ਆਰਥਿਕ ਮੰਦੀ ਨਹੀਂ, ਮਹਿੰਗੀਆਂ ਹੋਣ ਕਾਰਣ ਡਿੱਗੀ ਕਾਰਾਂ ਦੀ ਵਿਕਰੀ : ਆਰ. ਸੀ. ਭਾਰਗਵ

09/16/2019 11:56:19 AM

ਨਵੀਂ ਦਿੱਲੀ — ਆਟੋ ਸੈਕਟਰ ’ਚ ਦੋਪਹੀਆ, ਚਾਰ ਪਹੀਆ ਤੋਂ ਲੈ ਕੇ ਸਵਾਰੀ ਵਾਹਨਾਂ ਤੱਕ ਦੀ ਵਿਕਰੀ ’ਚ ਲਗਾਤਾਰ ਹੋ ਰਹੀ ਗਿਰਾਵਟ ਨੂੰ ਜਿੱਥੇ ਆਰਥਿਕ ਮੰਦੀ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਉਥੇ ਹੀ ਮਾਰੂਤੀ ਸੁਜ਼ੂਕੀ ਦੇ ਚੇਅਰਮੈਨ ਆਰ. ਸੀ. ਭਾਰਗਵ ਦਾ ਮੰਨਣਾ ਹੈ ਕਿ ਕਾਰਾਂ ਦੀ ਵਿਕਰੀ ’ਚ ਆਈ ਕਮੀ ਦਾ ਕਾਰਣ ਆਰਥਿਕ ਮੰਦੀ ਨਹੀਂ ਸਗੋਂ ਕਾਰਾਂ ਦਾ ਮਹਿੰਗਾ ਹੋਣਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਲਈ ਐਂਟਰੀ ਲੈਵਲ ਕਾਰਾਂ ਖਰੀਦਣਾ ਮਹਿੰਗਾ ਹੋ ਗਿਆ ਹੈ। ਅਜਿਹੇ ਸਮੇਂ ’ਚ ਜਦੋਂ ਦੇਸ਼ ’ਚ ਵਾਹਨਾਂ ਦੀ ਵਿਕਰੀ ਇਤਿਹਾਸਕ ਹੇਠਲੇ ਪੱਧਰ ’ਤੇ ਪਹੁੰਚ ਗਈ ਹੈ, ਭਾਰਗਵ ਨੇ ਪੈਟਰੋਲ ਅਤੇ ਡੀਜ਼ਲ ’ਤੇ ਉੱਚੀ ਟੈਕਸ ਦਰ ਅਤੇ ਸੂਬਾ ਸਰਕਾਰਾਂ ਨੂੰ ਵੀ ਇਸ ਲਈ ਜ਼ਿੰਮੇਵਾਰ ਠਹਿਰਾਇਆ ਹੈ।

ਭਾਰਗਵ ਦਾ ਕਹਿਣਾ ਹੈ ਕਿ ਸੂਬਾ ਸਰਕਾਰਾਂ ਵੱਲੋਂ ਰੋਡ ਐਂਡ ਰਜਿਸਟਰੇਸ਼ਨ ਚਾਰਜਿਸ ਵਧਾਏ ਜਾਣ ਦੀ ਵਜ੍ਹਾ ਨਾਲ ਵੀ ਕਾਰ ਖਰੀਦਦਾਰ ਖਰੀਦਦਾਰੀ ਤੋਂ ਪਿੱਛੇ ਹੱਟ ਰਹੇ ਹਨ। ਉਨ੍ਹਾਂ ਕਿਹਾ ਕਿ ਜੀ. ਐੱਸ. ਟੀ. ’ਚ ਕਟੌਤੀ ਨਾਲ ਵੀ ਕੋਈ ਫਰਕ ਨਹੀਂ ਪੈਣ ਵਾਲਾ, ਜੋ ਅਸਥਾਈ ਹੋਵੇਗਾ। ਜੀ. ਐੱਸ. ਟੀ. ’ਚ ਕਟੌਤੀ ਨੂੰ ਟਾਲਿਆ ਵੀ ਜਾ ਸਕਦਾ ਹੈ। ਜੀ. ਐੱਸ. ਟੀ. ਕਟੌਤੀ ਨੂੰ ਲੈ ਕੇ ਭਾਗਰਵ ਦੇ ਵਿਚਾਰ ਆਟੋ ਇੰਡਸਟਰੀ ਬਾਡੀ ਸਿਆਮ (ਐੱਸ. ਆਈ. ਏ. ਐੱਮ.) ਅਤੇ ਹੋਰ ਕੰਪਨੀਆਂ ਦੇ ਸੀ. ਈ. ਓ. ਨਾਲ ਮੇਲ ਨਹੀਂ ਖਾਂਦੇ ਹਨ। ਇੰਡਸਟਰੀ ਲਗਾਤਾਰ ਸੁਸਤੀ ਨਾਲ ਨਿੱਬੜਨ ਨੂੰ ਜੀ. ਐੱਸ. ਟੀ. ਕੱਟ ਦੀ ਮੰਗ ਕਰ ਰਹੀ ਹੈ ਪਰ ਭਾਗਰਵ ਦਾ ਕਹਿਣਾ ਹੈ ਕਿ ਇਸ ਨਾਲ ਕੋਈ ਖਾਸ ਫਰਕ ਨਹੀਂ ਪੈਣ ਵਾਲਾ।

