ਰੂਸ ਤੋਂ ਤੇਲ ਖਰੀਦਣ ’ਤੇ ਕੋਈ ਰੋਕ ਨਹੀਂ : ਹਰਦੀਪ ਪੁਰੀ
Saturday, Sep 27, 2025 - 03:48 AM (IST)

ਮੁੰਬਈ (ਭਾਸ਼ਾ) - ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਰੂਸ ਤੋਂ ਕੱਚੇ ਤੇਲ ਦੀ ਖਰੀਦ ’ਤੇ ਕੋਈ ਰੋਕ ਨਹੀਂ ਹੈ ਅਤੇ ਸਪਲਾਈ ਪ੍ਰਭਾਵਿਤ ਹੋਣ ਨਾਲ ਦੁਨੀਆ ਨੂੰ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ।
ਈਰਾਨ ਅਤੇ ਵੇਨੇਜ਼ੁਏਲਾ ਦੀ ਉਦਾਹਰਣ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਭਾਰਤ ਨੇ ਅੰਤਰਰਾਸ਼ਟਰੀ ਭਾਈਚਾਰੇ ਦੇ ਇਕ ਜ਼ਿੰਮੇਵਾਰ ਮੈਂਬਰ ਵਜੋਂ ਹਮੇਸ਼ਾ ਪਾਬੰਦੀਆਂ ਦੀ ਪਾਲਣਾ ਕੀਤੀ ਹੈ। ਅਮਰੀਕਾ ਦੇ ਭਾਰਤ ’ਤੇ 25 ਫ਼ੀਸਦੀ ਟੈਰਿਫ ਤੋਂ ਇਲਾਵਾ ਰੂਸ ਤੋਂ ਕੱਚਾ ਤੇਲ ਅਤੇ ਹਥਿਆਰ ਖਰੀਦਣ ’ਤੇ 25 ਫ਼ੀਸਦੀ ਦਾ ਵਾਧੂ ਟੈਰਿਫ ਲਾਉਣ ਦੇ ਸੰਦਰਭ ’ਚ ਮੰਤਰੀ ਨੇ ਇਹ ਗੱਲ ਕਹੀ।
ਅਮਰੀਕਾ ਅਤੇ ਭਾਰਤ ਵਿਚਾਲੇ ਵਪਾਰ ਨੀਤੀਆਂ ’ਤੇ ਜਾਰੀ ਮਹੱਤਵਪੂਰਨ ਗੱਲਬਾਤ ਦਰਮਿਆਨ ਪੱਤਰਕਾਰਾਂ ਨਾਲ ਗੱਲਬਾਤ ’ਚ ਪੁਰੀ ਨੇ ਕਿਹਾ ਕਿ ਰੂਸ ਹਰ ਦਿਨ ਲੱਗਭਗ ਇਕ ਕਰੋੜ ਬੈਰਲ ਨਾਲ ਵਿਸ਼ਵ ਪੱਧਰ ’ਤੇ ਕੱਚੇ ਤੇਲ ਦਾ ਦੂਜਾ ਸਭ ਤੋਂ ਵੱਡਾ ਸਪਲਾਇਰ ਬਣਿਆ ਹੋਇਆ ਹੈ। ਉਨ੍ਹਾਂ ਸੁਚੇਤ ਕੀਤਾ ਕਿ ਜੇ ਸਪਲਾਈ ਪ੍ਰਭਾਵਿਤ ਹੁੰਦੀ ਹੈ ਤਾਂ ਪੂਰੀ ਦੁਨੀਆ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ।