ESIC 'ਚ ਬੇਰੋਜ਼ਗਾਰੀ ਲਾਭ ਦਾ ਦਾਅਵਾ ਕਰਨ ਲਈ ਹੁਣ ਇਸ ਦੀ ਜ਼ਰੂਰਤ ਨਹੀਂ

Monday, Nov 09, 2020 - 06:51 PM (IST)

ESIC 'ਚ ਬੇਰੋਜ਼ਗਾਰੀ ਲਾਭ ਦਾ ਦਾਅਵਾ ਕਰਨ ਲਈ ਹੁਣ ਇਸ ਦੀ ਜ਼ਰੂਰਤ ਨਹੀਂ

ਨਵੀਂ ਦਿੱਲੀ– ਕਰਮਚਾਰੀ ਰਾਜ ਬੀਮਾ ਨਿਗਮ (ਈ. ਐੱਸ. ਆਈ. ਸੀ.) ਨੇ ਬੇਰੋਜ਼ਗਾਰੀ ਲਾਭ ਦਾ ਦਾਅਵਾ ਕਰਨ ਲਈ ਸ਼ਰਤਾਂ 'ਚ ਛੋਟ ਦਿੱਤੀ ਹੈ ਅਤੇ ਦਾਅਵਾਕਰਤਾਵਾਂ ਨੂੰ ਹੁਣ ਇਸ ਲਈ ਹਲਫ਼ਨਾਮਾ ਦਾਖਲ ਕਰਨ ਦੀ ਲੋੜ ਨਹੀਂ। ਇਸ ਨਾਲ ਉਨ੍ਹਾਂ ਲੋਕਾਂ ਨੂੰ ਰਾਹਤ ਮਿਲੇਗੀ ਜਿਨ੍ਹਾਂ ਦੀ ਮਹਾਮਾਰੀ ਦੌਰਾਨ ਨੌਕਰੀ ਚਲੀ ਗਈ ਹੈ।

ਕਿਰਤ ਮੰਤਰਾਲਾ ਨੇ ਇਕ ਬਿਆਨ 'ਚ ਕਿਹਾ ਕਿ ਹੁਣ ਈ. ਐੱਸ. ਆਈ. ਸੀ. ਦੀ ਅਟਲ ਬੀਮਾ ਵਿਅਕਤੀ ਕਲਿਆਣ ਯੋਜਨਾ (ਏ. ਬੀ. ਵੀ. ਕੇ. ਵਾਈ.) ਤਹਿਤ ਹਲਫ਼ਨਾਮੇ ਦੇ ਰਾਹੀਂ ਦਾਅਵਾ ਕਰਨ ਦੀ ਲੋੜ ਨਹੀਂ ਹੋਵੇਗੀ।

ਇਨ੍ਹਾਂ ਦਾਅਵਿਆਂ ਨੂੰ ਜ਼ਰੂਰੀ ਦਸਤਾਵੇਜ਼ਾਂ ਦੀ ਸਕੈਨ ਕਾਪੀਆਂ ਦੇ ਨਾਲ ਆਨਲਾਈਨ ਦਾਖ਼ਲ ਕੀਤਾ ਜਾ ਸਕੇਗਾ। ਈ. ਐੱਸ. ਆਈ. ਸੀ. ਨੇ 20 ਅਗਸਤ 2020 ਨੂੰ ਹੋਈ ਆਪਣੀ ਬੈਠਕ 'ਚ ਅਟਲ ਬੀਮਾ ਵਿਅਕਤੀ ਕਲਿਆਣ ਯੋਜਨਾ ਨੂੰ ਇਕ ਜੁਲਾਈ 2020 ਤੋਂ ਵਧਾ ਕੇ 30 ਜੂਨ 2021 ਤੱਕ ਕਰ ਦਿੱਤਾ ਸੀ। ਇਸ ਯੋਜਨਾ ਤਹਿਤ ਦਿੱਤੀ ਜਾਣ ਵਾਲੀ ਰਾਹਤ ਦਰ ਨੂੰ ਔਸਤ ਰੋਜ਼ਾਨਾ ਆਮਦਨ ਦੇ 25 ਫੀਸਦੀ ਤੋਂ ਵਧਾ ਕੇ 50 ਫੀਸਦੀ ਕਰਨ ਦਾ ਫੈਸਲਾ ਵੀ ਲਿਆ ਗਿਆ ਅਤੇ ਨਾਲ ਹੀ 24 ਮਾਰਚ 2020 ਤੋਂ 31 ਦਸੰਬਰ 2020 ਦੀ ਮਿਆਦ ਲਈ ਯੋਗਤਾ ਸ਼ਰਤਾਂ ’ਚ ਵੀ ਛੋਟ ਦਿੱਤੀ ਗਈ। ਸਰਕਾਰ ਨੇ ਕੋਵਿਡ-19 ਮਹਾਮਾਰੀ ਦੌਰਾਨ ਬੇਰੋਜ਼ਗਾਰ ਹੋਏ ਮਜ਼ਦੂਰਾਂ ਨੂੰ ਰਾਹਤ ਪਹੁੰਚਾਉਣ ਲਈ ਇਹ ਫੈਸਲਾ ਕੀਤਾ।


author

Sanjeev

Content Editor

Related News