ਦੱਸ ਦੇਈਏ ਕਿ ਇੰਡੀਅਨ ਆਟੋਮੋਬਾਇਲ ਮਾਰਕੀਟ ’ਚ ਦਬਦਬਾ ਰੱਖਣ ਵਾਲੀਆਂ ਐਂਟਰੀ ਲੈਵਲ ਕਾਰਾਂ ਦੀ ਵਿਕਰੀ ਇਸ ਵਿੱਤੀ ਸਾਲ ਦੇ ਸ਼ੁਰੂਆਤੀ 5 ਮਹੀਨਿਆਂ ’ਚ 28 ਫੀਸਦੀ ਘਟੀ ਹੈ। ਇਸ ਸੈਗਮੈਂਟ ’ਚ ਆਈ ਗਿਰਾਵਟ ਓਵਰਆਲ ਮਾਰਕੀਟ ’ਚ ਕੁਲ ਗਿਰਾਵਟ ਤੋਂ ਜ਼ਿਆਦਾ ਹੈ। ਕਾਰਾਂ ਦੀ ਕੀਮਤ ਡਬਲ ਡਿਜੀਟਸ ’ਚ ਵਧਣ, ਪੇਂਡੂ ਬਾਜ਼ਾਰ ਦਾ ਸੈਂਟੀਮੈਂਟ ਵਿਗੜਨ ਅਤੇ ਆਰਥਿਕ ਸੁਸਤੀ ਦੇ ਕਾਰਣ ਐਂਟਰੀ ਕਾਰਾਂ ਦੇ ਸੰਭਾਵਿਕ ਖਰੀਦਦਾਰ ਨਵੀਂ ਕਾਰ ਖਰੀਦਣ ਤੋਂ ਬਚ ਰਹੇ ਹਨ।

ਬੈਂਕ ਵੀ ਨਹੀਂ ਲੈਣਾ ਚਾਹੁੰਦੇ ਰਿਸਕ

ਭਾਰਗਵ ਨੇ ਆਟੋ ਸੈਕਟਰ ਦੀ ਮੌਜੂਦਾ ਸੁਸਤੀ ਦੇ ਪਿੱਛੇ ਇਸ ਦਲੀਲ ਨੂੰ ਮੰਨਣ ਤੋਂ ਮਨ੍ਹਾ ਕਰ ਦਿੱਤਾ ਹੈ ਕਿ ਇਸ ਦਾ ਸਟਰੱਕਚਰਲ ਸ਼ਿਫਟ ਨਾਲ ਕੋਈ ਲੈਣਾ-ਦੇਣਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਓਲਾ-ਉੱਬਰ ਵਰਗੀ ਐਪ ਬੇਸਡ ਸਹੂਲਤਾਂ ਦੀ ਵਧਦੀ ਵਰਤੋਂ, ਇਸ ਦੇ ਪਿੱਛੇ ਵਜ੍ਹਾ ਨਹੀਂ ਸਗੋਂ ਹੋਰ ਫੈਕਟਰ ਸਲੋਡਾਊਨ ਦਾ ਕਾਰਣ ਹਨ। ਉਨ੍ਹਾਂ ਕਿਹਾ-ਸਖਤ ਸੇਫਟੀ ਅਤੇ ਏਮਿਸ਼ਨ ਦੇ ਨਿਯਮ, ਬੀਮਾ ਦੀ ਜ਼ਿਆਦਾ ਲਾਗਤ ਅਤੇ ਕਰੀਬ 9 ਸੂਬਿਆਂ ’ਚ ਵਾਧੂ ਰੋਡ ਟੈਕਸ ਵਰਗੀਆਂ ਵਜ੍ਹਾ ਨਾਲ ਆਟੋ ਸੈਕਟਰ ’ਚ ਕੰਜ਼ਿਊਮਰ ਸੈਂਟੀਮੈਂਟਸ ਵਿਗੜਿਆ ਹੈ। ਇਸ ਸਾਰੇ ਫੈਕਟਰਸ ਦੀ ਵਜ੍ਹਾ ਨਾਲ ਐਂਟਰੀ ਲੈਵਲ ਕਾਰਾਂ ਦੀ ਕੀਮਤ ਕਰੀਬ 55,000 ਰੁਪਏ ਤੱਕ ਵੱਧ ਗਈ ਹੈ। ਇਸ ਵਧੀ ਕੀਮਤ ’ਚ 20,000 ਰੁਪਏ ਦਾ ਵਾਧਾ ਸਿਰਫ ਰੋਡ ਟੈਕਸ ਦੀ ਵਜ੍ਹਾ ਨਾਲ ਹੋਇਆ ਹੈ। ਬੈਂਕ ਵੀ ਕਾਰਾਂ ਫਾਇਨਾਂਸ ਕਰਨ ਨੂੰ ਲੈ ਕੇ ਡਰਦੇ ਹਨ ਅਤੇ ਰਿਸਕ ਨਹੀਂ ਲੈਣਾ ਚਾਹੁੁੰਦੇ, ਜੋ ਇਕ ਵੱਡਾ ਮੁੱਦਾ ਹੈ।

