NMDC ਦਾ ਚਾਲੂ ਵਿੱਤੀ ਸਾਲ ’ਚ 4.6 ਕਰੋੜ ਟਨ ਕੱਚੇ ਲੋਹੇ ਦੇ ਉਤਪਾਦਨ ਦਾ ਟੀਚਾ
Sunday, Aug 14, 2022 - 10:34 AM (IST)
ਹੈਦਰਾਬਾਦ (ਭਾਸ਼ਾ) – ਜਨਤਕ ਖੇਤਰ ਦੀ ਮਾਈਨਿੰਗ ਕੰਪਨੀ ਐੱਨ. ਐੱਮ. ਡੀ. ਸੀ. ਲਿਮਟਿਡ ਨੇ ਚਾਲੂ ਵਿੱਤੀ ਸਾਲ ’ਚ 4.6 ਕਰੋੜ ਟਨ ਕੱਚੇ ਲੋਹੇ ਦੇ ਉਤਪਾਦਨ ਦਾ ਟੀਚਾ ਰੱਖਿਆ ਹੈ ਜੋ ਪਿਛਲੇ ਵਿੱਤੀ ਸਾਲ ਦੀ ਤੁਲਨਾ ’ਚ 10 ਫੀਸਦੀ ਵੱਧ ਹੈ। ਕੰਪਨੀ ਨੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸੁਮਿਤ ਦੇਬ ਨੇ ਇਹ ਜਾਣਕਾਰੀ ਦਿੱਤੀ। ਐੱਨ. ਐੱਮ. ਡੀ. ਸੀ. ਨੇ ਵਿੱਤੀ ਸਾਲ 2021-22 ’ਚ 4.219 ਕਰੋੜ ਟਨ ਕੱਚੇ ਲੋਹੇ ਦਾ ਉਤਪਾਦਨ ਅਤੇ 4.056 ਕਰੋੜ ਟਨ ਦੀ ਵਿਕਰੀ ਕੀਤੀ ਸੀ। ਕੰਪਨੀ ਦਾ ਕੁੱਲ ਕਾਰੋਬਾਰ 25,882 ਕਰੋਡ ਰੁਪਏ ਰਿਹਾ ਸੀ।
ਦੇਬ ਨੇ ਐੱਨ. ਐੱਮ. ਡੀ. ਸੀ. ਦੀ ਸਾਲਾਨਾ ਰਿਪੋਰਟ ’ਚ ਕਿਹਾ ਕਿ ਵਿੱਤੀ ਸਾਲ 2022-23 ’ਚ ਸਾਡਾ 4.6 ਕਰੋੜ ਟਨ ਕੱਚੇ ਲੋਹੇ ਦੇ ਉਤਪਾਦਨ ਦਾ ਟੀਚਾ ਹੈ। ਇਹ ਪਿਛਲੇ ਵਿੱਤੀ ਸਾਲ ਦੀ ਤੁਲਨਾ ’ਚ 10 ਫੀਸਦੀ ਵੱਧ ਹੈ, ਜਿਸ ਨੂੰ ਅਸੀਂ ਕੀਮਤਾਂ ਦੇ ਸੰਭਾਵਿਤ ਦਬਾਅ ਦੇ ਲਿਹਾਜ ਨਾਲ ਆਰਾਮਦਾਇਕ ਸਥਿਤੀ ਬਣਾਈ ਰੱਖਣ ਲਈ ਤੈਅ ਕੀਤਾ ਹੈ। ਉਨ੍ਹਾਂ ਨੇ ਉਮੀਦ ਪ੍ਰਗਟਾਈ ਹੈ ਕਿ ਛੱਤੀਸਗੜ੍ਹ ਵਿਚ ਕੰਪਨੀ ਦੇ 30 ਲੱਖ ਟਨ ਸਮਰੱਥਾ ਵਾਲੇ ਇਸਪਾਤ ਪਲਾਂਟ ਦਾ ਡੀਮਰਜ਼ਰ (ਵੱਡੀਆਂ ਕੰਪਨੀਆਂ ਨੂੰ ਛੋਟੀਆਂ ਕੰਪਨੀਆਂ ’ਚ ਵੰਡਣਾ) ਚਾਲੂ ਵਿੱਤੀ ਸਾਲ ’ਚ ਪੂਰਾ ਹੋ ਜਾਏਗਾ। ਇਸ ਬਾਰੇ ਦਾਖਲ ਅਰਜ਼ੀ ਨੂੰ ਕੰਪਨੀ ਮਾਮਲਿਆਂ ਦੇ ਮੰਤਰਾਲਾ ਨੇ ਸਵੀਕਾਰ ਕਰ ਲਿਆ ਹੈ। ਦੇਬ ਨੇ ਦੱਸਿਆ ਕਿ ਸ਼ੇਅਰ ਬਾਜ਼ਾਰ ਤੋਂ ਵੀ ਇਸ ਸਬੰਧ ਐੱਨ. ਓ. ਸੀ. ਮਿਲ ਚੁੱਕੀ ਹੈ, ਲਿਹਾਜਾ ਡੀਮਰਜ਼ਰ ਦੇ ਮੌਜੂਦਾ ਵਿੱਤੀ ਸਾਲ ’ਚ ਹੀ ਪੂਰਾ ਹੋ ਜਾਣ ਦੀ ਉਮੀਦ ਹੈ।