ਪੈਟਰੋਨੇਟ ਤੇ ਆਈ. ਜੀ. ਐੱਲ. ''ਚ ਹਿੱਸੇਦਾਰੀ ਵੇਚਣ ਦਾ ਇਰਾਦਾ ਨਹੀਂ: BPCL

Thursday, May 27, 2021 - 05:53 PM (IST)

ਪੈਟਰੋਨੇਟ ਤੇ ਆਈ. ਜੀ. ਐੱਲ. ''ਚ ਹਿੱਸੇਦਾਰੀ ਵੇਚਣ ਦਾ ਇਰਾਦਾ ਨਹੀਂ: BPCL

ਨਵੀਂ ਦਿੱਲੀ- ਨਿੱਜੀਕਰਨ ਦੀ ਰਾਹ 'ਤੇ ਜਾ ਰਹੀ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀ. ਪੀ. ਸੀ. ਐੱਲ.) ਨੇ ਵੀਰਵਾਰ ਨੂੰ ਇਹ ਸਪੱਸ਼ਟ ਕੀਤਾ ਹੈ ਕਿ ਪੈਟਰੋਨੇਟ ਐੱਲ. ਐੱਨ. ਜੀ. ਲਿਮਟਿਡ ਤੇ ਇੰਦਰਪ੍ਰਸਥ ਗੈਸ ਲਿਮਟਿਡ (ਆਈ. ਜੀ. ਐੱਲ.) ਵਿਚ ਹਿੱਸੇਦਾਰੀ ਵੇਚਣ ਦਾ ਉਸ ਦਾ ਕੋਈ ਇਰਾਦਾ ਨਹੀਂ ਹੈ। ਇਸ ਤੋਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਇਨ੍ਹਾਂ ਦੋਹਾਂ ਕੰਪਨੀਆਂ ਵਿਚ ਆਪਣੀ ਕੁਝ ਹਿੱਸੇਦਾਰੀ ਵੇਚਣ ਨਾਲ ਬੀ. ਪੀ. ਸੀ. ਐੱਲ. ਦੇ ਨਵੇਂ ਮਾਲਕ ਨੂੰ ਖੁੱਲ੍ਹੀ ਪੇਸ਼ਕਸ਼ ਲਿਆਉਣ ਦੀ ਜ਼ਰੂਰਤ ਨਹੀਂ ਹੋਵੇਗੀ।

ਬੀ. ਪੀ. ਸੀ. ਐੱਲ. ਕੋਲ ਭਾਰਤ ਦੀ ਸਭ ਤੋਂ ਵੱਡੀ ਤਰਲ ਕੁਦਰਤੀ ਗੈਸ (ਐੱਲ. ਐੱਨ. ਜੀ.) ਦਰਾਮਦਕਾਰ ਪੈਟਰੋਨੇਟ ਵਿਚ 1.25 ਫ਼ੀਸਦੀ ਅਤੇ ਗੈਸ ਮਾਰਕੀਟਿੰਗ ਕੰਪਨੀ ਆਈ. ਜੀ. ਐੱਲ. ਵਿਚ 22.5 ਫ਼ੀਸਦੀ ਹਿੱਸੇਦਾਰੀ ਹੈ। ਬੀ. ਪੀ. ਸੀ. ਐੱਲ. ਦੋਵੇਂ ਸੂਚੀਬੱਧ ਕੰਪਨੀਆਂ ਵਿਚ ਪ੍ਰਮੋਟਰ ਹੈ ਅਤੇ ਉਨ੍ਹਾਂ ਦੇ ਨਿਰਦੇਸ਼ਕ ਮੰਡਲ ਵਿਚ ਜਗ੍ਹਾ ਰੱਖਦੀ ਹੈ।

ਨਿਵੇਸ਼ ਅਤੇ ਜਨਤਕ ਜਾਇਦਾਦ ਪ੍ਰਬੰਧਨ ਵਿਭਾਗ (ਦੀਪਮ) ਵੱਲੋਂ ਮੁਲਾਂਕਣ ਕੀਤੀ ਗਈ ਕਾਨੂੰਨੀ ਸਥਿਤੀ ਅਨੁਸਾਰ, ਬੀ. ਪੀ. ਸੀ. ਐੱਲ. ਦੇ ਖ਼ਰੀਦਦਾਰ ਨੂੰ ਪੈਟਰੋਨੇਟ ਤੇ ਆਈ. ਜੀ. ਐੱਲ. ਦੇ 26 ਫ਼ੀਸਦੀ ਸ਼ੇਅਰਾਂ ਦੀ ਖ਼ਰੀਦ ਲਈ ਬੋਲੀ ਪੇਸ਼ ਕਰਨੀ ਹੋਵੇਗੀ। ਦੀਪਮ ਬੀ. ਪੀ. ਸੀ. ਐੱਲ. ਵਿਚ ਸਰਕਾਰ ਦੀ ਪੂਰੀ 52.98 ਫ਼ੀਸਦੀ ਹਿੱਸੇਦਾਰੀ ਵੇਚਣ ਦੀ ਪ੍ਰਕਿਰਿਆ ਨੂੰ ਸੰਚਾਲਤ ਕਰ ਰਿਹਾ ਹੈ। ਬੀ. ਪੀ. ਸੀ. ਐੱਲ. ਦੇ ਵਿੱਤ ਵਿਭਾਗ ਦੇ ਨਿਰਦੇਸ਼ਕ ਐੱਨ. ਵਿਜੈ ਗੋਪਾਲ ਨੇ ਨਿਵੇਸ਼ਕਾਂ ਨਾਲ ਗੱਲਬਾਤ ਵਿਚ ਕਿਹਾ ਕਿ ਪੈਟਰੋਨੇਟ ਤੇ ਆਈ. ਜੀ. ਐੱਲ. ਵਿਚ ਆਪਣੀ ਹਿੱਸੇਦਾਰੀ ਵੇਚਣ ਦਾ ਕੋਈ ਇਰਾਦਾ ਨਹੀਂ ਹੈ। ਇਸ ਨਾਲ ਕੰਪਨੀ ਦੇ ਮੁੱਲ ਵਿਚ ਕਮੀ ਆਵੇਗੀ। ਉਨ੍ਹਾਂ ਕਿਹਾ ਕਿ ਸੇਬੀ ਦੇ ਨਿਯਮਾਂ ਮੁਤਾਬਕ, ਬੀ. ਪੀ. ਸੀ. ਐੱਲ. ਦੇ ਨਵੇਂ ਪ੍ਰਮੋਟਰ ਨੂੰ ਆਈ. ਜੀ. ਐੱਲ. ਤੇ ਪੈਟਰੋਨੇਟ ਲਈ ਖੁੱਲ੍ਹਾ ਪ੍ਰਸਤਾਵ ਦੇਣ ਦੀ ਜ਼ਰੂਰਤ ਹੋਵੇਗੀ। ਖੁੱਲ੍ਹੀ ਪੇਸ਼ਕਸ਼ ਨੂੰ ਕਿਵੇਂ ਬਚਾਇਆ ਜਾਵੇ ਇਸ ਨੂੰ ਲੈ ਕੇ ਬੀ. ਪੀ. ਸੀ. ਐੱਲ. ਅਤੇ ਸਰਕਾਰ ਆਪਸ ਵਿਚ ਮਿਲ ਕੇ ਸੇਬੀ ਨਾਲ ਕੰਮ ਕਰ ਰਹੇ ਹਨ।
 


author

Sanjeev

Content Editor

Related News