ਮਾਰੂਤੀ ਸੁਜ਼ੂਕੀ ਇੰਡੀਆ ਨੇ 33.99 ਫੀਸਦੀ ਘਟਾਇਆ ਉਤਪਾਦਨ

ਮਾਰੂਤੀ ਸੁਜ਼ੂਕੀ ਇੰਡੀਆ ਨੇ ਅਗਸਤ ’ਚ ਆਪਣੇ ਉਤਪਾਦਨ ’ਚ 33.99 ਫੀਸਦੀ ਦੀ ਕਟੌਤੀ ਕੀਤੀ ਹੈ। ਇਸ ਤਰ੍ਹਾਂ ਇਹ ਲਗਾਤਾਰ 7ਵਾਂ ਮਹੀਨਾ ਹੈ ਜਦੋਂ ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਨੇ ਆਪਣਾ ਉਤਪਾਦਨ ਘਟਾਇਆ ਹੈ। ਕੰਪਨੀ ਨੇ ਅਗਸਤ ਮਹੀਨੇ ’ਚ 1,11,370 ਵਾਹਨ ਉਤਪਾਦਿਤ ਕੀਤੇ, ਜਦੋਂ ਕਿ ਪਿਛਲੇ ਸਾਲ ਦੀ ਇਸੇ ਮਿਆਦ ’ਚ ਕੰਪਨੀ ਦਾ ਉਤਪਾਦਨ 1,68,725 ਵਾਹਨ ਸੀ। ਅਗਸਤ 2019 ’ਚ ਯਾਤਰੀ ਵਾਹਨਾਂ ਦਾ ਉਤਪਾਦਨ 1,10,214 ਵਾਹਨ ਰਿਹਾ, ਜੋ ਅਗਸਤ 2018 ’ਚ 1,66,161 ਵਾਹਨ ਸੀ। ਇਸ ਤਰ੍ਹਾਂ ਇਸ ’ਚ 33.67 ਫੀਸਦੀ ਦੀ ਗਿਰਾਵਟ ਆਈ ਹੈ। ਆਲਟੋ, ਨਿਊ ਵੈਗਨਆਰ, ਸੇਲੇਰੀਓ, ਇਗਨਿਸ, ਸਵਿਫਟ, ਬਲੈਨੋ ਅਤੇ ਡਿਜ਼ਾਇਰ ਸਮੇਤ ਮਿੰਨੀ ਅਤੇ ਕੰਪੈਕਟ ਸੈਗਮੈਂਟ ਦੀਆਂ ਕਾਰਾਂ ਦਾ ਉਤਪਾਦਨ ਪਿਛਲੇ ਸਾਲ ਅਗਸਤ ’ਚ 1,22,824 ਵਾਹਨ ਸੀ, ਜਿਸ ਦੇ ਮੁਕਾਬਲੇ ਇਨ੍ਹਾਂ ਦਾ ਉਤਪਾਦਨ ਇਸ ਸਾਲ ਅਗਸਤ ’ਚ 80,909 ਵਾਹਨ ਰਿਹਾ। ਇਹ 34.1 ਫੀਸਦੀ ਦੀ ਗਿਰਾਵਟ ਨੂੰ ਦਰਸਾਉਂਦਾ ਹੈ।

