜਨ ਦਾ ਕੋਈ ਪ੍ਰਸਤਾਵ ਨਹੀਂ ਹੈ।

ਸਰਕਾਰ ਨੇ ਜ਼ੋਰ ਦੇ ਕੇ ਕਿਹਾ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਫਰਜੀ ਖ਼ਬਰਾਂ ਅਤੇ ਅਸ਼ਲੀਲਤਾ ਦੇ ਪ੍ਰਸਾਰ ਨੂੰ ਰੋਕਣ ਲਈ ਕਦਮ ਚੁੱਕੇ ਜਾ ਰਹੇ ਹਨ। ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਇਹ ਵੀ ਕਿਹਾ ਕਿ ਅਸ਼ਲੀਲਤਾ, ਖ਼ਾਸਕਰ ਚਾਈਲਡ ਪੋਰਨੋਗ੍ਰਾਫੀ ਇਕ ਗੰਭੀਰ ਖਤਰਾ ਹੈ ਤੇ ਇਸ ਨੂੰ ਰੋਕਣ ਲਈ ਕੰਮ ਕੀਤਾ ਜਾ ਰਿਹਾ ਹੈ।

ਪ੍ਰਸ਼ਨਕਾਲ ਦੌਰਾਨ ਮੰਤਰੀ ਨੇ ਲੋਕ ਸਭਾ 'ਚ ਦੱਸਿਆ ਕਿ ਬਦਲਾ ਲੈਣ ਦੀ ਭਾਵਨਾ ਨਾਲ ਵੀ ਅਸ਼ਲੀਲਤਾ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਫਰਜੀ ਖ਼ਬਰਾਂ, ਅਸ਼ਲੀਲ ਤੇ ਦੇਸ਼ ਵਿਰੋਧੀ ਸਮੱਗਰੀ ਫੈਲਣ 'ਤੇ ਨਜ਼ਰ ਰੱਖਣ ਲਈ ਕਈ ਕਦਮ ਚੁੱਕੇ ਹਨ।
ਰਵੀ ਸ਼ੰਕਰ ਪ੍ਰਸਾਦ ਨੇ ਇੱਕ ਲਿਖਤੀ ਜਵਾਬ 'ਚ ਕਿਹਾ, ''ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਮੰਤਰਾਲੇ ਕੋਲ ਯੂਜ਼ਰਜ਼ ਦੇ ਸੋਸ਼ਲ ਮੀਡੀਆ ਪ੍ਰੋਫਾਈਲਾਂ ਨੂੰ ਆਧਾਰ ਨੰਬਰ ਨਾਲ ਲਿੰਕ ਕਰਨ ਦਾ ਕੋਈ ਪ੍ਰਸਤਾਵ ਨਹੀਂ ਹੈ।'' ਉਨ੍ਹਾਂ ਦਾ ਜਵਾਬ ਇਸ ਸਵਾਲ ਦੇ ਜਵਾਬ 'ਚ ਸੀ ਕਿ ਕੀ ਸਰਕਾਰ ਯੂਜ਼ਰਜ਼ ਦੇ ਸੋਸ਼ਲ ਮੀਡੀਆ ਪ੍ਰੋਫਾਈਲਾਂ ਨੂੰ ਉਨ੍ਹਾਂ ਦੇ ਆਧਾਰ ਨੰਬਰ ਨਾਲ ਜੋੜਨ ਲਈ ਕੋਈ ਨੀਤੀ ਬਣਾਉਣ ਦਾ ਪ੍ਰਸਤਾਵ ਰੱਖਦੀ ਹੈ। ਫਰਜੀ ਖ਼ਬਰਾਂ ਤੇ ਅਸ਼ਲੀਲਤਾ ਫੈਲਾ ਰਹੀਆਂ ਵੈੱਬਸਾਈਟਾਂ ਨੂੰ ਰੋਕਣ ਦੇ ਪ੍ਰਸ਼ਨ ਦਾ ਜਵਾਬ ਦਿੰਦਿਆਂ ਮੰਤਰੀ ਨੇ ਇਹ ਵੀ ਕਿਹਾ ਕਿ ਭਾਰਤ ਦੀ ਤੁਲਨਾ ਚੀਨ ਜਾਂ ਮੱਧ ਪੂਰਬ ਨਾਲ ਨਹੀਂ ਕੀਤੀ ਜਾਣੀ ਚਾਹੀਦੀ, ਭਾਰਤ ਇਕ ਲੋਕਤੰਤਰ ਹੈ।


Related News