ਕੌਮਾਂਤਰੀ ਉਡਾਣਾਂ ਨੂੰ ਬਹਾਲ ਕਰਨ ਬਾਰੇ ਨਹੀਂ ਹੋ ਸਕਿਆ ਕੋਈ ਫ਼ੈਸਲਾ
Tuesday, Dec 15, 2020 - 09:52 PM (IST)
ਨਵੀਂ ਦਿੱਲੀ— ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ ਕੌਮਾਂਤਰੀ ਉਡਾਣਾਂ ਨੂੰ ਦੁਬਾਰਾ ਸ਼ੁਰੂ ਕਰਨ ਦੀ ਸੰਭਾਵਨਾ ਦੇਖਣ ਲਈ ਮੰਗਲਵਾਰ ਨੂੰ ਏਅਰਲਾਈਨਾਂ ਨਾਲ ਬੈਠਕ ਕੀਤੀ ਪਰ ਨਿਯਮਤ ਉਡਾਣਾਂ ਨੂੰ ਮੁੜ ਸ਼ੁਰੂ ਕਰਨ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਗਿਆ।
ਸੂਤਰ ਨੇ ਕਿਹਾ, ''ਏਅਰ ਬੱਬਲ ਉਡਾਣਾਂ ਦੇ ਵਿਸਥਾਰ ਅਤੇ ਨਿਯਮਤ ਉਡਾਣਾਂ ਦੁਬਾਰਾ ਸ਼ੁਰੂ ਕਰਨ ਬਾਰੇ ਵਿਚਾਰ ਵਟਾਂਦਰੇ ਹੋਏ ਪਰ ਕੋਈ ਫ਼ੈਸਲਾ ਨਹੀਂ ਲਿਆ ਗਿਆ।''
ਮਹਾਮਾਰੀ ਵਿਚਕਾਰ ਮਈ 'ਚ ਘਰੇਲੂ ਉਡਾਣਾਂ ਨੂੰ ਇਜਾਜ਼ਤ ਦੇਣ ਦੇ ਛੇ ਮਹੀਨਿਆਂ ਤੋਂ ਵੱਧ ਸਮੇਂ ਪਿੱਛੋਂ ਇਹ ਪਹਿਲੀ ਵਾਰ ਸੀ ਜਦੋਂ ਹਵਾਬਾਜ਼ੀ ਮੰਤਰਾਲਾ ਨੇ ਕੌਮਾਂਤਰੀ ਉਡਾਣਾਂ ਨੂੰ ਫਿਰ ਤੋਂ ਸ਼ੁਰੂ ਕਰਨ 'ਤੇ ਚਰਚਾ ਕੀਤੀ ਗਈ। ਘਰੇਲੂ ਉਡਾਣਾਂ ਨੂੰ ਸ਼ੁਰੂ 'ਚ ਕੋਵਿਡ-19 ਦੇ ਪਹਿਲੇ ਪੱਧਰ ਦੇ ਮੁਕਾਬਲੇ 33 ਫ਼ੀਸਦੀ ਉਡਾਣਾਂ ਚਲਾਉਣ ਦੀ ਮਨਜ਼ੂਰੀ ਦਿੱਤੀ ਗਈ ਸੀ, ਇਸ ਮਗਰੋਂ ਪੜਾਅਵਾਰ ਤਰੀਕੇ ਨਾਲ ਇਸ ਨੂੰ ਵਧਾਇਆ ਗਿਆ ਅਤੇ ਮੌਜੂਦਾ ਸਮੇਂ ਇਹ 80 ਫ਼ੀਸਦੀ ਹੈ। ਗੌਰਤਲਬ ਹੈ ਕਿ ਭਾਰਤ 'ਚ ਨਿਯਮਤ ਕੌਮਾਂਤਰੀ ਉਡਾਣਾਂ ਮਾਰਚ ਤੋਂ ਬੰਦ ਹਨ ਅਤੇ ਮੌਜੂਦਾ ਸਮੇਂ ਇਹ ਪਾਬੰਦੀ 31 ਦਸੰਬਰ ਤੱਕ ਹੈ। ਹਾਲਾਂਕਿ, ਵੰਦੇ ਭਾਰਤ ਮਿਸ਼ਨ ਅਤੇ ਦੋ-ਪੱਖੀ ਏਅਰ ਬੱਬਲ ਸਮਝੌਤੇ ਤਹਿਤ ਸੀਮਤ ਉਡਾਣਾਂ ਚੱਲ ਰਹੀਆਂ ਹਨ। ਹੁਣ ਤੱਕ 23 ਮੁਲਕਾਂ ਨਾਲ ਦੋ-ਪੱਖੀ ਏਅਰ ਬੱਬਲ ਕਰਾਰ ਹੋ ਚੁੱਕਾ ਹੈ।