ਯੂਟੀਲਿਟੀ ਵਾਹਨ ਜਿਵੇਂ ਵਿਟਾਰਾ ਬਰੇਜ਼ਾ, ਅਰਟਿਗਾ ਅਤੇ ਐੱਸ-ਕਰਾਸ ਦਾ ਉਤਪਾਦਨ ਇਕ ਸਾਲ ਪਹਿਲਾਂ ਦੇ 23,176 ਵਾਹਨਾਂ ਦੇ ਮੁਕਾਬਲੇ ਇਸ ਵਾਰ ਅਗਸਤ ’ਚ 34.85 ਫੀਸਦੀ ਘੱਟ ਕੇ 15,099 ਵਾਹਨ ਰਹਿ ਗਿਆ। ਮੱਧ ਸਰੂਪ ਦੀ ਸੇਡਾਨ ਸਿਆਜ਼ ਦਾ ਉਤਪਾਦਨ ਪਿਛਲੇ ਸਾਲ ਅਗਸਤ ’ਚ 6149 ਵਾਹਨ ਸੀ, ਜੋ ਪਿਛਲੇ ਮਹੀਨੇ ਘੱਟ ਕੇ 2285 ਵਾਹਨ ਰਹਿ ਗਿਆ।

ਸਭ ਕਹਿੰਦੇ ਹਨ ਨਿਯਮ ਚੰਗੇ ਹੋਣੇ ਚਾਹੀਦੇ ਨੇ. . .

ਭਾਰਗਵ ਨੇ ਕਿਹਾ ਕਿ ਵਾਧੂ ਸੁਰੱਖਿਆ ਮਾਪਦੰਡ ਵਿਕਸਿਤ ਦੇਸ਼ਾਂ ਲਈ ਹਨ, ਭਾਰਤ ਵਰਗੇ ਦੇਸ਼ ਲਈ ਇਨ੍ਹਾਂ ਦਾ ਕੋਈ ਪ੍ਰੈਕਟੀਕਲ ਲੌਜਿਕ ਨਹੀਂ ਹੈ। ਉਨ੍ਹਾਂ ਕਿਹਾ,‘‘ਭਾਰਤ ’ਚ ਕਾਰ ਖਰੀਦਣ ਵਾਲੇ ਯੂਰਪ ਜਾਂ ਜਾਪਾਨ ਤੋਂ ਨਹੀਂ ਹਨ। ਇੱਥੇ ਪ੍ਰਤੀ ਵਿਅਕਤੀ ਕਮਾਈ 2200 ਡਾਲਰ ਦੇ ਆਸ-ਪਾਸ ਹੈ, ਚੀਨ ’ਚ 10,000 ਡਾਲਰ ਦੇ ਆਸ-ਪਾਸ ਅਤੇ ਯੂਰਪ ’ਚ ਕਰੀਬ 40,000 ਡਾਲਰ। ਅਜਿਹੇ ’ਚ ਯੂਰਪ ਦੀ ਆਮ ਜਨਤਾ ਨਾਲ ਇੱਥੇ ਦੇ ਲੋਕਾਂ ਦੀ ਕਿਵੇਂ ਦੀ ਤੁਲਨਾ?’’ ਉਨ੍ਹਾਂ ਅੱਗੇ ਕਿਹਾ,‘‘ਜਦੋਂ ਨਿਯਮਾਂ ਦੀ ਗੱਲ ਆਉਂਦੀ ਹੈ ਤਾਂ ਸਭ ਕਹਿੰਦੇ ਹਨ ਕਿ ਸਾਡੇ ਨਿਯਮ ਸਭ ਤੋਂ ਚੰਗੇ ਹੋਣੇ ਚਾਹੀਦੇ ਹਨ ਪਰ ਤੁਹਾਨੂੰ ਇੱਥੇ ਦੇ ਲੋਕਾਂ ਦੀ ਕਮਾਈ ਨੂੰ ਵੇਖਦੇ ਹੋਏ ਕਿਸੇ ਪ੍ਰਾਡਕਟ ਦੀ ਅਫੋਰਡੇਬਿਲਿਟੀ ਵੀ ਵੇਖਣੀ ਚਾਹੀਦੀ ਹੈ।’’


Related News